Punjab

ਸੁਖਬੀਰ ਨੇ ਮੁੱਖ ਮੰਤਰੀ ਮਾਨ ‘ਤੇ ਸਾਧੇ ਨਿਸ਼ਾਨੇ

‘ਦ ਖ਼ਾਲਸ ਬਿਊਰੋ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲੰਘੇ ਕੱਲ੍ਹ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਸੱਕਾਂਵਾਲੀ ਦਾ ਦੌਰਾ ਕੀਤਾ। ਇਥੇ ਕਿਸਾਨ ਆਪਣੀ ਮੂੰਗੀ ਦੀ ਫਸਲ ਵਾਹ ਰਹੇ ਹਨ।

ਇਸ ਉਤੇ ਸੁਖਬੀਰ ਨੇ ਪੀੜਤ ਕਿਸਾਨਾਂ ਨਾਲ ਗੱਲ਼ਬਾਤ ਕੀਤੀ ਤੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ। ਉਨ੍ਹਾਂ ਨੇ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਸੱਕਾਂਵਾਲੀ ਦੇ ਕਿਸਾਨ ਚਰਨਜੀਤ ਸਿੰਘ ਨੂੰ 60 ਏਕੜ ‘ਚ ਬੀਜੀ ਮੂੰਗੀ ਬੜੇ ਦੁੱਖ ਨਾਲ ਵਾਹੁਣੀ ਪਈ, ਕਿਉਂ ਕਿ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਨੂੰ ਮੂੰਗੀ ਲਾਉਣ ਲਈ ਕਹਿੰਦੇ ਹੋਏ ਬਿਆਨ ਤਾਂ ਦੇ ਦਿੱਤਾ, ਪਰ ਨਾ ਤਾਂ ਬੀਜਾਂ ਦੀ ਗੁਣਵੱਤਾ ‘ਤੇ ਗ਼ੌਰ ਕੀਤਾ, ਅਤੇ ਨਾ ਹੀ ਸਹੀ ਮੰਡੀਕਰਨ ਅਤੇ ਖਰੀਦ ਉਤੇ।

ਉਨ੍ਹਾਂ ਨੇ ਮੁੱਖ ਮੰਤਰੀ ਮਾਨ ‘ਤੇ ਨਿਸ਼ਾਨਾ ਸਾਧਦਿਆਂ ਹੋਏ ਕਿਹਾ ਕਿ ਮੁੱਖ ਮੰਤਰੀ ਪੰਜਾਬ ਦੀ ਜ਼ੁਬਾਨ ‘ਤੇ ਭਰੋਸਾ ਕਰਕੇ ਮੂੰਗੀ ਕਾਸ਼ਤਕਾਰਾਂ ਨੂੰ ਬਹੁਤ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ, ਅਤੇ ਮੇਰੀ ਅਪੀਲ ਹੈ ਕਿ ਸੂਬਾ ਸਰਕਾਰ ਇਹਨਾਂ ਨੂੰ ਘੱਟੋ-ਘੱਟ 20 ਹਜ਼ਾਰ ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਛੇਤੀ ਤੋਂ ਛੇਤੀ ਦੇਵੇ।

ਮੁੱਖ ਮੰਤਰੀ ਮਾਨ ਨੇ ਮੂੰਗੀ ਦਾ ਫਸਲ ‘ਤੇ ਕਿਸਾਨਾਂ ਨੂੰ ਐਮਐਸਪੀ ਦੇਣ ਦਾ ਐਲਾਨ ਕੀਤਾ ਸੀ। ਮਾਨ ਨੇ ਕਿਹਾ ਸੀ ਕਿ ਕਿਸਾਨ ਕਣਕ ਤੇ ਝੋਨੇ ਦੀ ਫ਼ਸਲ ਦੇ ਨਾਲ ਹੁਣ 55 ਦਿਨ ਵਿੱਚ ਤਿਆਰ ਹੋਣ ਵਾਲੀ ਮੂੰਗੀ ਦੀ ਫ਼ਸਲ ਵੀ ਬੀਜਣ, ਜਿਸ ’ਤੇ ਸਰਕਾਰ ਐਮਐਸਪੀ ਦੇਵੇਗੀ। ਇਸ ਤੋਂ ਬਾਅਦ ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ  ਝੋਨੇ ਦੀ 126 ਕਿਸਮ ਅਤੇ ਬਾਸਮਤੀ ਕਿਸਾਨ ਲਾ ਸਕਦੇ ਨੇ ਤੇ ਪੰਜਾਬ ਸਰਕਾਰ ਕਿਸਾਨਾਂ ਨੂੰ ਬਾਸਮਤੀ ‘ਤੇ ਵੀ ਐਮਐਸਪੀ ਦੇਵੇਗੀ।  

ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਮੁੱਖ ਮੰਤਰੀ ਮਾਨ ਨੇ ਕਿਹਾ ਸੀ ਕਿ ਪੰਜਾਬ ਦੀ ਹਵਾ, ਪਾਣੀ ਤੇ ਜ਼ਮੀਨ ਤਿੰਨੇ ਹੀ ਪ੍ਰਦੂਸ਼ਿਤ ਹਨ, ਜਿਨ੍ਹਾਂ ਨੂੰ ਠੀਕ ਕਰਨ ਦਾ ਸਮਾਂ ਆ ਗਿਆ ਹੈ ਤੇ ਇਹ ਤਾਂ ਹੀ ਠੀਕ ਹੋਵੇਗੀ, ਜੇਕਰ  ਸਾਰੇ ਮਿਲ ਕੇ ਕੋਸ਼ਿਸ਼ ਕਰਨਗੇ। ਉਨ੍ਹਾਂ ਨੇ ਕਿਹਾ ਸੀ ਕਿ ਕਿਸਾਨ ਆਪਣੀ ਫ਼ਸਲ ਦਾ ਚੱਕਰ ਬਦਲਣ, ਜਿਸ ਲਈ ਸਰਕਾਰ ਉਨ੍ਹਾਂ ਨੂੰ ਹਰ ਸੰਭਵ ਸਹਿਯੋਗ ਦੇਵੇਗੀ। ਭਗਵੰਤ ਮਾਨ ਨੇ ਇਹ ਵੀ ਕਿਹਾ  ਸੀ ਕਿ ਮੂੰਗੀ ਦੀ ਫ਼ਸਲ ਜਲਦੀ ਤਿਆਰ ਹੋ ਜਾਂਦੀ ਹੈ, ਇਸ ਲਈ ਕਿਸਾਨ ਮੂੰਗੀ ਦੀ ਫ਼ਸਲ ਬੀਜਣੀ ਸ਼ੁਰੂ ਕਰਨ।