India

RSS ਦੇ ਵਿਸਤਾਰ ‘ਚ ਬੀਜੇਪੀ ਦੇ ਉਪ ਰਾਸ਼ਟਰਪਤੀ ਦੇ ਉਮੀਦਵਾਰ ਜਗਦੀਪ ਧਨਖੜ ਦਾ ਸੀ ਅਹਿਮ ਰੋਲ,ਕਿਉਂ ਕੈਪਟਨ ਰੇਸ ਤੋਂ ਹੋਏ ਬਾਹਰ ?

ਬੀਜੇਪੀ ਨੇ ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨੂੰ ਉਪ ਰਾਸ਼ਟਰਪਤੀ ਦਾ ਉਮੀਦਵਾਰ ਬਣਾਇਆ ਹੈ

‘ਦ ਖ਼ਾਲਸ ਬਿਊਰੋ : NDA ਨੇ ਉਪ ਰਾਸ਼ਟਰਪਤੀ ਦੇ ਲਈ ਆਪਣਾ ਉਮੀਦਵਾਰ ਐਲਾਨ ਕਰ ਦਿੱਤਾ ਹੈ । ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨੂੰ ਬੀਜੇਪੀ ਨੇ ਉਪ ਰਾਸ਼ਟਰਪਤੀ ਦੀ ਚੋਣ ਲਈ ਚੁਣਿਆ ਹੈ। ਮੌਜੂਦਾ ਸਿਆਸੀ ਸਮੀਕਰਣ ਮੁਤਾਬਿਕ ਜਗਦੀਪ ਧਨਖੜ ਦਾ ਉਪ ਰਾਸ਼ਟਰਪਤੀ ਵੱਜੋਂ ਚੁਣਿਆ ਜਾਣਾ ਤਕਰੀਬਨ ਤੈਅ ਹੈ। ਉਪ ਰਾਸ਼ਟਰਪਤੀ ਦੀ ਰੇਸ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਨਾਂ ਵੀ ਚੱਲ ਰਿਹਾ ਸੀ ਪਰ ਸਿਹਤ ਅਤੇ ਹੋਰ ਵਜ੍ਹਾ ਕਾਰਨ ਉਨ੍ਹਾਂ ਦਾ ਨਾਮ ਪਿੱਛੇ ਰਹਿ ਗਿਆ ।

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ

ਕੌਣ ਨੇ ਜਗਦੀਪ ਧਨਖੜ ?

ਬੀਜੇਪੀ ਦੇ ਉਪ ਰਾਸ਼ਟਰਪਤੀ ਦੇ ਉਮੀਦਵਾਰ ਜਗਦੀਪ ਧਨਖੜ ਪਿਛਲੇ 4 ਸਾਲ ਤੋਂ ਪੱਛਮੀ ਬੰਗਾਲ ਦੇ ਰਾਜਪਾਲ ਹਨ। ਧਨਖੜ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਟਕਰਾਅ ਦੌਰਾਨ ਚਰਚਾ ਵਿੱਚ ਰਹੇ । ਅਜਿਹੇ ਕਈ ਮਾਮਲੇ ਸਾਹਮਣੇ ਆਏ ਜਦੋਂ ਰਾਜਪਾਲ ਅਤੇ ਮੁੱਖ ਮੰਤਰੀ ਆਹਮੋ-ਸਾਹਮਣੇ ਆਏ। ਪੇਸ਼ੇ ਤੋਂ ਵਕੀਲ ਰਹੇ ਧਨਖੜ ਦੀ ਇਸ ਕਾਬਲੀਅਤ ਨੂੰ ਬੀਜੇਪੀ ਵੀ ਚੰਗੀ ਤਰ੍ਹਾਂ ਜਾਣ ਦੀ ਸੀ ਇਸ ਲਈ ਉਨ੍ਹਾਂ ਨੇ ਮਮਤਾ ਦੇ ਸਾਹਮਣੇ ਉਨ੍ਹਾਂ ਨੂੰ ਰਾਜਪਾਲ ਬਣਾਇਆ। ਰਾਜਸਥਾਨ ਦੇ ਝੁੰਝਨੂ ਦੇ ਰਹਿਣ ਵਾਲੇ ਜਗਦੀਪ ਧਨਖੜ ਨਾ ਸਿਰਫ਼ ਉਪ ਰਾਸ਼ਟਰਪਤੀ ਬਣਨਗੇ ਬਲਕਿ ਰਾਜ ਸਭਾ ਦੇ ਸਭਾਪਤੀ ਵੀ ਹੋਣਗੇ। ਲੋਕ ਸਭਾ ਦੇ ਸਪੀਕਰ ਓਮ ਬਿਡਲਾ ਵੀ ਰਾਜਸਥਾਨ ਦੇ ਕੋਟਾ ਤੋਂ ਹੀ ਆਉਂਦੇ ਹਨ । ਯਾਨੀ ਦੋਵੇ ਸਦਨ ਨੂੰ ਚਲਾਉਣ ਵਾਲੇ ਆਗੂ ਰਾਜਸਥਾਨ ਤੋਂ ਹੋਣਗੇ ।

