‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਰੁਪਏ ਦਾ ਮੁੱਲ ਲਗਾਤਾਰ ਹੇਠਾਂ ਡਿੱਗਦਾ ਜਾ ਰਿਹਾ ਹੈ। ਹਫ਼ਤੇ ਦੇ ਅੰਤ ‘ਚ ਰੁਪਏ ਦੀ ਕੀਮਤ ਡਾਲਰ ਦੇ ਮੁਕਾਬਲੇ 80.0125 ‘ਤੇ ਪਹੁੰਚ ਗਈ ਹੈ, ਜੋ ਕਿ 80 ਦੇ ਅੰਕੜੇ ਤੋਂ ਸਿਰਫ ਕੁਝ ਪੈਸੇ ਹੀ ਦੂਰ ਹੈ। ਰੁਪਏ ‘ਚ ਲਗਾਤਾਰ ਗਿਰਾਵਟ ਦਾ ਭਾਰਤੀ ਅਰਥਵਿਵਸਥਾ ‘ਤੇ ਮਾੜਾ ਅਸਰ ਪੈ ਰਿਹਾ ਹੈ।
ਸਾਲ 2022 ‘ਚ ਹੀ ਡਾਲਰ ਦੇ ਮੁਕਾਬਲੇ ਰੁਪਿਆ 7 ਫੀਸਦੀ ਟੁੱਟ ਗਿਆ ਹੈ। ਹੁਣ ਜੇਕਰ ਤੁਸੀਂ ਇੱਕ ਡਾਲਰ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਨੂੰ ਉਸ ਦੇ ਬਦਲੇ 79 ਰੁਪਏ ਦੇਣੇ ਪੈਣਗੇ। ਇਸ ਨੂੰ ਤਕਨੀਕੀ ਭਾਸ਼ਾ ‘ਚ ਐਕਸਚੇਂਜ ਰੇਟ ਕਿਹਾ ਜਾਂਦਾ ਹੈ। ਅਜਿਹੀ ਖਰੀਦੋ-ਫਰੋਖਤ, ਰੁਪਏ ਅਤੇ ਡਾਲਰ ਤੋਂ ਇਲਾਵਾ ਦੂਜੀਆਂ ਮੁਦਰਾਵਾਂ ਵਿਚਾਲੇ ਵੀ ਹੁੰਦੀ ਹੈ। ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੀਆਂ ਆਪੋ ਆਪਣੀਆਂ ਮੁਦਰਾਵਾਂ ਹਨ।
ਗਿਰਾਵਟ ਦਾ ਕਾਰਨ
ਰੁਪਏ ‘ਚ ਕਮਜ਼ੋਰੀ ਦਾ ਸਭ ਤੋਂ ਵੱਡਾ ਕਾਰਨ ਗਲੋਬਲ ਬਾਜ਼ਾਰ ਦਾ ਦਬਾਅ ਹੈ, ਜੋ ਰੂਸ-ਯੂਕਰੇਨ ਯੁੱਧ ਕਾਰਨ ਆਇਆ ਹੈ। ਗਲੋਬਲ ਬਾਜ਼ਾਰ ‘ਚ ਵਸਤੂ ‘ਤੇ ਦਬਾਅ ਕਾਰਨ ਨਿਵੇਸ਼ਕ ਡਾਲਰ ਨੂੰ ਤਰਜੀਹ ਦੇ ਰਹੇ ਹਨ, ਕਿਉਂਕਿ ਗਲੋਬਲ ਬਾਜ਼ਾਰ ‘ਚ ਜ਼ਿਆਦਾਤਰ ਵਪਾਰ ਡਾਲਰ ‘ਚ ਹੁੰਦਾ ਹੈ। ਲਗਾਤਾਰ ਮੰਗ ਕਾਰਨ ਡਾਲਰ ਇਸ ਸਮੇਂ 20 ਸਾਲਾਂ ਵਿੱਚ ਆਪਣੀ ਸਭ ਤੋਂ ਮਜ਼ਬੂਤ ਸਥਿਤੀ ‘ਤੇ ਹੈ। ਇਸ ਤੋਂ ਇਲਾਵਾ ਇਸ ਸਮੇਂ ਵਿਦੇਸ਼ੀ ਨਿਵੇਸ਼ਕ ਲਗਾਤਾਰ ਭਾਰਤੀ ਬਾਜ਼ਾਰ ਤੋਂ ਪੂੰਜੀ ਕੱਢ ਰਹੇ ਹਨ, ਜਿਸ ਕਾਰਨ ਵਿਦੇਸ਼ੀ ਮੁਦਰਾ ਘੱਟ ਰਿਹਾ ਹੈ ਅਤੇ ਰੁਪਏ ‘ਤੇ ਦਬਾਅ ਵੱਧ ਰਿਹਾ ਹੈ। ਵਿੱਤੀ ਸਾਲ 2022-23 ‘ਚ ਅਪ੍ਰੈਲ ਤੋਂ ਹੁਣ ਤੱਕ ਵਿਦੇਸ਼ੀ ਨਿਵੇਸ਼ਕਾਂ ਨੇ 14 ਅਰਬ ਡਾਲਰ ਦੀ ਪੂੰਜੀ ਕੱਢ ਲਈ ਹੈ।
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੋਮਵਾਰ ਨੂੰ ਸੰਸਦ ਵਿੱਚ ਦੱਸਿਆ ਕਿ 31 ਦਸੰਬਰ 2014 ਤੋਂ ਹੁਣ ਤੱਕ ਰੁਪਏ ਦੀ ਕੀਮਤ 25 ਫੀਸਦੀ ਤੱਕ ਡਿੱਗ ਚੁੱਕੀ ਹੈ। ਇਸ ਵਿੱਚ ਗਲੋਬਲ ਫੈਕਟਰ ਦੀ ਸਭ ਤੋਂ ਵੱਡੀ ਭੂਮਿਕਾ ਹੈ। ਰੂਸ-ਯੂਕਰੇਨ ਯੁੱਧ, ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਅਤੇ ਆਲਮੀ ਬਾਜ਼ਾਰ ਦੀ ਮਾੜੀ ਵਿੱਤੀ ਸਥਿਤੀ ਨੇ ਰੁਪਏ ‘ਤੇ ਸਭ ਤੋਂ ਵੱਧ ਦਬਾਅ ਪਾਇਆ ਹੈ।
ਰੁਪਏ ‘ਚ ਆਈ ਗਿਰਾਵਟ ਦਾ ਭਾਰਤ ‘ਤੇ ਪੈਣ ਵਾਲਾ ਅਸਰ
- ਸਭ ਤੋਂ ਪਹਿਲਾਂ ਰੁਪਏ ਦੀ ਗਿਰਾਵਟ ਕਾਰਨ ਦਰਾਮਦ ਮਹਿੰਗੀ ਹੋ ਜਾਵੇਗੀ, ਕਿਉਂਕਿ ਭਾਰਤੀ ਦਰਾਮਦਕਾਰਾਂ ਨੂੰ ਹੁਣ ਡਾਲਰ ਦੇ ਮੁਕਾਬਲੇ ਜ਼ਿਆਦਾ ਰੁਪਏ ਖਰਚ ਕਰਨੇ ਪੈਣਗੇ। ਭਾਰਤ ਕੱਚੇ ਤੇਲ ਦੀ ਕੁੱਲ ਖਪਤ ਦਾ 85 ਫੀਸਦੀ ਦਰਾਮਦ ਕਰਦਾ ਹੈ, ਜਿਸ ਨਾਲ ਡਾਲਰ ਮਹਿੰਗਾ ਹੋ ਜਾਵੇਗਾ ਅਤੇ ਇਸ ‘ਤੇ ਦਬਾਅ ਪਵੇਗਾ।
