‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਐਨਡੀਪੀਐਸ ਕੇਸਾਂ ‘ਚ ਜਾਂਚ ਅਧਿਕਾਰੀਆਂ ਦੀ ਵਿਸ਼ੇਸ਼ ਸਿਖਲਾਈ ਕਰਵਾਉਣ ਦੇ ਆਦੇਸ਼ ਦਿੱਤੇ ਹਨ। ਹਾਈਕੋਰਟ ਨੇ ਕਿਹਾ ਕਿ ਇਨ੍ਹਾਂ ਕੇਸਾਂ ਵਿੱਚ ਜਾਂਚ ਅਧਿਕਾਰੀ ਵਿਸ਼ੇਸ਼ ਟ੍ਰੇਨਿੰਗ ਯੁਕਤ ਹੋਣੇ ਜ਼ਰੂਰੀ ਹਨ।
ਹਾਈਕੋਰਟ ਨੇ ਕਿਹਾ ਕਿ ਕੈਮੀਕਲ ਐਗਜ਼ਾਮਿਨਰਾਂ ਨੂੰ ਵੀ ਟ੍ਰੇਨਿੰਗ ਦੀ ਜ਼ਰੂਰਤ ਹੁੰਦੀ ਹੈ। ਹਾਈਕੋਰਟ ਅੱਜ ਸੁਣਵਾਈ ਦੌਰਾਨ ਇਨ੍ਹਾਂ ਕੇਸਾਂ ਵਿੱਚ ਤੈਅ ਪ੍ਰਕਿਰਿਆ ਦੀ ਵਾਰ-ਵਾਰ ਉਲੰਘਣਾ ਹੋਣ ਕਾਰਨ ਨਾਖੁਸ਼ ਸੀ, ਜਿਸ ਕਾਰਨ ਪੰਜਾਬ ਪੁਲਿਸ ਦੇ ਡੀਜੀਪੀ ਨੂੰ ਇਹ ਹੁਕਮ ਦਿੱਤੇ ਗਏ ਹਨ।
ਦਰਅਸਲ, ਐਨਡੀਪੀਐਸ ਕੇਸ ਵਿੱਚ ਦੋ ਮੁਲਜ਼ਮਾਂ ਨੇ ਰੈਗੂਲਰ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ। ਸੁਣਵਾਈ ਦੌਰਾਨ ਜਸਟਿਸ ਠਾਕੁਰ ਨੇ ਕਿਹਾ ਕਿ ਉਹ ਲਗਾਤਾਰ ਨੋਟਿਸ ਲੈ ਰਹੇ ਹਨ। ਕੇਸ ਦੀ ਪ੍ਰੋਪਰਟੀ ਨੂੰ ਅਦਾਲਤ ਵਿੱਚ ਪੇਸ਼ ਕਰਨ ਅਤੇ ਗਵਾਹੀ ਦੇ ਸਮੇਂ ਜਾਂਚ ਅਧਿਕਾਰੀ ਵੱਲੋਂ ਬੇਹੱਦ ਲਾਪਰਵਾਹੀ ਵਰਤੀ ਜਾ ਰਹੀ ਹੈ। ਜਾਪਦਾ ਹੈ ਕਿ ਪੰਜਾਬ ਵਿੱਚ ਅਜਿਹੇ ਮਾਮਲਿਆਂ ਦੀ ਜਾਂਚ ਕਰ ਰਹੇ ਜਾਂਚ ਅਧਿਕਾਰੀਆਂ ਨੂੰ ਸੰਵੇਦਨਸ਼ੀਲ ਬਣਾਉਣ ਦੀ ਲੋੜ ਹੈ।
ਹਾਈਕੋਰਟ ਨੇ ਕਿਹਾ ਕਿ ਫੋਰੈਂਸਿਕ ਲੈਬਾਂ ਦੇ ਰਸਾਇਣਕ ਜਾਂਚ ਕਰਤਾਵਾਂ ਦੀ ਸਿਖਲਾਈ ਵੀ ਜ਼ਰੂਰੀ ਹੈ। ਜਦੋਂ ਕੱਪੜਿਆਂ ਦੇ ਪਾਰਸਲ ਵਿੱਚ ਨਮੂਨਾ ਭੇਜਿਆ ਜਾਂਦਾ ਹੈ, ਸਬੰਧਤ ਐਫਐਸਐਲ, ਉਥੇ ਕੰਮ ਕਰਨ ਵਾਲੇ ਰਸਾਇਣਕ ਵਿਸ਼ਲੇਸ਼ਕ ਆਪਣੀ ਰਿਪੋਰਟ ਵਿੱਚ ਇਸ ਬਾਰੇ ਕੋਈ ਟਿੱਪਣੀ ਨਹੀਂ ਕਰਦੇ। ਪਾਰਸਲ ਖੋਲ੍ਹਣ ਤੋਂ ਬਾਅਦ ਸੈਂਪਲ ਲੈਣ, ਫਿਰ ਉਸ ‘ਤੇ ਮੋਹਰ ਲਗਾਉਣ ਦੀ ਪ੍ਰਕਿਰਿਆ ਦਾ ਸਹੀ ਢੰਗ ਨਾਲ ਪਾਲਣ ਨਹੀਂ ਕੀਤਾ ਜਾ ਰਿਹਾ ਹੈ।