India Punjab

ਸਿੱਧੂ ਨੂੰ ਸਭ ਤੋਂ ਨੇੜਿਉਂ ਗੋਲੀਆਂ ਮਾਰਨ ਵਾਲੇ ਨੂੰ ਰਿੜਕੇਗੀ ਹੁਣ ਪੰਜਾਬ ਪੁਲਿਸ

 ਖਾਲਸ ਬਿਊਰੋ:ਸਿੱਧੂ ਕਤਲਕਾਂਡ ਵਿੱਚ ਸ਼ਾਮਿਲ ਸਭ ਤੋਂ ਘੱਟ ਉਮਰ ਦੇ ਸ਼ਾਰਪ ਸ਼ੂਟਰ ਅੰਕਿਤ ਸੇਰਸਾ ਤੇ ਸਚਿਨ ਚੌਧਰੀ ਦਾ ਪੰਜਾਬ ਪੁਲਿਸ ਨੂੰ ਇੱਕ ਦਿਨ ਦਾ ਟਰਾਂਜ਼ਿਟ ਰਿਮਾਂਡ ਮਿਲ ਗਿਆ ਹੈ ਤੇ ਇਹਨਾਂ ਦੋਹਾਂ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਤੇ ਇਹਨਾਂ ਨੂੰ ਪੰਜਾਬ ਲਿਆਂਦਾ ਜਾ ਰਿਹਾ ਹੈ।ਪੰਜਾਬ ਪੁਲਿਸ ਅੱਜ ਇਹਨਾਂ ਦੇ ਟਰਾਂਜਿਟ ਰਿਮਾਂਡ ਲੈਣ ਲਈ ਪਟਿਆਲਾ ਹਾਊਸ ਅਦਾਲਤ ਪਹੁੰਚੀ ਸੀ,ਜਿਥੇ ਇਹਨਾਂ ਦੋਹਾਂ ਨੂੰ ਪੇਸ਼ ਕੀਤਾ ਗਿਆ ਤੇ ਪੰਜਾਬ ਪੁਲਿਸ ਨੂੰ ਇਹਨਾਂ ਦਾ ਇੱਕ ਦਿਨ ਦਾ ਟਰਾਂਜਿਟ ਰਿਮਾਂਡ ਦੇ ਦਿੱਤਾ ਗਿਆ। ਅਦਾਲਤ ਨੇ ਮੁਲਜ਼ਮਾਂ ਦੀ ਸੁਰੱਖਿਆ ਲਈ ਪੰਜਾਬ ਪੁਲੀਸ ਨੂੰ ਸਖ਼ਤ ਸੁਰੱਖਿਆ ਦੇ ਨਿਰਦੇਸ਼ ਦਿੱਤੇ ਹਨ। ਅੰਕਿਤ ਸਾਰੇ 6 ਸ਼ੂਟਰਾਂ ਵਿੱਚੋਂ ਸਭ ਤੋਂ ਘੱਟ ਉਮਰ ਦਾ ਸ਼ੂਟਰ ਸੀ, ਜਿਸ ਨੇ ਮੂਸੇਵਾਲਾ ‘ਤੇ ਦੋਵਾਂ ਹੱਥਾਂ ਨਾਲ ਗੋਲੀਆਂ ਚਲਾਈਆਂ ਸਨ। ਪੰਜਾਬ ਲਿਆ ਕੇ ਇਹਨਾਂ ਦਾ ਮੈਡੀਕਲ ਕਰਾਇਆ ਜਾਵੇਗਾ ਤੇ ਫਿਰ ਇਹਨਾਂ ਦਾ ਪੁਲਿਸ ਰਿਮਾਂਡ ਲੈਣ ਲਈ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਅੰਕਿਤ ਪ੍ਰਿਅਵਰਤ ਫੌਜੀ ਦਾ ਕਰੀਬੀ ਸੀ, ਜਿਸ ਨੂੰ ਕੁਝ ਦਿਨ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀ। ਸਿੱਧੂ ਮੂਸੇ ਵਾਲਾ ਦੇ ਕਤਲ ਤੋਂ ਬਾਅਦ ਪ੍ਰਿਅਵਰਤ ਅਤੇ ਅੰਕਿਤ ਦੋਵੇਂ ਇਕੱਠੇ ਫਰਾਰ ਹੋਏ ਸਨ।ਇਹ ਦੋਵੇਂ ਬਾਕੀ ਸ਼ੂਟਰਾਂ ਨਾਲ ਬੋਲੈਰੋ ਵਿੱਚ ਸਨ ਜੋ ਸਿੱਧੂ ਮੂਸੇ ਵਾਲਾ ਦੀ ਥਾਰ ਦਾ ਪਿਛਾ ਕਰ ਰਹੀ ਸੀ,ਜਦੋਂ ਕਿ ਦੂਜੇ ਸ਼ੂਟਰ ਮਨਪ੍ਰੀਤ ਮੰਨੂ ਅਤੇ ਜਗਰੂਪ ਰੂਪਾ ਕੋਰੋਲਾ ਵਿੱਚ ਸਨ। ਅੰਕਿਤ ਦੀ ਗ੍ਰਿਫਤਾਰੀ ਪ੍ਰਿਅਵਰਤ ਵੱਲੋਂ ਦਿੱਤੀ ਗਈ ਸੂਚਨਾ ‘ਤੇ ਆਧਾਰ ‘ਤੇ ਹੋਈ ਹੈ। ਸੇਰਸਾ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਸਚਿਨ ਭਿਵਾਨੀ ਦੇ ਨਾਲ ਗ੍ਰਿਫਤਾਰ ਕੀਤਾ ਸੀ, ਜਿਸ ਤੇ ਮੂਸੇਵਾਲਾ ਦੀ ਹੱਤਿਆ ਵਿੱਚ ਸ਼ਾਮਲ ਚਾਰ ਸ਼ੂਟਰਾਂ ਨੂੰ ਪਨਾਹ ਦੇਣ ਦਾ ਇਲਜ਼ਾਮ ਹੈ। ਪੁਲਿਸ ਅਨੁਸਾਰ ਇਹ ਦੋਵੇਂ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਗੈਂਗ ਦਾ ਹਿੱਸਾ ਹਨ। ਹਰਿਆਣਾ ਦੇ ਪਿੰਡ ਸੇਰਸਾ ਦਾ ਵਸਨੀਕ ਅੰਕਿਤ ਦੇ ਉਤੇ ਰਾਜਸਥਾਨ ਵਿੱਚ ਕਤਲ ਦੀ ਕੋਸ਼ਿਸ਼ ਦੇ ਦੋ ਹੋਰ ਕੇਸ ਵੀ ਦਰਜ ਹਨ।