- ਭਾਰਤ ਵਰਗੇ ਦੇਸ਼ ‘ਚ ਕੱਚੇ ਤੇਲ , ਗੈਸ ਆਦਿ ਵਰਗੀਆਂ ਜ਼ਰੂਰੀ ਵਸਤਾਂ ਵਿਦੇਸ਼ਾਂ ਤੋਂ ਵੱਡੇ ਪੱਧਰ ‘ਤੇ ਦਰਾਮਦ ਕੀਤੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਇਲੈਕਟ੍ਰੋਨਿਕਸ ਅਤੇ ਫੌਜੀ ਸਾਜ਼ੋ-ਸਾਮਾਨ ਦਾ ਸੌਦਾ ਵੀ ਜ਼ਿਆਦਾਤਰ ਅਮਰੀਕੀ ਮੁਦਰਾ ‘ਚ ਹੀ ਹੁੰਦਾ ਹੈ। ਇਸ ਲਈ ਭਾਰਤ ਨੂੰ ਹਮੇਸ਼ਾ ਡਾਲਰ ਦੀ ਲੋੜ ਰਹਿੰਦੀ ਹੈ।
- ਜੇਕਰ ਇੰਨ੍ਹਾਂ ਵਸਤਾਂ ਦੀ ਮੰਗ ਵਧੇਰੇ ਹੋ ਜਾਂਦੀ ਹੈ ਤਾਂ ਅੰਤਰਰਾਸ਼ਟਰੀ ਬਾਜ਼ਾਰ ‘ਚ ਇੰਨ੍ਹਾਂ ਦਾ ਮੁੱਲ ਵੱਧ ਜਾਂਦਾ ਹੈ ਅਤੇ ਭਾਰਤ ਨੂੰ ਇੰਨ੍ਹਾਂ ਦੀ ਦਰਾਮਦ ਲਈ ਜ਼ਿਆਦਾ ਪੈਸੇ ਦੇਣੇ ਪੈਣਗੇ।
- ਜਿਸ ਦੇ ਕਾਰਨ ਹੀ ਡੀਜ਼ਲ-ਪੈਟਰੋਲ ਦੀਆਂ ਕੀਮਤਾਂ ‘ਚ ਵਾਧਾ ਹੁੰਦਾ ਹੈ। ਮਾਲ ਦੀ ਢੋਆ ਢੁਆਈ ਅਤੇ ਫੈਕਟਰੀਆਂ ਚਲਾਉਣ ਲਈ ਵਧੇਰੇ ਮਹਿੰਗੇ ਤੇਲ ਅਤੇ ਗੈਸ ਦੀ ਵਰਤੋਂ ਹੁੰਦੀ ਹੈ ਅਤੇ ਮਹਿੰਗਾਈ ਵੱਧ ਜਾਂਦੀ ਹੈ।
- ਜੇਕਰ ਈਂਧਨ ਮਹਿੰਗਾ ਹੋਇਆ ਤਾਂ ਮਾਲ ਢੋਆ-ਢੁਆਈ ਦਾ ਖਰਚਾ ਵਧੇਗਾ, ਜਿਸ ਕਾਰਨ ਰੋਜ਼ਮਰ੍ਹਾ ਦੀਆਂ ਵਸਤਾਂ ਦੀਆਂ ਕੀਮਤਾਂ ਵਧਣਗੀਆਂ ਅਤੇ ਆਮ ਆਦਮੀ ‘ਤੇ ਮਹਿੰਗਾਈ ਦਾ ਬੋਝ ਵੀ ਵਧੇਗਾ।
- ਇਸ ਦਾ ਅਸਰ ਵਿਦੇਸ਼ਾਂ ‘ਚ ਪੜ੍ਹਾਈ ਕਰਨ ਵਾਲਿਆਂ ‘ਤੇ ਵੀ ਪਵੇਗਾ ਅਤੇ ਉਨ੍ਹਾਂ ਦਾ ਖਰਚਾ ਵਧੇਗਾ ਕਿਉਂਕਿ ਹੁਣ ਉਨ੍ਹਾਂ ਨੂੰ ਡਾਲਰ ਦੇ ਮੁਕਾਬਲੇ ਜ਼ਿਆਦਾ ਰੁਪਏ ਖਰਚ ਕਰਨੇ ਪੈਣਗੇ।
ਡਾਲਰ ਦੇ ਮੁਕਾਬਲੇ ਰੁਪਏ ਦੇ ਹੇਠਾਂ ਡਿੱਗਦੇ ਮੁੱਲ ਨੂੰ ਲੈ ਕੇ ਵਿਰੋਧੀ ਧਿਰਾਂ ਸਰਕਾਰ ਨੂੰ ਨਿਸ਼ਾਨੇ ‘ਤੇ ਲੈ ਰਹੀਆਂ ਹਨ।
