India

ਬੀਜੇਪੀ ਦਾ OPEATION LOTUS 5 ਸੂਬਿਆਂ ‘ਚ ਸ਼ੁਰੂ, ਪੰਜਾਬ ‘ਚ ਵੀ ਅਲਰਟ !

ਮਹਾਰਾਸ਼ਟਰ ਵਿੱਚ ਬੀਜੇਪੀ ਸ਼ਿਵਸੈਨਾ ਨੂੰ ਤੋੜ ਕੇ ਮੁੜ ਤੋਂ OPERATION LOUTUS ਦੇ ਜ਼ਰੀਏ ਵਜ਼ਾਰਤ ਵਿੱਚ ਆਈ

‘ਦ ਖ਼ਾਲਸ ਬਿਊਰੋ : ਮਹਾਰਾਸ਼ਟਰਾ ਵਿੱਚ operation lotus ਸਫ਼ਲ ਹੋਣ ਤੋਂ ਬਾਅਦ ਹੁਣ ਬੀਜੇਪੀ ਦੀਆਂ ਨਜ਼ਰਾਂ ਦੇਸ਼ ਦੇ ਉਨ੍ਹਾਂ ਸੂਬਿਆਂ ਵਿੱਚ ਨੇ ਜਿੱਥੇ ਗੈਰ ਬੀਜੇਪੀ ਸਰਕਾਰ ਹੈ ਜਾਂ ਫਿਰ ਚੋਣਾਂ ਨਜ਼ਦੀਕ ਹਨ। ਇਹ ਸੂਬੇ ਗੋਆ, ਹਿਮਾਚਲ ਪ੍ਰਦੇਸ਼, ਗੁਜਰਾਤ, ਰਾਜਸਥਾਨ, ਝਾਰਖੰਡ ਅਤੇ ਕਿਧਰੇ ਨਾ ਕਿਧਰੇ ਪੰਜਾਬ ਵੀ ਹੋ ਸਕਦਾ ਹੈ। ਬਜਟ ਇਜਲਾਸ ਦੌਰਾਨ ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਨੇ ਤੰਜ ਕੱਸ ਦੇ ਹੋਏ ਆਮ ਆਦਮੀ ਪਾਰਟੀ ਨੂੰ ਇਸ਼ਾਰਿਆਂ ਇਸ਼ਾਰਿਆਂ ਵਿੱਚ ਅਲਰਟ ਵੀ ਕੀਤਾ ਸੀ। ਪੰਜਾਬ ਵਿੱਚ ਬੀਜੇਪੀ ਨੇ ਕਾਂਗਰਸ ਵਿੱਚ ਸੰਨ੍ਹ ਮਾਰੀ ਤੇਜ਼ ਕਰ ਦਿੱਤੀ ਹੈ। ਕੈਪਟਨ ਹਮਾਇਤੀ ਕਈ ਦਿੱਗਜ ਸਾਬਕਾ ਕੈਬਨਿਟ ਮੰਤਰੀ ਬੀਜੇਪੀ ਵਿੱਚ ਸ਼ਾਮਲ ਹੋਏ ਹਨ । ਉਨ੍ਹਾਂ ਵਿੱਚ ਸਭ ਤੋਂ ਵੱਡਾ ਚਿਹਰਾ ਸੁਨੀਲ ਜਾਖੜ ਦਾ ਹੈ ਅਤੇ ਕਿਹਾ ਜਾ ਰਿਹਾ ਹੈ ਕੀ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਦਾ ਵੀ ਜਲਦ ਬੀਜੇਪੀ ਵੀ ਰਲੇਵਾਂ ਹੋਣ ਜਾ ਰਿਹਾ ਹੈ ।

