Punjab

ਰਾਜਾ ਵੜਿੰਗ ਬਚ ਨਿਕਲੇ “ਸ਼ੇਰ ਦੇ ਜਬਾੜੇ ” ਚੋਂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਆਮ ਆਦਮੀ ਪਾਰਟੀਦੀ ਸਰਕਾਰ ਨੇ ਕਾਂਗਰਸੀਆਂ ਦੇ ਕਥਿਤ ਤੌਰ ‘ਤੇ ਭ੍ਰਿਸ਼ਟ ਸਾਬਕਾ ਮੰਤਰੀਆਂ ਨੂੰ ਜਾੜ ਹੇਠ ਲੈਣਾ ਸ਼ੁਰੂ ਕੀਤਾ ਹੈ। ਸਾਧੂ ਸਿੰਘ ਧਰਮਸੋਤ ਜੇਲ੍ਹ ਦੀਆਂ ਸਲਾਖਾਂ ਪਿੱਛੇ ਬੰਦ ਹਨ। ਉਨ੍ਹਾਂ ਤੋਂ ਬਾਅਦ ਸੰਗਤ ਸਿੰਘ ਗਿਲਜੀਆਂ ਆਪਣੀ ਜਾਨ ਬਚਾਉਂਦੇ ਫਿਰਦੇ ਹਨ। ਉਂਝ ਆਮ ਆਦਮੀ ਪਾਰਟੀ ਨੇ ਆਪਣੀ ਸਰਕਾਰ ਦੇ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਵੀ ਜੇਲ੍ਹ ਦੇ ਚਨੇ ਚਬਾਅ ਦਿੱਤੇ ਹਨ। ਹੁਣ ਇੱਕ ਪੁਖਤਾ ਖ਼ਬਰ ਆ ਰਹੀ ਹੈ ਕਿ ਸਾਬਕਾ ਟਰਾਂਸਪੋਰਟ ਮੰਤਰੀ ਅਤੇ ਅਤੇ ਪੰਜਾਬ ਪ੍ਰਦੇਸ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਟਰਾਂਸਪੋਰਟ ਸਕੈਮ ਵਿੱਚੋਂ ਬਚ ਨਿਕਲੇ ਹਨ। ਉਨ੍ਹਾਂ ਵਿਰੁੱਧ 825 ਬੱਸਾਂ ਦੀ ਬਾਡੀ ਲਗਵਾਉਣ ‘ਚ ਕਰੋੜਾਂ ਦਾ ਘਪਲਾ ਕਰਨ ਦੇ ਦੋਸ਼ ਲੱਗੇ ਸਨ। ਟਰਾਂਸਪੋਰਟ ਵਿਭਾਗ ਦੇ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਗਠਿਤ ਜਾਂਚ ਕਮੇਟੀ ਨੇ ਰਾਜਾ ਵੜਿੰਗ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਦੂਜੇ ਬੰਨੇ ਪੰਜਾਬ ਸਰਕਾਰ ਦੁਬਾਰਾ ਤੋਂ ਉੱਚ ਅਧਿਕਾਰੀਆਂ ਦੀ ਇੱਕ ਨਵੀਂ ਕਮੇਟੀ ਗਠਿਤ ਕਰਨ ਦੇ ਰੌਂਅ ਵਿੱਚ ਹੈ।

ਜਾਂਚ ਕਮੇਟੀ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਰਾਜਾ ਵੜਿੰਗ ਦੇ ਟਰਾਂਸਪੋਰਟ ਮੰਤਰੀ ਹੁੰਦਿਆਂ ਬੱਸਾਂ ਬਾਡੀਜ਼ ਹਰਿਆਣਾ ਅਤੇ ਉੱਤਰ ਪ੍ਰਦੇਸ ਨਾਲੋਂ ਮਹਿੰਗੀਆਂ ਨਹੀਂ ਲੱਗੀਆਂ ਹਨ। ਟਰਾਂਸਪੋਰਟ ਮੰਤਰੀ ਨੇ ਕਮੇਟੀ ਦੀ ਰਿਪੋਰਟ ਨਾਲ ਅਸਹਿਮਤੀ ਪ੍ਰਗਟ ਕਰਦਿਆਂ ਨਵੀਂ ਕਮੇਟੀ ਦੇ ਗਠਨ ਦੀ ਤਿਆਰੀ ਕਰ ਲਈ ਹੈ।
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕੁਰਸੀ ਤੋਂ ਲਾਂਭੇ ਹੋ ਜਾਣ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਦੌਰਾਨ ਰਾਜਾ ਵੜਿੰਗ ਸਿਰਫ ਤਿੰਨ ਮਹੀਨੇ ਲਈ ਟਰਾਂਸਪੋਰਟ ਮੰਤਰੀ ਬਣੇ ਸਨ। ਉਨ੍ਹਾਂ ਨੇ ਪੀਆਰਟੀਸੀ ਦੀਆਂ 825 ਬੱਸਾਂ ਦੀ ਬਾਡੀ ਲਵਾਉਣ ਦਾ ਕੰਮ ਰਾਜਸਥਾਨ ਦੀ ਕੰਪਨੀ ਤੋਂ ਕਰਵਾਇਆ ਸੀ। ਦੱਸਿਆ ਜਾਂਦਾ ਹੈ ਕਿ ਉਨ੍ਹਾਂ ਨੇ ਕੰਪਨੀ ਨੂੰ ਠੇਕਾ ਦੇਣ ਤੋਂ ਪਹਿਲਾਂ ਇੱਕ 17 ਮੈਂਬਰੀ ਕਮੇਟੀ ਦਾ ਗਠਨ ਕਰਕੇ ਉਸ ਵੱਲੋਂ ਟੈਂਡਰ ਮੰਗੇ ਗਏ ਸਨ।