ਜਗਦੀਪ ਧਨਖੜ ਦਾ ਸਿਆਸੀ ਸਫ਼ਰ

ਬੀਜੇਪੀ ਦੇ ਉਪ ਰਾਸ਼ਟਰਪਤੀ ਦੇ ਉਮੀਦਵਾਰ ਜਗਦੀਪ ਪੇਸ਼ੇ ਤੋਂ ਵਕੀਲ ਨੇ ਅਤੇ ਉਨ੍ਹਾਂ ਨੇ ਰਾਜਸਥਾਨ ਹਾਈਕੋਰਟ ਤੋਂ ਲੈਕੇ ਸੁਪਰੀਮ ਕੋਰਟ ਤੱਕ ਕਈ ਹਾਈਪ੍ਰੋਫਾਈਲ ਕੇਸ ਲੜੇ। ਜੇਪੀ ਅੰਦੋਲਨ ਦੌਰਾਨ ਉਹ ਸਿਆਸਤ ਵਿੱਚ ਸਰਗਰਮ ਰਹੇ। ਉਹ ਸਾਬਕਾ ਉਪ ਪ੍ਰਧਾਨ ਦੇਵੀਲਾਲ ਅਤੇ ਸਾਬਕਾ ਉਪ ਰਾਸ਼ਟਰਪਤੀ ਭੈਰੋ ਸਿੰਘ ਸ਼ੇਖਾਵਤ ਦੇ ਵੀ ਕਾਫ਼ੀ ਨਜ਼ਦੀਕੀ ਰਹੇ । ਸਿਰਫ਼ ਇੰਨਾਂ ਹੀ ਨਹੀਂ ਉਹ ਜਨਤਾ ਦਲ ਤੋਂ ਐੱਮਪੀ ਰਹੇ ਅਤੇ ਕਾਂਗਰਸ ਤੋਂ ਵਿਧਾਇਕ ਵੀ ਰਹੇ। ਕੇਂਦਰ ਵਿੱਚ ਕਾਨੂੰਨ ਮੰਤਰੀ ਦਾ ਅਹੁਦਾ ਵੀ ਸੰਭਾਲਿਆ, ਧਨਖੜ ਦਾ ਦੇਸ਼ ਦੀਆਂ ਸਾਰੀਆਂ ਹੀ ਪਾਰਟੀਆਂ ਨਾਲ ਚੰਗਾ ਰਿਸ਼ਤਾ ਰਿਹਾ ਹੈ। ਜਗਦੀਪ ਧਨਖੜ ਦੇ ਭਰਾ ਰਣਦੀਪ ਧਨਖੜ ਕਾਂਗਰਸ ਦੇ ਆਗੂ ਹਨ । ਪਿਛਲੀ ਕਾਂਗਰਸ ਦੀ ਸਰਕਾਰ ਵਿੱਚ ਉਹ ਰਾਜਸਥਾਨ ਸੈਰ-ਸਪਾਟਾ ਵਿਕਾਸ ਨਿਗਮ ਦੇ ਪ੍ਰਧਾਨ ਵੀ ਰਹੇ ।

