India International Punjab

ਪੰਜਾਬ ਤੋਂ ਹੁਣ ਕੈਨੇਡਾ ਹੋਇਆ ਹੋਰ ਨੇੜੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅੰਮ੍ਰਿਤਸਰ ਤੋਂ ਵੈਨਕੂਵਰ ਤੱਕ ਹਵਾਈ ਸਫਰ ਹੁਣ ਆਸਾਨ ਹੋ ਗਿਆ ਹੈ। ਅੰਮ੍ਰਿਤਸਰ ਤੋਂ ਟੋਰਾਂਟੋ ਜਾਂ ਵੈਨਕੂਵਰ ਲਈ ਸਿੱਧੀਆਂ ਉਡਾਣਾਂ ਦੀ ਮੰਗ ਅਜੇ ਭਾਵੇਂ ਪੂਰੀ ਨਹੀਂ ਹੋਈ, ਪਰ ਵੈਨਕੂਵਰ ਜਾਣ ਵਾਲੇ ਪੰਜਾਬੀਆਂ ਨੂੰ ਦਿੱਲੀ ਦੀ ਖੱਜਲ-ਖੁਅਰੀ ਤੋਂ ਬਚ ਕੇ ਹਵਾਈ ਸਫਰ ਸੌਖਾ ਕਰਨ ਦੀਆਂ ਕੋਸ਼ਿਸ਼ਾਂ ਨੂੰ ਬੂਰ ਜ਼ਰੂਰ ਪੈ ਰਿਹਾ ਹੈ।

ਵਿਸ਼ਵ ਦੀ ਸਰਵ ਉੱਤਮ ਮੰਨੀ ਜਾਣ ਵਾਲੀ ਹਵਾਈ ਕੰਪਨੀ ਸਿੰਗਾਪੁਰ ਏਅਰਲਾਈਨ ਨੇ ਆਪਣੀ ਭਾਈਵਾਲ ਘੱਟ ਕਿਰਾਏ ਵਾਲੀ ਏਅਰਲਾਈਨ ਫਲਾਈ ਸਕੂਟ ਨਾਲ ਮਿਲ ਕੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਕੈਨੇਡਾ ਦੇ ਵੈਨਕੂਵਰ ਸ਼ਹਿਰ ਨਾਲ ਜੋੜਿਆ ਗਿਆ ਹੈ, ਜਿਹੜਾ ਸਿੰਗਾਪੁਰ ਰਾਹੀਂ ਲੱਖਾਂ ਪੰਜਾਬੀਆਂ ਨੂੰ ਵਤਨ ਨਾਲ ਜੋੜੇਗੀ।

ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਅਭਿਆਨ ਦੇ ਗਲੋਬਲ ਕਨਵੀਨਰ ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀਜ਼ ਸਕੱਤਰ ਸਮੀਪ ਸਿੰਘ ਗੁਮਟਾਲਾ ਨੇ ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਆਸਟ੍ਰੇਲੀਆ ਅਤੇ ਅੰਮ੍ਰਿਤਸਰ ਵਿਚਾਲੇ ਸਿੰਗਾਪੁਰ ਰਾਹੀਂ ਹਵਾਈ ਸੰਪਰਕ ਮੁੜ ਜੁੜਨ ਤੋਂ ਬਾਅਦ ਸਿੰਗਾਪੁਰ ਏਅਰਲਾਈਨ ਅਤੇ ਇਸ ਦੀ ਭਾਈਵਾਲ ਸਕੂਟ ਹੁਣ ਅੰਮ੍ਰਿਤਸਰ ਨੂੰ ਕੈਨੇਡਾ ਦੇ ਵੈਨਕੂਵਰ ਦੇ ਨਾਲ-ਨਾਲ ਅਮਰੀਕਾ ਦੇ ਸਾਨਫਰਾਂਸਿਸਕੋ, ਸਿਆਟਲ ਅਤੇ ਲਾਸ ਏਂਜਲਸ ਦੇ ਹਵਾਈ ਅੱਡਿਆਂ ਨਾਲ ਵੀ ਜੋੜਦੀ ਹੈ। ਇਸ ਨਾਲ ਅੰਮ੍ਰਿਤਸਰ ਤੋਂ ਅੰਤਰਰਾਸ਼ਟਰੀ ਹਵਾਈ ਸੰਪਰਕ ਨੂੰ ਹੋਰ ਹੁਲਾਰਾ ਮਿਲਿਆ ਹੈ।

ਉਨ੍ਹਾਂ ਦੱਸਿਆ ਕਿ ਸਿੰਗਾਪੁਰ ਏਅਰਲਾਈਨ ਨੇ ਸਾਲ 2004 ਤੋਂ 2009 ਤੱਕ ਅੰਮ੍ਰਿਤਸਰ ਤੋਂ ਉਡਾਣਾਂ ਚਲਾਈਆਂ ਸਨ, ਜਿਨ੍ਹਾਂ ਵਿੱਚੋਂ ਵੈਨਕੂਵਰ ਅਤੇ ਲਾਸ ਏਂਜਲਸ ਵਾਲੀਆਂ ਉਡਾਣਾਂ ਪੰਜਾਬੀਆਂ ਵਿੱਚ ਬਹੁਤ ਹੀ ਮਕਬੂਲ ਸਨ। ਫਿਰ 2009 ਵਿੱਚ ਦੁਨੀਆ ਭਰ ਵਿੱਚ ਆਈ ਵਪਾਰਕ ਮੰਦੀ ਕਾਰਨ ਸਿੰਗਾਪੁਰ ਏਅਰ ਨੇ ਵੈਨਕੂਵਰ ਅਤੇ ਅੰਮ੍ਰਿਤਸਰ, ਦੋਵਾਂ ਰੂਟਾਂ ਉੱਤੇ ਉਡਾਣਾਂ ਮੁਅੱਤਲ ਕਰ ਦਿੱਤੀਆਂ ਸਨ।