ਬੀਜੇਪੀ ਵੱਲੋਂ ਆਪਰੇਸ਼ਨ ਲੋਟਸ ਦੀ ਤਿਆਰ

ਬੀਜੇਪੀ ਦਾ ਟੀਚਾ ਹੈ ਕਿ ਦੇਸ਼ ਵਿੱਚ ਕੋਈ ਵੀ ਵਿਰੋਧੀ ਧਿਰ ਨਾ ਰਹੇ ਜਿਹੜੇ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਜਾਵੇ। ਇਸ ਮਿਸ਼ਨ ਵਿੱਚ ਸਭ ਤੋਂ ਪਹਿਲਾਂ ਉਨ੍ਹਾਂ ਦੇ ਨਿਸ਼ਾਨੇ ‘ਤੇ ਕਾਂਗਰਸ ਹੈ। ਪਾਰਟੀ ਦੇ ਸੀਨੀਅਰ ਆਗੂਆਂ,ਸੂਬਾ ਪ੍ਰਭਾਰੀਆਂ ਨੂੰ ਇਸ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਮਹਾਰਾਸ਼ਟਰ ਤੋਂ ਬਾਅਦ ਗੋਆ ਵਿੱਚ ਆਪਰੇਸ਼ਨ ਲੋਟਸ ਸ਼ੁਰੂ ਵੀ ਹੋ ਗਿਆ ਹੈ ।

ਗੋਆ ਵਿੱਚ ਆਪਰੇਸ਼ਨ ਲੋਟਸ ਸ਼ੁਰੂ

40 ਵਿਧਾਨ ਸਭਾ ਵਾਲੀ ਗੋਆ ਵਿੱਚ ਬੀਜੇਪੀ ਦੀ ਸਰਕਾਰ ਹੈ ਪਰ ਇਸ ਸੂਬੇ ਵਿੱਚ ਵੀ ਬੀਜੇਪੀ ਨੇ ਆਪਰੇਸ਼ਨ ਲੋਟਸ ਸ਼ੁਰੂ ਕਰ ਦਿੱਤਾ ਹੈ। ਕਾਂਗਰਸ ਦੇ 11 ਵਿਧਾਇਕਾਂ ਨੂੰ ਆਪਣੇ ਨਾਲ ਮਿਲਵਾਉਣ ਦੀਆਂ ਚਰਚਾਵਾਂ ਹਨ। ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਦੇ ਸਾਰੇ ਵਿਧਾਇਕ ਬੀਜੇਪੀ ਵਿੱਚ ਸ਼ਾਮਲ ਹੋ ਸਕਦੇ ਹਨ। ਇਸ ਤੋਂ ਪਹਿਲਾਂ ਜਦੋਂ 2017 ਵਿੱਚ ਵੀ ਗੋਆ ਕਾਂਗਰਸ ਦੇ ਕਈ ਦਿੱਗਜ ਵਿਧਾਇਕ ਬੀਜੇਪੀ ਵਿੱਚ ਸ਼ਾਮਲ ਹੋ ਗਏ ਸਨ ।

