29 ਮਈ ਨੂੰ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ
‘ਦ ਖ਼ਾਲਸ ਬਿਊਰੋ :- ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਮਾਪਿਆਂ ਨੇ ਨਾ ਸਿਰਫ਼ ਆਪਣਾ ਜਵਾਨ ਮੁੰਡਾ ਗਵਾਇਆ ਬਲਕਿ ਉਨ੍ਹਾਂ ਦਾ ਉਹ ਸੁਪਨਾ ਵੀ ਹਮੇਸ਼ਾ ਲਈ ਚਕਨਾਚੂਰ ਹੋ ਗਿਆ ਜੋ ਹਰ ਮਾਪੇ ਆਪਣੇ ਪੁੱਤਰ ਦੇ ਜਵਾਨ ਹੋਣ ‘ਤੇ ਵੇਖ ਦੇ ਨੇ। ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਦੱਸਿਆ ਕਿ ਸਿੱਧੂ ਦਾ ਵਿਆਹ ਅਪ੍ਰੈਲ ਵਿੱਚ ਤੈਅ ਹੋ ਗਿਆ ਸੀ ਪਰ ਉਸ ਦੇ ਕਹਿਣ ‘ਤੇ ਇਸ ਨੂੰ ਨਵੰਬਰ ਤੱਕ ਟਾਲ ਦਿੱਤਾ ਗਿਆ। ਇਸ ਦੇ ਪਿੱਛੇ ਦੀ ਵਜ੍ਹਾ ਦਾ ਵੀ ਮਾਂ ਨੇ ਖੁਲਾਸਾ ਕੀਤਾ।
ਇਹ ਸੀ ਵਿਆਹ ਟਾਲਣ ਦੇ ਪਿੱਛੇ ਵਜ੍ਹਾ
ਸਿੱਧੂ ਮੂਸੇਵਾਲਾ ਦੇ ਪਰਿਵਾਰ ਮੁਤਾਬਿਕ ਉਸ ਦਾ ਵਿਆਹ ਅਪ੍ਰੈਲ ਵਿੱਚ ਤੈਅ ਹੋਇਆ ਸੀ ਪਰ ਚੋਣ ਵਿੱਚ ਮਿਲੀ ਹਾਰ ਤੋਂ ਬਾਅਦ ਸਿੱਧੂ ਮੂਸੇਵਾਲਾ ਨੇ ਵਿਆਹ ਨਵੰਬਰ ਤੱਕ ਟਾਲ ਦਿੱਤਾ ਸੀ, ਮਾਂ ਚਰਨ ਕੌਰ ਮੁਤਾਬਿਕ ਸਿੱਧੂ ਮੂਸੇਵਾਲਾ ਦਾ ਵਿਆਹ ਅਮਨਦੀਪ ਕੌਰ ਨਾਲ ਤੈਅ ਹੋਇਆ ਸੀ। ਅਮਨਦੀਪ ਸੰਗਰੇਡੀ ਪਿੰਡ ਦੀ ਰਹਿਣ ਵਾਲੀ ਸੀ ਅਤੇ ਉਸ ਨੂੰ ਕੈਨੇਡਾ ਦੀ PR ਵੀ ਹਾਸਲ ਸੀ। ਦੋਵਾਂ ਨੇ 2 ਸਾਲ ਪਹਿਲਾਂ ਹੀ ਵਿਆਹ ਕਰਨ ਦਾ ਫੈਸਲਾ ਲਿਆ ਸੀ, ਪਰ ਪਰਿਵਾਰ ਦੀ ਪੁੱਤਰ ਦੇ ਵਿਆਹ ਦੀ ਰੀਝ ਦਿਲ ਵਿੱਚ ਹੀ ਰਹਿ ਗਈ। 29 ਮਈ ਨੂੰ ਸਿੱਧੂ ਮੂਸੇਵਾਾਲ ਜਦੋਂ ਆਪਣੇ ਘਰ ਤੋਂ ਥਾਰ ਜੀਪ ਵਿੱਚ ਨਿਕਲਿਆ ਤਾਂ 6 ਸ਼ਾਰਪ ਸ਼ੂਟਰਾਂ ਵੱਲੋਂ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ। ਪੁਲਿਸ ਨੇ ਹੁਣ ਤੱਕ 3 ਸ਼ਾਰਪ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਹੈ, ਸਿੱਧੂ ਮੂਸੇਵਾਲਾ ਦੇ ਪਿਤਾ ਹੁਣ ਤੱਕ ਦੀ ਪੁਲਿਸ ਜਾਂਚ ਤੋਂ ਨਾਖੁਸ਼ ਨਜ਼ਰ ਆ ਰਹੇ ਨੇ, ਉਨ੍ਹਾਂ ਨੇ ਕੁੱਝ ਦਿਨ ਪਹਿਲਾਂ ਬਿਆਨ ਦਿੱਤਾ ਸੀ ਕਿ ਹੁਣ ਵੀ ਕਾਤਲ ਖੁੱਲ੍ਹੇ ਘੁੰਮ ਰਹੇ ਨੇ ਅਤੇ ਕਿਸੇ ਹੋਰ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਨੇ, ਸਿਰਫ਼ ਇੰਨਾਂ ਹੀ ਨਹੀਂ ਪਿਤਾ ਬਲਕੌਰ ਸਿੰਘ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਗੈਂਗਸਟਰ ਸੂਬੇ ਵਿੱਚ ਪੈਰਲਰ ਸਰਕਾਰ ਚਲਾ ਰਹੇ ਨੇ। ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰ ਮਾਇੰਡ ਲਾਰੈਂਸ ਬਿਸ਼ਨੋਈ ਅਤੇ ਕੈਨੇਡਾ ਵਿੱਚ ਬੈਠਾ ਗੋਲਡੀ ਬਰਾੜ ਸੀ। ਦੋਵਾਂ ਨੇ ਹੀ ਮਿਲਕੇ ਕਤਲ ਦਾ ਪੂਰਾ ਪਲਾਨ ਤਿਆਰ ਕੀਤਾ ਸੀ।