India Punjab

ਪੁੱਤ ਤੋਂ ਬਾਅਦ ਮਾਂ ਨੂੰ ਈਡੀ ਨੇ ਰਿੜਕਿਆ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਨੈਸ਼ਨਲ ਹੈਰਾਲਡ ਮਨੀ ਲਾਂਡਰਿੰਗ ਮਾਮਲੇ ‘ਚ ਈਡੀ ਨੇ ਤਿੰਨ ਘੰਟੇ ਦੀ ਪੁੱਛ ਪੜਤਾਲ ਕਰਨ ਤੋਂ ਬਾਅਦ ਸੋਨੀਆ ਗਾਂਧੀ ਦੀ ਬੇਨਤੀ ‘ਤੇ ਅੱਜ ਦੀ ਪੁੱਛ ਪੜਤਾਲ ਬੰਦ ਕਰ ਦਿੱਤੀ। ਉਹ 12 : 10 ਉੱਤੇ ਆਪਣੇ ਪੁੱਤਰ ਰਾਹੁਲ ਗਾਂਧੀ ਅਤੇ ਧੀ ਨਾਲ ਈਡੀ ਦਫ਼ਤਰ ਪਹੁੰਚੀ ਜਿੱਥੇ ਵਧੀਕ ਡਾਇਰੈਕਟਰ ਮੋਨਿਕਾ ਸ਼ਰਮਾ ਵੱਲੋਂ ਰਿੜਕਿਆ ਗਿਆ। ਰਾਹੁਲ ਗਾਂਧੀ ਕੁਝ ਸਮੇਂ ਬਾਅਦ ਚਲੇ ਗਏ ਪਰ ਉਹਨਾਂ ਦੀ ਧੀ ਪ੍ਰਿਅੰਕਾ ਕਮਰੇ ਦੇ ਬਾਹਰ ਦਵਾਈਆਂ ਵਾਲਾ ਡੱਬਾ ਲੈ ਕੇ ਬੈਠੀ ਰਹੀ। ਈਡੀ ਨੇ ਸੋਨੀਆ ਗਾਂਧੀ ਦੀ ਸਿਹਤ ਦੇ ਮੱਦੇਨਜ਼ਰ ਪ੍ਰਿਅੰਕਾ ਗਾਂਧੀ ਨੂੰ ਵੱਖਰੇ ਰੂਮ ਵਿੱਚ ਬੈਠਣ ਲਈ ਕਹਿ ਦਿੱਤਾ।

ਕਾਂਗਰਸ ਦੀ ਸੁਪਰੀਮੋ ਨੂੰ ਕੇਂਦਰੀ ਏਜੰਸੀ ਵੱਲੋਂ ਜੂਨ ਵਿੱਚ ਸੰਮਨ ਕੀਤਾ ਗਿਆ ਸੀ ਪਰ ਕਰੋਨਾ ਪਾਜ਼ੀਟਵ ਹੋਣ ਕਰਕੇ ਉਹ ਹਸਪਤਾਲ ਦਾਖਲ ਹੋ ਗਏ ਅਤੇ ਈਡੀ ਅੱਗੇ ਪੇਸ਼ ਨਾ ਹੋਏ। ਸੂਤਰਾਂ ਦਾ ਕਹਿਣਾ ਹੈ ਕਿ ਸੋਨੀਆ ਗਾਂਧੀ ਤੋਂ ਉਹੀ ਸਵਾਲ ਜਵਾਬ ਪੁੱਛੇ ਗਏ ਜਿਹੜੇ ਉਨ੍ਹਾਂ ਦੇ ਪੁੱਤਰ ਰਾਹੁਲ ਗਾਂਧੀ ਅੱਗੇ ਰੱਖੇ ਗਏ ਸਨ। ਰਾਹੁਲ ਗਾਂਧੀ ਨੂੰ ਤਿੰਨ ਵਾਰ ਈਡੀ ਮੂਹਰੇ ਪੇਸ਼ ਹੋਣਾ ਪਿਆ ਸੀ। ਕਾਂਗਰਸ ਵੱਲੋਂ ਸੋਨੀਆ ਗਾਂਧੀ ਨੂੰ ਈਡੀ ਵੱਲੋਂ ਸੱਦੇ ਜਾਣ ਦੇ ਰੋਸ ਵਜੋਂ ਅੱਜ ਥਾਂ ਥਾਂ ਰੋਸ ਪ੍ਰਦਰਸ਼ਨ ਕੀਤਾ ਗਿਆ। ਸੋਨੀਆ ਗਾਂਧੀ ਦੇ ਨਿਵਾਸ ਜਨਪਥ ਤੋਂ ਲੈ ਕੇ ਈਡੀ ਦੇ ਦਫ਼ਤਰ ਤੱਕ ਭਾਰੀ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਸਨ।