ਰਾਜਸਥਾਨ ਵਿੱਚ ਆਪਰੇਸ਼ਨ ਲੋਟਸ ਦੀ ਮੁੜ ਤਿਆਰੀ

2 ਸਾਲ ਪਹਿਲਾਂ ਬੀਜੇਪੀ ਨੇ ਰਾਜਸਥਾਨ ਵਿੱਚ ਗਹਿਲੋਤ ਸਰਕਾਰ ਨੂੰ ਡਿਗਾਉਣ ਦੇ ਲਈ ਸਚਿਨ ਪਾਇਲਟ ਦੀ ਮਦਦ ਨਾਲ ਆਪਰੇਸ਼ਨ ਲੋਟਸ ਚਲਾਇਆ ਸੀ ਪਰ ਸਿਆਸਤ ਦੇ ਜਾਦੂਗਰ ਮੰਨੇ ਜਾਣ ਵਾਲੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਬੀਜੇਪੀ ਨੂੰ ਸਿਆਸਤ ਦੇ ਇਸ ਖੇਡ ਵਿੱਚ ਹਰਾ ਦਿੱਤਾ ਸੀ। ਬੀਜੇਪੀ ਦੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਕਈ ਵਾਰ ਇਸ ਦਾ ਜ਼ਿਕਰ ਕਰ ਚੁੱਕੇ ਹਨ। 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਰਾਜਸਥਾਨ ਵਿੱਚ ਵਿਧਾਨ ਸਭਾ ਚੋਣਾਂ ਹਨ। ਗਹਿਲੋਤ ਅਤੇ ਸਚਿਨ ਪਾਇਲਟ ਵਿੱਚ ਮੁੜ ਵਿਵਾਦ ਦੀਆਂ ਖ਼ਬਰਾ ਤੋਂ ਬਾਅਦ ਬੀਜੇਪੀ ਨੇ ਇੱਕ ਵਾਰ ਮੁੜ ਤੋਂ ਰਾਜਸਥਾਨ ਵਿੱਚ ਆਪਰੇਸ਼ਨ ਲੋਟਸ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਤਾਜ਼ਾ ਬਿਆਨ ਇਸ ਵੱਲ ਹੀ ਇਸ਼ਾਰਾ ਕਰ ਰਿਹਾ ਹੈ ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਬੀਜੇਪੀ ਮੁੜ ਤੋਂ ਰਾਜਸਥਾਨ ਵਿੱਚ ਆਪਰੇਸ਼ਨ ਲੋਟਸ ਚਲਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਹਿਮਾਚਲ ਵਿੱਚ ਬੀਜੇਪੀ ਆਪਰੇਸ਼ਨ ਲੋਟਸ

ਹਿਮਾਚਲ ਪ੍ਰਦੇਸ਼ ਵਿੱਚ ਵੀ ਇਸੇ ਸਾਲ ਦੇ ਅਖੀਰ ਵਿੱਚ ਵਿਧਾਨ ਸਭਾ ਚੋਣਾਂ ਹਨ। ਇੱਥੇ ਬੀਜੇਪੀ ਦੀ ਸਰਕਾਰ ਹੈ ਪਰ ਮੁੜ ਤੋਂ ਸੱਤਾ ਵਿੱਚ ਲਿਆਉਣ ਦੇ ਲਈ ਇੱਥੇ ਵੀ ਬੀਜੇਪੀ ਦਾ ਆਪਰੇਸ਼ਨ ਲੋਟਸ ਸ਼ੁਰੂ ਹੋ ਗਿਆ ਹੈ। ਵੀਰਭਦਰ ਸਿੰਘ ਵੇਲੇ ਹੀ ਕਾਂਗਰਸ ਦਾ ਕਲੇਸ਼ ਸਾਹਮਣੇ ਆਉਂਦਾ ਰਹਿੰਦਾ ਸੀ ਪਰ ਹੁਣ ਉਨ੍ਹਾਂ ਦੀ ਮੌਤ ਤੋਂ ਬਾਅਦ ਇਹ ਖੁੱਲ੍ਹਕੇ ਸਾਹਮਣੇ ਆ ਰਿਹਾ ਹੈ। ਬੀਜੇਪੀ ਨੂੰ ਇਸ ਦੀ ਪੂਰੀ ਤਰ੍ਹਾਂ ਭਨਕ ਹੈ ਅਤੇ ਜਿਵੇਂ-ਜਿਵੇਂ ਚੋਣਾਂ ਨਜ਼ਦੀਕ ਆਉਣਗੀਆਂ ਬੀਜੇਪੀ ਦਾ ਆਪਰੇਸ਼ਨ ਲੋਟਸ ਤੇਜ਼ ਹੋ ਜਾਵੇਗਾ।

