150 ਯੂਨਿਟ ਦੀਆਂ ਦਰਾਂ ‘ਚ 25 ਪੈਸੇ ਪ੍ਰਤੀ ਯੂਨਿਟ ਦਾ ਵਾਧਾ ਕੀਤਾ ਗਿਆ ਹੈ
‘ਦ ਖ਼ਾਲਸ ਬਿਊਰੋ : ਭਗਵੰਤ ਮਾਨ ਸਰਕਾਰ ਨੇ ਜੁਲਾਈ ਤੋਂ ਪੰਜਾਬ ਵਿੱਚ 2 ਮਹੀਨੇ ਲਈ 600 ਯੂਨਿਟ ਫ੍ਰੀ ਬਿਜਲੀ ਦਾ ਐਲਾਨ ਕੀਤਾ ਸੀ, ਇਸ ਨਾਲ ਲੋਕਾਂ ਨੂੰ ਕਾਫੀ ਰਾਹਤ ਮਿਲੀ ਸੀ ਪਰ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਦੇ ਲੋਕਾਂ ਦੇ ਸਿਰ ‘ਤੇ ਬਿਜਲੀ ਦਾ ਬੋਝ ਵੱਧ ਗਿਆ ਹੈ। ਸੰਯੁਕਤ ਬਿਜਲੀ ਰੈਗੁਲੇਟਰੀ ਕਮਿਸ਼ਨ ਨੇ ਬਿਜਲੀ ਦੀਆਂ ਦਰਾਂ ਵਿੱਚ ਵਾਧਾ ਕਰ ਦਿੱਤਾ ਹੈ। ਜਦਕਿ ਇਸੇ ਸਾਲ ਪ੍ਰਸ਼ਾਸਨ ਨੇ ਬਿਜਲੀ ਦੀਆਂ ਦਰਾਂ ਨਾ ਵਧਾਉਣ ਦਾ ਭਰੋਸਾ ਦਿੱਤਾ ਸੀ।
ਚੰਡੀਗੜ੍ਹ ਦੇ ਲੋਕਾਂ ਲਈ ਬਿਜਲੀ ਮਹਿੰਗੀ
ਸੰਯੁਕਤ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ 2022-23 ਲਈ ਬਿਜਲੀ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਹੈ। ਇਸ ਨਾਲ ਪਹਿਲੀਆਂ 150 ਯੂਨਿਟਾਂ ਦੀ ਵਰਤੋਂ ਕਰਨ ਵਾਲੇ ਘਰੇਲੂ ਖ਼ਪਤਕਾਰਾਂ ‘ਤੇ ਹੁਣ ਵਾਧੂ ਬੋਝ ਪਵੇਗਾ। 150 ਯੂਨਿਟ ਖਰਚ ਕਰਨ ਵਾਲਿਆਂ ਨੂੰ 2.75 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਦੇਣਾ ਹੋਵੇਗਾ । ਜਦਕਿ ਇਸ ਤੋਂ ਪਹਿਲਾਂ ਖਪਤਕਾਰਾਂ ਨੂੰ 2.50 ਰੁਪਏ ਪ੍ਰਤੀ ਯੂਨਿਟ ਦੇਣਾ ਹੁੰਦਾ ਸੀ । 150 ਤੋਂ 400 ਯੂਨਿਟਾਂ ਤੱਕ 4.25 ਰੁਪਏ ਅਤੇ 400 ਯੁਨਿਟ ਤੋਂ ਵੱਧ ਯੂਨਿਟਾਂ ਲਈ 4.65 ਰੁਪਏ ਪ੍ਰਤੀ ਯੂਨਿਟ ਹੀ ਰਹੇਗਾ ਜੋ ਪਹਿਲਾਂ ਵਾਲੀਆਂ ਹੀ ਦਰਾਂ ਹਨ । ਇਸੇ ਸਾਲ ਅਪਰੈਲ ਵਿੱਚ ਬਿਜਲੀ ਦੀਆਂ ਕੀਮਤਾਂ ਵਿੱਚ ਕੋਈ ਵਾਧਾ ਨਾ ਕਰਨ ਦਾ ਐਲਾਨ ਕੀਤਾ ਸੀ।
ਇਸ ਮਹੀਨੇ ਤੋਂ ਲਾਗੂ ਹੋਣਗੀਆਂ ਦਰਾਂ
ਚੰਡੀਗੜ੍ਹ ਵਿੱਚ ਬਿਜਲੀ ਦੀਆਂ ਵੱਧੀ ਹੋਇਆਂ ਦਰਾਂ ਇਸੇ ਸਾਲ ਅਪਰੈਲ ਤੋਂ ਹੀ ਲਾਗੂ ਹੋਣਗੀਆਂ, ਇਸ ਦਾ ਮਤਲਬ ਹੈ ਕਿ ਲੋਕਾਂ ਦੇ ਬਿੱਲਾਂ ਵਿੱਚ ਏਰੀਅਰ ਲੱਗ ਕੇ ਆਵੇਗਾ। ਸ਼ਹਿਰ ਵਿੱਚ ਕੁੱਲ ਖ਼ਪਤਕਾਰਾਂ ਦੀ ਗਿਣਤੀ 2.34 ਲੱਖ ਹੈ, ਜਿੰਨਾਂ ਵਿੱਚੋਂ ਵਪਾਰਕ ਖ਼ਪਤਕਾਰ 28 ਹਜ਼ਾਰ ਹਨ। ਜਦਕਿ ਘਰੇਲੂ ਖਪਤਕਾਰ 2.01 ਲੱਖ ਨੇ, ਵੱਡੇ 100 ਖ਼ਪਤਕਾਰ ਹਨ।