ਸੋਨੀਆ ਗਾਂਧੀ ਨੂੰ ਤਲਬ ਕਰਨ ’ਤੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਨਰਿੰਦਰ ਮੋਦੀ ਸਰਕਾਰ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਕੇਂਦਰ ਸਰਕਾਰ ਈਡੀ ਦੀ ਦੁਰਵਰਤੋਂ ਕਰ ਰਹੀ ਹੈ। ਭਾਜਪਾ ਦੀ ਲੀਡਰਸ਼ਿਪ ਹੁਣ ‘ਕਾਂਗਰਸ ਮੁਕਤ ਭਾਰਤ’ ਨਹੀਂ ਸਗੋਂ ‘ਵਿਰੋਧੀ-ਮੁਕਤ ਭਾਰਤ’ ਚਾਹੁੰਦੀ ਹੈ। ਉਨ੍ਹਾਂ ਕਿਹਾ ਇਸ ਸਭ ਦੇ ਬਾਵਜੂਦ ਪਾਰਟੀ ਦਾ ਵਰਕਰ ਤੇ ਨੇਤਾ ਝੁਕਣਗੇ ਨਹੀਂ। ਸੰਸਦ ਮੈਂਬਰਾਂ ਅਤੇ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰਾਂ ਨੇ ਸਮੂਹਿਕ ਗ੍ਰਿਫਤਾਰੀਆਂ ਵੀ ਦਿੱਤੀਆਂ।

ਭਾਜਪਾ ਨੇ ਕਾਂਗਰਸ ਦੇ ਪ੍ਰਦਰਸ਼ਨ ਉੱਤੇ ਨਿਸ਼ਾਨਾ ਕੱਸਦਿਆਂ ਇਸਨੂੰ ਕਾਨੂੰਨ ਅਤੇ ਸੰਸਥਾਵਾਂ ਦੇ ਖ਼ਿਲਾਫ਼ ਕਰਾਰ ਦਿੱਤਾ। ਸਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ ਨੇਤਾ ਰਵੀਸ਼ੰਕਰ ਪ੍ਰਸਾਦ ਨੇ ਕਾਂਗਰਸ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਵਿਰੋਧੀ ਪਾਰਟੀ ਪਰਿਵਾਰ ਦੀ ‘ਜੇਬੀ’ ਸੰਸਥਾ ਬਣ ਗਈ ਹੈ, ਇਸ ਦੇ ਨੇਤਾ ਵੀ ਪਰਿਵਾਰ ਦੀ ‘ਜੇਬ’ ਵਿਚ ਹਨ।

ਸੋਨੀਆ ਗਾਂਧੀ ਤੋਂ ਈਡੀ ਵੱਲੋਂ ਪੁੱਛ ਪੜਤਾਲ ਕਰਨ ਉੱਤੇ ਹਰ ਕਈ ਮਾਮਲਿਆਂ ’ਤੇ ਅੱਜ ਸੰਸਦ ਵਿੱਚ ਵੀ ਹੰਗਾਮਾ ਹੋਇਆ। ਅੱਜ ਲੋਕ ਸਭਾ ਜਿਵੇਂ ਹੀ ਜੁੜੀ ਤਾਂ ਕਾਂਗਰਸ ਮੈਂਬਰਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ’ਤੇ ਸਦਨ ਉਠਾਅ ਦਿੱਤਾ ਗਿਆ। ਇਸ ਤੋਂ ਬਾਅਦ ਵੀ ਹਾਲਾਤ ਨਾ ਸੁਧਰੇ ਤਾਂ ਬਾਅਦ ਦੁਪਹਿਰ ਕਰੀਬ 2.20 ਵਜੇ ਲੋਕ ਸਭਾ ਦੀ ਬੈਠਕ ਪੂਰੇ ਦਿਨ ਲਈ ਮੁਲਤਵੀ ਕਰ ਦਿੱਤੀ ਗਈ। ਇਹੀ ਹਾਲਤ ਰਾਜ ਸਭਾ ਦੀ ਰਹੀ। ਇਥੇ ਵਾਰ ਵਾਰ ਸਦਨ ਉਠਾਉਣਾ ਪਿਆ ਤੇ ਆਖਰ 2.40 ਵਜੇ ਸਦਨ ਸਾਰੇ ਦਿਨ ਲਈ ਉਠਾਅ ਦਿੱਤਾ ਗਿਆ।