‘ਦ ਖ਼ਾਲਸ ਬਿਊਰੋ : ਤਰਨ ਤਾਰਨ ਪ੍ਰਸ਼ਾਸਨ ਨੇ ਉੱਥੇ ਹੋਣ ਵਾਲੀ ਡੇਰਾ ਸਿਰਸਾ ਵੱਲੋਂ ਵਰਚੁਅਲੀ ਕਰਵਾਈ ਜਾਣ ਵਾਲੀ ਨਾਮ ਚਰਚਾ ਸਿੱਖ ਜਥੇਬੰਦੀਆਂ ਦੇ ਤਿੱਖੇ ਵਿਰੋਧ ਮਗਰੋਂ ਰੱਦ ਕਰਵਾਉਣੀ ਪਈ। ਦੋਵੇਂ ਧਿਰਾਂ ਦਰਮਿਆਨ ਕਿਸੇ ਸੰਭਾਵੀ ਤਕਰਾਰ ਨੂੰ ਰੋਕਣ ਲਈ ਪ੍ਰਸ਼ਾਸਨ ਵੱਲੋਂ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਇਨਾਤ ਕੀਤੇ ਗਏ ਸਨ। ਇਸ ਮੌਕੇ ਐੱਸਪੀ (ਹੈੱਡਕੁਆਰਟਰ) ਵਿਸ਼ਾਲਜੀਤ ਸਿੰਘ ਸਣੇ ਦੋ ਡੀਐੱਸਪੀਜ਼ ਦੀ ਅਗਵਾਈ ਹੇਠ ਜ਼ਿਲ੍ਹੇ ਭਰ ਤੋਂ ਪੁਲਿਸ ਬਲ ਸੱਦੇ ਗਏ ਸਨ।
ਜਾਣਕਾਰੀ ਅਨੁਸਾਰ ਤਰਨ ਤਾਰਨ-ਅੰਮ੍ਰਿਤਸਰ ਸੜਕ ਸਥਿਤ ਇੱਕ ਰਿਜ਼ੌਰਟ ਵਿੱਚ ਹੋਣ ਵਾਲੀ ਨਾਮ-ਚਰਚਾ ਵਿੱਚ ਸ਼ਾਮਲ ਹੋਣ ਵਾਲੇ ਲਗਪਗ 800 ਪੈਰੋਕਾਰਾਂ ਲਈ ਲੰਗਰ ਆਦਿ ਦਾ ਬੰਦੋਬਸਤ ਕੀਤਾ ਗਿਆ ਸੀ। ਇਸ ਨਾਮ-ਚਰਚਾ ਨੂੰ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੇ ਸੰਬੋਧਨ ਕਰਨਾ ਸੀ, ਜਿਸ ਬਾਰੇ ਜਾਣਕਾਰੀ ਮਿਲਣ ਮਗਰੋਂ ਦਮਦਮੀ ਟਕਸਾਲ ਵਾਲੇ ਭਾਈ ਅਮਰੀਕ ਸਿੰਘ ਅਜਨਾਲਾ ਤੇ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਆਗੂ ਪਰਗਟ ਸਿੰਘ ਝਬਾਲ ਨੇ ਸਿੱਖ ਜਥੇਬੰਦੀਆਂ ਨਾਲ ਸਬੰਧਤ ਕਾਰਕੁਨਾਂ ਨੂੰ ਨਾਲ ਲੈ ਕੇ ਐੱਸਐੱਸਪੀ ਰਣਜੀਤ ਸਿੰਘ ਢਿੱਲੋਂ ਸਾਹਮਣੇ ਵਿਰੋਧ ਜ਼ਾਹਰ ਕੀਤਾ ਤੇ ਕਿਸੇ ਵੀ ਕੀਮਤ ’ਤੇ ਸਮਾਗਮ ਨਾ ਹੋਣ ਦੇਣ ਦੀ ਚਿਤਾਵਨੀ ਦਿੱਤੀ ਗਈ।
ਇਸ ਮਗਰੋਂ ਪ੍ਰਸ਼ਾਸਨ ਵੱਲੋਂ ਨਾਮ ਚਰਚਾ ਦੇ ਪ੍ਰਬੰਧਕਾਂ ਨੂੰ ਸਮਾਗਮ ਕਰਨ ਤੋਂ ਰੋਕ ਦਿੱਤਾ ਗਿਆ| ਉਧਰ ਡੇਰਾ ਸਿਰਸਾ ਦੇ ਭੰਗੀਦਾਸ ਹਰਜਿੰਦਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਵਾਈ-ਫਾਈ ਵਿੱਚ ਰੁਕਾਵਟ ਆ ਜਾਣ ਕਰਕੇ ਇਹ ਸਮਾਗਮ ਅੱਗੇ ਪਾਇਆ ਗਿਆ ਹੈ। ਡਿਪਟੀ ਕਮਿਸ਼ਨਰ ਮੋਨੀਸ਼ ਕੁਮਾਰ ਨੇ ਕਿਹਾ ਕਿ ਸਮਾਗਮ ਕੀਤੇ ਜਾਣ ਲਈ ਡੇਰਾ ਸਿਰਸਾ ਵੱਲੋਂ ਪ੍ਰਸ਼ਾਸਨ ਕੋਲੋਂ ਆਗਿਆ ਨਹੀਂ ਲਈ ਗਈ ਸੀ।