RSS ਦੇ ਨਜ਼ਦੀਕ ਰਹੇ

90 ਦੇ ਦਹਾਰੇ ਵਿੱਚ ਜਦਦੀਪ ਧਨਖੜ RSS ਦੇ ਕਾਫੀ ਨਜ਼ਦੀਕ ਆ ਗਏ । ਉਨ੍ਹਾਂ ਨੇ ਵਕੀਲਾਂ ਦਾ ਸੰਗਠਨ ਬਣਾ ਕੇ ਉਨ੍ਹਾਂ ਨੂੰ RSS ਨਾਲ ਜੋੜਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਉਹ RSS ਦੇ ਕਈ ਅਹਿਮ ਅਹੁਦਿਆਂ ‘ਤੇ ਰਹੇ। ਪੱਛਮੀ ਬੰਗਾਲ ਦਾ ਰਾਜਪਾਲ ਬਣਨ ਤੋਂ ਪਹਿਲਾਂ ਤੱਕ ਉਹ RSS ਵਿੱਚ ਕਾਫੀ ਐਕਟਿਵ ਸਨ ।

ਜਗਦੀਪ ਧਨਖੜ ਦੀ ਜਿੱਤ ਤੈਅ ਹੈ

ਉਪ ਰਾਸ਼ਟਰਪਤੀ ਦੀ ਚੋਣ ਵਿੱਚ ਲੋਕ ਸਭਾ ਅਤੇ ਰਾਜ ਸਭਾ ਦੇ ਐੱਮਪੀ ਹੀ ਵੋਟ ਪਾ ਸਕਦੇ ਹਨ। ਇਸ ਲਿਹਾਜ਼ ਨਾਲ ਬੀਜੇਪੀ ਆਪਣੇ ਦਮ ‘ਤੇ ਜਗਦੀਪ ਧਨਖੜ ਨੂੰ ਜਿਤਾ ਸਕਦੀ ਹੈ। ਜਿੱਤਣ ਦੇ ਲਈ 391 ਵੋਟਾਂ ਦੀ ਜ਼ਰੂਰਤ ਹੈ,ਲੋਕ ਸਭਾ ਅਤੇ ਰਾਜ ਸਭਾ ਨੂੰ ਮਿਲਾਕੇ
780 ਐੱਮਪੀ ਨੇ ਬੀਜੇਪੀ ਦੇ ਲੋਕ ਸਭਾ ਵਿੱਚ ਆਪਣੇ ਮੈਂਬਰ 303 ਨੇ ਜਦਕਿ ਰਾਜ ਸਭਾ ਵਿੱਚ 91 ਨੇ ਯਾਨੀ ਕੁੱਲ ਮਿਲਾ ਕੇ 394 ਵੋਟ ਬੀਜੇਪੀ ਕੋਲ ਨੇ ਉਧਰ ਭਾਈਵਲ ਪਾਰਟੀਆਂ ਦੇ ਲੋਕ ਸਭਾ ਵਿੱਚ 31 ਅਤੇ ਰਾਜ ਸਭਾ ਵਿੱਚ 16 ਮੈਂਬਰ ਨੇ ਇਸ ਲਿਹਾਜ਼ ਨਾਲ 446 ਵੋਟ ਜਗਦੀਪ ਧਨਖੜ ਦੇ ਹੱਕ ਵਿੱਚ ਭੁਗਤ ਸਕਦੇ ਹਨ ।