India

ਬੱਚਿਆਂ ਨੂੰ ਅੰਗਰੇਜ਼ੀ ਸਿਖਾਉਣ ਦਾ ਕੇਜਰੀਵਾਲ ਦਾ ਨਵਾਂ ਤਰੀਕਾ

ਦ ਖ਼ਾਲਸ ਬਿਊਰੋ : ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੂਬੇ ਦੇ ਸਰਕਾਰੀ ਸਕੂਲਾਂ ‘ਚ ਪੜ੍ਹ ਰਹੇ ਬੱਚਿਆਂ ਲਈ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਦਿੱਲੀ ਸਰਕਾਰ ਅੰਗਰੇਜ਼ੀ ਵਿੱਚ ਕਮਜ਼ੋਰ ਅਤੇ ਖਰਾਬ ਸੰਚਾਰ ਹੁਨਰ ਵਾਲੇ ਵਿਦਿਆਰਥੀਆਂ ਲਈ ਸਪੋਕਨ ਇੰਗਲਿਸ਼ ਕੋਰਸ ਸ਼ੁਰੂ ਕਰ ਰਹੀ ਹੈ।

ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਕਿ ਸਰਕਾਰੀ ਸਕੂਲਾਂ ਦੇ ਬੱਚੇ ਅੰਗਰੇਜ਼ੀ ਬੋਲਣ ਵਿੱਚ ਪਿੱਛੇ ਰਹਿਣ। ਉਨ੍ਹਾਂ ਨੇ ਕਿਹਾ ਕਿ ਅਗਲੇ ਇੱਕ ਸਾਲ ਵਿੱਚ ਪਹਿਲੇ ਪੜਾਅ ਵਿੱਚ ਅਸੀਂ 50 ਕੇਂਦਰਾਂ ਵਿੱਚ ਇੱਕ ਲੱਖ ਵਿਦਿਆਰਥੀਆਂ ਨੂੰ ਸਪੋਕਨ ਇੰਗਲਿਸ਼ ਵਿੱਚ ਸਿਖਲਾਈ ਦੇਵਾਂਗੇ, ਜਿਸ ਦਾ ਬਾਅਦ ਵਿੱਚ ਵਿਸਥਾਰ ਕੀਤਾ ਜਾਵੇਗਾ।

ਕੇਜਰੀਵਾਲ ਨੇ ਇਹ ਵੀ ਕਿਹਾ ਕਿ ਇਹ ਅੰਤਰਰਾਸ਼ਟਰੀ ਪੱਧਰ ਦਾ ਕੋਰਸ ਹੋਵੇਗਾ। “ਅਸੀਂ ਮੈਕਮਿਲਨ ਅਤੇ ਵਰਡਜ਼ਵਰਥ ਨਾਲ ਸਮਝੌਤਾ ਕੀਤਾ ਹੈ ਅਤੇ ਕੈਮਬ੍ਰਿਜ ਯੂਨੀਵਰਸਿਟੀ ਮੁਲਾਂਕਣ ਲਈ ਇੰਚਾਰਜ ਹੋਵੇਗੀ।” ਉਨ੍ਹਾਂ ਨੇ ਦੱਸਿਆ ਕਿ ਅੰਗਰੇਜ਼ੀ ਬੋਲਣ ਦਾ ਇਹ ਕੋਰਸ 3-4 ਮਹੀਨੇ ਦਾ ਹੋਵੇਗਾ, ਜਿਸ ਵਿੱਚ 18-35 ਸਾਲ ਦੇ ਨੌਜਵਾਨ ਦਾਖਲੇ ਲਈ ਯੋਗ ਹੋਣਗੇ।

ਜੇਕਰ ਅਜਿਹਾ ਬੱਚਾ ਨੌਕਰੀ ਜਾਂ ਪਾਰਟ ਟਾਈਮ ਕੰਮ ਕਰ ਰਿਹਾ ਹੈ ਤਾਂ ਉਨ੍ਹਾਂ ਲਈ ਵੀਕੈਂਡ ਅਤੇ ਸ਼ਾਮ ਦੇ ਕੋਰਸ ਦਾ ਪ੍ਰਬੰਧ ਕੀਤਾ ਜਾਵੇਗਾ।

ਕੇਜਰੀਵਾਲ ਨੇ ਇਹ ਵੀ ਕਿਹਾ ਕਿ, ‘ਅੰਗਰੇਜ਼ੀ ਸਿੱਖਣ ਲਈ ਬੱਚਿਆਂ ਤੋਂ ਕੋਈ ਫੀਸ ਨਹੀਂ ਲਈ ਜਾਵੇਗੀ, ਇਹ ਮੁਫਤ ਕੋਰਸ ਹੋਵੇਗਾ, ਪਰ ਸ਼ੁਰੂ ਵਿੱਚ 950 ਰੁਪਏ ਸਕਿਓਰਿਟੀ ਡਿਪਾਜ਼ਿਟ ਵਜੋਂ ਲਏ ਜਾਣਗੇ, ਤਾਂ ਜੋ ਅਜਿਹਾ ਨਾ ਹੋਵੇ ਕਿ ਦਾਖਲਾ ਲੈਣ ਤੋਂ ਬਾਅਦ ਉਹ ਇਸ ਨੂੰ ਗੰਭੀਰਤਾ ਨਾਲ ਨਾ ਲੈਣ। ਉਨ੍ਹਾਂ ਨੇ ਕਿਹਾ ਕਿ ਕੋਰਸ ਖਤਮ ਹੋਣ ਤੋਂ ਬਾਅਦ ਸਾਰੇ ਵਿਦਿਆਰਥੀਆਂ ਨੂੰ 950 ਰੁਪਏ ਵਾਪਸ ਕਰ ਦਿੱਤੇ ਜਾਣਗੇ। ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਜੋ ਕੋਈ ਸੀਟ ਖਰਾਬ ਨਾ ਹੋਵੇ।