‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਅਕਾਲੀ ਦਲ ਸਿਆਸੀ ਹਾਸ਼ੀਏ ਤੋਂ ਅੰਦਰ ਆਉਣ ਲਈ ਲਗਾਤਾਰ ਆਹੁੜ ਪਾਹੁੜ ਕਰ ਰਿਹਾ ਹੈ। ਕਦੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਚੁੱਕ ਰਿਹਾ ਹੈ ਤੇ ਕਦੇ ਦੋ ਪੰਜਾਬੀ ਗਾਇਕਾਂ ਸਿੱਧੂ ਮੂਸੇਵਾਲਾ ਅਤੇ ਕੰਵਰ ਗਰੇਵਾਲ ਦੇ ਬੈਨ ਕੀਤੇ ਗਾਣਿਆਂ ਦੇ ਵਿਰੋਧ ਵਿੱਚ ਹੂਕ ਦੇਣ ਲੱਗਾ ਹੈ। ਦੋਹਾਂ ਪੰਜਾਬੀ ਗਾਇਕਾਂ ਦੇ ਗੀਤਾਂ ਉੱਤੇ ਕੇਂਦਰ ਵੱਲੋਂ ਪਾਬੰਦੀ ਲਾਏ ਜਾਣ ਦੇ ਵਿਰੋਧ ਵਿੱਚ ਅਕਾਲੀ ਦਲ ਵੱਲੋਂ ਅੱਜ ਟਰੈਕਟਰ ਰੋਸ ਮਾਰਚ ਕੱਢਿਆ ਗਿਆ।
ਟਰੈਕਟਰ ਰੈਲੀ ਤੋਂ ਬਾਅਦ ਅਕਾਲੀ ਦਲ ਨੇ ਸੰਗਰੂਰ ਦੇ ਡਿਪਟੀ ਕਮਿਸ਼ਨਰ ਦਫਤਰ ਅੱਗੇ ਜਾ ਕੇ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਸਿੱਧੂ ਮੂਸੇਵਾਲਾ ਦੇ ਗੀਤ SYL ਅਤੇ ਕੰਵਰ ਗਰੇਵਾਲ ਦਾ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ‘ਤੇ ਰਿਲੀਜ਼ ਗੀਤ ਰਿਹਾਈ ਨੂੰ ਬੈਨ ਕਰਨ ਦਾ ਸ਼੍ਰੋਮਣੀ ਅਕਾਲੀ ਦਲ ਨੇ ਵਿਰੋਧ ਕੀਤਾ ਹੈ।
ਅਕਾਲੀ ਦਲ ਦੇ ਆਗੂਆਂ ਨੇ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਇਸ ਗੀਤ ਵਿੱਚ ਕੁਝ ਵੀ ਵਿਵਾਦਤ ਨਹੀਂ ਹੈ, ਇਨ੍ਹਾਂ ‘ਤੇ ਪਾਬੰਦੀ ਨਾ ਲਗਾਈ ਜਾਵੇ, ਬੰਦੀ ਸਿੱਖਾਂ ਦੀ ਰਿਹਾਈ ਕੀਤੀ ਜਾਵੇ। ਇਹਨਾਂ ਗੀਤਾਂ ਵਿੱਚ SYL ਅਤੇ ਪੰਜਾਬ ਦੇ ਅਧਿਕਾਰਾਂ ਦੀ ਗੱਲ ਕੀਤੀ ਗਈ ਹੈ। ਉੱਧਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਅਕਾਲੀ ਦਲ ਦੇ ਇੱਕ ਵਫ਼ਦ ਨੇ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੀ ਹੱਤਿਆ ਦੀ ਸੀਬੀਆਈ ਜਾਂਚ ਦੀ ਮੰਗ ਕਰਦਿਆਂ ਇਸ ਸਬੰਧ ਵਿਚ ਰਾਜਪਾਲ ਨੂੰ ਮੰਗ ਪੱਤਰ ਸੌਂਪਿਆ। ਉਨ੍ਹਾਂ ਨੇ ਮੁੱਖ ਮੰਤਰੀ ਮਾਨ ਦੇ ਚੰਡੀਗੜ੍ਹ ਵਿਚ ਵਿਧਾਨ ਸਭਾ ਬਣਾਉਣ ਲਈ ਦਿੱਤੇ ਬਿਆਨ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ ਕਿ ਪੰਜਾਬ ਦੇ ਹਿੱਸੇ ਨੂੰ ਕਿਸੇ ਹੋਰ ਨੂੰ ਦਿੱਤਾ ਜਾਵੇ।