Punjab

ਅਦਾਲਤ ਨੇ ਸ ਜ਼ਾ ਦੀ ਥਾਂ ਸੇਵਾ ਦੀ ਡਿਊਟੀ ਦੇਣ ਦਾ ਰਾਹ ਚੁਣਿਆ

ਦ ਖ਼ਾਲਸ ਬਿਊਰੋ : ਮਾਨਸਾ ਦੇ ਥਾਣਾ ਬਰੇਟਾ ਪੁਲਿਸ ਵੱਲੋਂ ਦਰਜ NDPS ਦੇ ਮਾਮਲੇ ਵਿੱਚ ਨਾਮਜ਼ਦ ਇੱਕ ਨਾਬਾਲਿਗ ਨੂੰ ਜੁਵੇਨਾਈਲ ਜਸਟਿਸ ਬੋਰਡ ਨੇ ਸਹੀ ਰਸਤੇ ਤੋਰਨ ਲਈ ਇੱਕ ਮਹੀਨਾ ਪਿੰਗਲਵਾੜਾ ਵਿਚ ਸੇਵਾ ਕਰਨ ਦੇ ਲਈ ਭੇਜ ਦਿੱਤਾ ਹੈ।

ਪੁਲਿਸ ਵੱਲੋਂ ਇਸ ਨਾਬਾਲਿਗ ਨੂੰ ਠੂਠਿਆਂਵਾਲੀ ਰੋਡ ਉੱਤੇ ਸਥਿਤ ਪਿੰਗਲਵਾੜੇ ਵਿੱਚ ਪਹੁੰਚਾ ਦਿੱਤਾ ਹੈ, ਜਿੱਥੇ ਉਸਨੇ ਪਿੰਗਲਵਾੜੇ ਵਿੱਚ ਸੇਵਾ ਦਾ ਕੰਮ ਸੰਭਾਲ ਲਿਆ ਹੈ। ਜੁਵੇਨਾਈਲ ਜਸਟਿਸ ਬੋਰਡ ਦੇ ਫੈਸਲੇ ਦੀ ਸ਼ਲਾਘਾ ਕਰਦਿਆਂ ਨਾਬਾਲਿਗ ਦੇ ਵਕੀਲ ਲਖਵਿੰਦਰ ਸਿੰਘ ਲਖਨਪਾਲ ਨੇ ਕਿਹਾ ਕਿ ਇਸ ਨਾਲ ਨਾਬਾਲਿਗ ਨੂੰ ਚੰਗਾ ਸਮਾਜ ਸਿਰਜਣ ਵਿਚ ਸੇਧ ਮਿਲੇਗੀ।

ਮਾਨਸਾ ਦੇ ਥਾਣਾ ਬਰੇਟਾ ਪੁਲਿਸ ਨੇ ਸਾਲ 2020 ਵਿੱਚ ਦਰਜ NDPS ACT ਦੇ ਮਾਮਲੇ ਵਿੱਚ ਇੱਕ ਨਾਬਾਲਗ ਨੂੰ ਨਾਮਜ਼ਦ ਕੀਤਾ ਸੀ, ਪਰ ਹੁਣ ਪ੍ਰਿੰਸੀਪਲ ਜੁਵੇਨਾਈਲ ਜਸਟਿਸ ਬੋਰਡ-ਕਮ-ਜੇ.ਐਮ.ਆਈ.ਸੀ. ਹਰਪ੍ਰੀਤ ਸਿੰਘ ਨੇ ਨਾਬਾਲਗ ਨੂੰ ਇੱਕ ਮਹੀਨੇ ਲਈ ਪਿੰਗਲਵਾੜੇ ਵਿੱਚ ਸੇਵਾ ਕਰਨ ਦਾ ਹੁਕਮ ਸੁਣਾਇਆ ਹੈ।

ਨਾਬਾਲਿਗ ਦੇ ਵਕੀਲ ਲਖਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣਾ ਬਰੇਟਾ ਪੁਲਿਸ ਵੱਲੋਂ 30 ਜਨਵਰੀ 2020 ਨੂੰ ਮੁਕੱਦਮਾ ਨੰਬਰ 18 ਅਧੀਨ ਧਾਰਾ 15/61/85 ਦਰਜ ਕੀਤਾ ਗਿਆ ਸੀ, ਜਿਸ ਵਿੱਚ ਇੱਕ ਨਾਬਾਲਿਗ ਲੜਕੇ ਨੂੰ ਸੈਕਸ਼ਨ 29 ਤਹਿਤ‌ ਨਾਮਜ਼ਦ ਕੀਤਾ ਗਿਆ ਸੀ।

ਉਨ੍ਹਾਂ ਦੱਸਿਆ ਕਿ ਪ੍ਰਿੰਸੀਪਲ ਜੁਵੇਨਾਈਲ ਜਸਟਿਸ ਬੋਰਡ-ਕਮ-ਜੇ.ਐਮ.ਆਈ.ਸੀ. ਹਰਪ੍ਰੀਤ ਸਿੰਘ ਵੱਲੋਂ ਇਸ ਮਾਮਲੇ ਦੀ ਸੁਣਵਾਈ ਜਾਰੀ ਸੀ ਅਤੇ ਬੀਤੇ ਕੱਲ੍ਹ ਜੁਵੇਨਾਈਲ ਜਸਟਿਸ ਬੋਰਡ ਵੱਲੋਂ ਇੱਕ ਇਤਿਹਾਸਿਕ ਫ਼ੈਸਲਾ ਸੁਣਾਇਆ ਗਿਆ ਹੈ ਜਿਸਦੇ ਲਈ ਅਸੀਂ ਬੋਰਡ ਦੇ ਪ੍ਰਿੰਸੀਪਲ ਦਾ ਧੰਨਵਾਦ ਕਰਦੇ ਹਾਂ।

ਇਸ ਫੈਸਲੇ ਦੇ ਤਹਿਤ ਇਸ ਨਾਬਾਲਿਗ ਲੜਕੇ ਨੇ ਇੱਕ ਮਹੀਨੇ ਲਈ ਠੂਠਿਆਂਵਾਲੀ ਰੋਡ ਉਪਰ ਸਥਿਤ ਪਿੰਗਲਵਾੜਾ ਵਿੱਚ ਸੇਵਾ ਨਿਭਾਉਣੀ ਹੈ, ਜਿਸ ਵਿੱਚ ਸ਼ਨੀਵਾਰ ਅਤੇ ਐਤਵਾਰ ਨੂੰ ਉਸ ਨੂੰ ਛੁੱਟੀ ਹੋਵੇਗੀ। ਇੱਕ ਮਹੀਨੇ ਬਾਅਦ ਪਿੰਗਲਵਾੜਾ ਦੇ ਮੈਨੇਜਰ ਵੱਲੋਂ ਰਿਪੋਰਟ ਅਦਾਲਤ ਵਿੱਚ ਪੇਸ਼ ਕੀਤੀ ਜਾਵੇਗੀ, ਜਿਸ ਤੋਂ ਬਾਅਦ ਉਸ ਦੀ ਸੇਵਾ ਜਾਂ ਕਹਿ ਲਈਏ ਸਜ਼ਾ ਪੂਰੀ ਹੋ ਜਾਵੇਗੀ।