ਫਲਾਈ ਅੰਮ੍ਰਿਤਸਰ ਮੁਹਿੰਮ ਦੀ ਟੀਮ ਨੇ ਹਾਲ ਹੀ ਵਿੱਚ ਸਕੂਟ ਏਅਰਲਾਈਨ ਦੇ ਅਧਿਕਾਰੀਆਂ ਨਾਲ ਇੱਕ ਖ਼ਾਸ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਅੰਮ੍ਰਿਤਸਰ ਲਈ ਹਫ਼ਤੇ ਵਿੱਚ ਉਡਾਣਾਂ ਦੀ ਗਿਣਤੀ 5 ਤੋਂ ਵਧਾ ਕੇ 10 ਕਰਨ ਦੀ ਬੇਨਤੀ ਕੀਤੀ। ਅਮਰੀਕਾ ਤੋਂ ਸਮੀਪ ਸਿੰਘ ਗੁਮਟਾਲਾ ਨੇ ਅੰਮ੍ਰਿਤਸਰ ਤੋਂ ਸਕੂਟ ਦੀਆਂ ਉਡਾਣਾਂ ਮੁੜ ਸ਼ੁਰੂ ਕੀਤੇ ਜਾਣ ਅਤੇ ਹੋਰਨਾਂ ਮੁਲਕਾਂ ਲਈ ਉਡਾਣਾਂ ਦੇ ਵਿਸਥਾਰ ਲਈ ਸਕੂਟ ਦਾ ਧੰਨਵਾਦ ਕੀਤਾ ਹੈ।

ਉਡਾਣਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਤੋਂ ਸਕੂਟ ਦੀ ਉਡਾਣ ਸ਼ਾਮ 7:40 ‘ਤੇ ਰਵਾਨਾ ਹੁੰਦੀ ਹੈ ਅਤੇ ਸਥਾਨਕ ਸਮੇਂ ਅਨੁਸਾਰ ਸਵੇਰੇ 4:05 ਵਜੇ ਸਿੰਗਾਪੁਰ ਪਹੁੰਚਦੀ ਹੈ। ਲਗਭਗ 2 ਘੰਟੇ 55 ਮਿੰਟ ਦੀ ਛੋਟੀ ਮਿਆਦ ਦੇ ਨਾਲ, ਯਾਤਰੀ ਸਵੇਰੇ 7:00 ਵਜੇ ਰਵਾਨਾ ਹੋਣ ਵਾਲੀ ਸਿੰਗਾਪੁਰ ਏਅਰਲਾਈਨ ਦੀ ਉਡਾਣ ਨਾਲ ਜੁੜਦੇ ਹਨ ਅਤੇ ਅਗਲੀ ਸਵੇਰੇ 6:45 ਵਜੇ ਵੈਨਕੂਵਰ ਪਹੁੰਚਦੇ ਹਨ।

ਇਸ ਨਾਲ ਉਹਨਾਂ ਦੀ ਯਾਤਰਾ ਦੀ ਮਿਆਦ ਸਿਰਫ 23 ਘੰਟੇ 35 ਮਿੰਟ ਹੈ ਅਤੇ ਉਹਨਾਂ ਨੂੰ ਦਿੱਲੀ ਜਾਣ ਦੀ ਖੱਜਲ ਖ਼ੁਆਰੀ ਨਹੀਂ ਝੱਲਣੀ ਪੈਂਦੀ। ਉਨ੍ਹਾਂ ਨੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਸਕੂਟ ਅਤੇ ਸਿੰਗਾਪੁਰ ਏਅਰ ਵੈਨਕੂਵਰ, ਅਮਰੀਕਾ ਅਤੇ ਆਸਟ੍ਰੇਲੀਆ ਤੋਂ ਵਾਪਸ ਅੰਮ੍ਰਿਤਸਰ ਲਈ ਸਿੰਗਾਪੁਰ ਵਿੱਚ ਲੰਬਾ ਸਮਾਂ ਇੰਤਜ਼ਾਰ ਕਰਨ ਦੇ ਸਮੇਂ ਨੂੰ ਘੱਟ ਕੀਤਾ ਜਾਵੇ। ਜਿਵੇਂ ਕਿ ਮੌਜੂਦਾ ਸਮੇਂ ਵੈਨਕੂਵਰ ਤੋਂ ਅੰਮ੍ਰਿਤਸਰ ਜਾਣ ਲਈ ਯਾਤਰੀਆਂ ਨੂੰ ਸਿੰਗਾਪੁਰ ਵਿੱਚ ਲਗਭਗ 20 ਘੰਟੇ ਦੇ ਲੰਬੇ ਸਮੇਂ ਲਈ ਰੁਕਣਾ ਪੈਂਦਾ ਹੈ।