ਆਮ ਆਦਮੀ ਪਾਰਟੀ ਦੀ ਸਰਕਾਰ ਬਣਦਿਆਂ ਹੀ ਰਾਜਾ ਵੜਿੰਗ ਉੱਤੇ ਘਪਲਾ ਕਰਨ ਦੇ ਲੱਗਦੇ ਦੋਸ਼ਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ। ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਜਾਂਚ ਵਿੱਚ ਵਿਸ਼ੇਸ਼ ਦਿਲਚਸਪੀ ਲੈ ਰਹੇ ਸਨ ਪਰ ਕਮੇਟੀ ਦੀ ਰਿਪੋਰਟ ਵਿੱਚ ਪੰਜਾਬ ਦੀਆਂ ਬੱਸਾਂ ਨੂੰ ਲੱਗੀਆਂ ਬਾਡੀਜ਼ ਦੂਜੇ ਦੋ ਰਾਜਾਂ ਦੇ ਮੁਕਾਬਲੇ ਸਸਤੀਆਂ ਦੱਸੀਆਂ ਗਈਆਂ ਹਨ।

               ਹਰਿਆਣਾ                  ਯੂਪੀ                      ਪੰਜਾਬ

ਬੱਸਾਂ ਦੀ ਖਰੀਦ 17,35, 000 19,80,000 15, 16, 000
ਬੱਸਾਂ ਨੂੰ ਬਾਡੀਜ਼ 12, 98, 826 10,32,028 11,98,800
ਕੁੱਲ 30,33,826 30,12,028 27,24,800

ਇਸ ਤਰੀਕੇ ਨਾਲ ਪੰਜਾਬ ਵੱਲੋਂ ਪ੍ਰਤੀ ਬੱਸ ਤਿੰਨ ਲੱਖ ਰੁਪਏ ਬਚਾਏ ਗਏ ਹਨ।

ਦੂਜੇ ਪਾਸੇ ਰਾਜਾ ਵੜਿੰਗ ਦੇ ਖਿਲਾਫ਼ ਛਿੜੀ ਚਰਚਾ ਵੇਲੇ ਇਹ ਅਕਸਰ ਕਿਹਾ ਜਾਂਦਾ ਸੀ ਕਿ ਬਾਹਰਲੇ ਰਾਜ ਪੰਜਾਬ ਤੋਂ ਬੱਸਾਂ ਦੀਆਂ ਬਾਡੀਜ਼ ਲਵਾ ਰਹੇ ਹਨ ਪਰ ਰਾਜਾ ਵੜਿੰਗ ਨੇ ਰਾਜਸਥਾਨ ਤੋਂ ਲਵਾਏ ਹਨ।

ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਦਾ ਕਹਿਣਾ ਹੈ ਕਿ ਰਾਜਾ ਵੜਿੰਗ ਦੇ ਟਰਾਂਸਪੋਰਟ ਮੰਤਰੀਆਂ ਹੁੰਦਿਆਂ 825 ਬੱਸਾਂ ਦੀ ਬਾਡੀ ਖਰੀਦਣ ਅਤੇ ਲਗਵਾਉਣ ਦੀ ਜਾਂਚ ਨਵੇਂ ਅਧਿਕਾਰੀਆਂ ਨੂੰ ਦਿੱਤੀ ਜਾ ਰਹੀ ਹੈ। ਨਵੀਂ ਕਮੇਟੀ ਦੁਬਾਰਾ ਤੋਂ ਜਾਂਚ ਕਰੇਗੀ। ਰਾਜਾ ਵੜਿੰਗ ਨੂੰ ਪਹਿਲੀ ਕਮੇਟੀ ਵੱਲੋਂ ਕਲੀਨ ਚਿੱਟ ਦਿੱਤੇ ਜਾਣ ਉੱਤੇ ਬਰੀ ਨਹੀਂ ਕੀਤਾ ਜਾ ਸਕਦਾ ਸਗੋਂ ਦੁਬਾਰਾ ਤੋਂ ਜਾਂਚ ਕਰਵਾਈ ਜਾ ਰਹੀ ਹੈ।