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਇਸ ਮੁੱਦੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਸਵਾਲ ਵੀ ਪੁੱਛੇ ਹਨ। ਰਾਹੁਲ ਗਾਂਧੀ ਨੇ ਟਵਿੱਟਰ ‘ਤੇ ਇੱਕ ਗ੍ਰਾਫ ਸਾਂਝਾ ਕਰਦਿਆਂ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦਾ ਇੱਕ ਪੁਰਾਣਾ ਬਿਆਨ ਯਾਦ ਕਰਵਾਇਆ। ਇਹ ਬਿਆਨ ਉਸ ਦੌਰ ਦਾ ਹੈ, ਜਦੋਂ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ। ਰਾਹੁਲ ਗਾਂਧੀ ਨੇ ਲਿਖਿਆ ਹੈ, ” ਦੇਸ਼ ਨਿਰਾਸ਼ਾ ਦੇ ਕਾਰਨ ਗਰਕ ਰਿਹਾ ਹੈ”, ਇਹ ਤੁਹਾਡੇ ਹੀ ਸ਼ਬਦ ਹਨ ਨਾ, ਪ੍ਰਧਾਨ ਮੰਤਰੀ ਜੀ? ਉਸ ਸਮੇਂ ਤੁਸੀਂ ਜਿੰਨ੍ਹਾਂ ਰੌਲਾ ਪਾਉਂਦੇ ਸੀ, ਅੱਜ ਰੁਪਏ ਦੀ ਕੀਮਤ ‘ਚ ਤੇਜ਼ੀ ਨਾਲ ਆ ਰਹੀ ਗਿਰਾਵਟ ਨੂੰ ਵੇਖ ਕੇ ਉਨੇ ਹੀ ‘ਚੁੱਪ’ ਹੋ।” ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਸ ਸਮੇਂ ਦੇ ਬਿਆਨ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹਨ।
ਕਾਂਗਰਸ ਤਰਜਮਾਨ ਸੁਪ੍ਰੀਆ ਸ਼੍ਰੀਨੇਤ ਨੇ ਵੀ ਸਰਕਾਰ ਨੂੰ ਨਿਸ਼ਾਨੇ ‘ਤੇ ਲੈਂਦਿਆਂ ਕਿਹਾ, ” ਇਹ ਸਵੀਕਾਰ ਕਰਨਾ ਹੀ ਪਵੇਗਾ ਕਿ ਕਮਜ਼ੋਰ ਰੁਪਏ ਦਾ ਸਭ ਤੋਂ ਵੱਡਾ ਕਾਰਨ ਢਹਿ-ਢੇਰੀ ਹੋਈ ਅਰਥ ਵਿਵਸਥਾ- ਬੇਲਗਾਮ ਮਹਿੰਗਾਈ ਹੈ।”
ਸਰਕਾਰ ਵੀ ਸ਼ਾਇਦ ਸਾਰੀ ਸਥਿਤੀ ਤੋਂ ਭਲੀ ਭਾਂਤੀ ਜਾਣੂ ਹੈ। ਦੋ ਹਫ਼ਤੇ ਪਹਿਲਾਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਸੀ, ” ਰਿਜ਼ਰਵ ਬੈਂਕ ਰੁਪਏ ‘ਤੇ ਨਜ਼ਰ ਰੱਖ ਰਿਹਾ ਹੈ। ਸਰਕਾਰ ਐਕਸਚੇਂਜ ਰੇਟ ਨੂੰ ਲੈ ਕੇ ਲਗਾਤਾਰ ਭਾਰਤੀ ਰਿਜ਼ਰਵ ਬੈਂਕ ਦੇ ਸੰਪਰਕ ‘ਚ ਹੈ।”