ਝਾਰਖੰਡ-ਬਿਹਾਰ ਵਿੱਚ ਬੀਜੇਪੀ ਦਾ ਆਪਰੇਸ਼ਨ ਲੋਟਸ

ਝਾਰਖੰਡ ਵਿੱਚ JMM ਤੇ ਕਾਂਗਰਸ ਗਠਜੋੜ ਦੀ ਸਰਕਾਰ ਹੈ । ਇੱਥੇ ਵੀ ਆਪਰੇਸ਼ਨ ਲੋਟਸ ਸ਼ੁਰੂ ਹੋ ਗਿਆ ਹੈ। ਕਾਂਗਰਸ ਅਤੇ JMM ਨੂੰ ਤੋੜਨ ਦੀ ਤਿਆਰੀ ਸ਼ੁਰੂ ਹੋ ਗਈ ਹੈ। ਬੀਜੇਪੀ ਦਾ ਟੀਚਾ ਹੈ ਕਿ ਚੋਣਾਂ ਤੋਂ ਪਹਿਲਾਂ ਅਜਿਹਾ ਮਹੌਲ ਖੜਾ ਕਰ ਦਿੱਤਾ ਜਾਵੇ ਜਿਸ ਨਾਲ ਵਿਰੋਧੀ ਧਿਰ ਨਜ਼ਰ ਨਾ ਆਏ ਸੱਤਾ ਵਿੱਚ ਆਉਣ ਦਾ ਉਨ੍ਹਾਂ ਦਾ ਰਸਤਾ ਸਾਫ਼ ਹੋ ਜਾਵੇ। ਇਸ ਤੋਂ ਇਲਾਵਾ ਬਿਆਹ ਵਿੱਚ ਬੀਜੇਪੀ ਅਤੇ JDU ਦੀ ਸਰਕਾਰ ਜ਼ਰੂਰ ਚੱਲ ਰਹੀ ਹੈ ਪਰ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਬੀਜੇਪੀ ਦੇ ਦਿੱਗਜ ਆਗੂਆਂ ਵਿੱਚਾਲੇ ਮਤਭੇਦ ਦੀਆਂ ਖ਼ਬਰਾ ਆਉਂਦੀਆਂ ਰਹਿੰਦੀਆਂ ਹਨ। ਬੀਜੇਪੀ ਇੱਥੇ ਆਪਣੇ ਦਮ ‘ਤੇ ਸਰਕਾਰ ਬਣਾਉਣ ਦੀ ਤਿਆਰੀ ਕਰ ਰਹੀ ਹੈ।

ਤਮਿਲਨਾਡੂ ਵਿੱਚ ਆਪਰੇਸ਼ਨ ਲੋਟਸ

ਤਮਿਲਨਾਡੂ ਵਿੱਚ ਪੈਰ ਪਸਾਰਨ ਦੇ ਲਈ ਬੀਜੇਪੀ ਨੂੰ AIADMK ਦੇ ਬਰਖ਼ਾਸਤ ਆਗੂ ਪਨੀਰਸੇਲਵਮ ਨਜ਼ਰ ਆ ਰਹੇ ਹਨ। ਸਾਬਕਾ ਮੁੱਖ ਮੰਤਰੀ ਪਨੀਰਸੇਲਵਮ ਸ਼ੁਰੂ ਤੋਂ ਬੀਜੇਪੀ ਦੇ ਕਾਫ਼ੀ ਕਰੀਬੀ ਰਹੇ ਹਨ। ਉਹ DMK ਅਤੇ AIADMK ਨੂੰ ਕਮਜ਼ੋਰ ਕਰਨ ਲਈ ਬੀਜੇਪੀ ਦੀ ਕਾਫ਼ੀ ਮਦਦ ਕਰ ਸਕਦੇ ਹਨ। ਹਾਲਾਂਕਿ AIADMK ਤੋਂ ਬਰਖ਼ਾਸਤ ਹੋਣ ਤੋਂ ਬਾਅਦ ਪਨੀਰਸੇਲਵਮ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ 1.5 ਕਰੋੜ ਕਾਰਜਕਰਤਾਵਾਂ ਨੇ ਚੁਣਿਆ ਸੀ ਇਸ ਲਈ ਉਹ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦੇਣਗੇ ।