Punjab

ਗੁਲਾਬੀ ਸੁੰਡੀ ਖਿਲਾਫ਼ ਖੇਤੀਬਾੜੀ ਮੰਤਰੀ ਨੇ ਬਣਾਇਆ ਐਕਸ਼ ਪਲਾਨ,37 ਟੀਮਾਂ ਤਿਆਰ

ਖੇਤੀਬਾੜੀ ਮੰਤਰੀ ਧਾਲੀਵਾਲ ਦੀ ਅਗਵਾਈ ਵਿੱਚ ਵਿਭਾਗ ਦੀਆਂ 37 ਟੀਮਾਂ ਭਲਕੇ 12 ਜੁਲਾਈ ਨੂੰ ਮਾਲਵਾ ਦੇ 6 ਜ਼ਿਲਿਆਂ ਦਾ ਦੌਰਾ ਕਰਨਗੀਆਂ

ਦ ਖ਼ਾਲਸ ਬਿਊਰੋ : ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅਧਿਕਾਰੀਆਂ ਨੂੰ ਜ਼ਮੀਨੀ ਪੱਧਰ ਤੇ ਕਿਸਾਨਾਂ ਦੀ ਮਦਦ ਦੇ ਨਿਰਦੇਸ਼ ਦਿੱਤੇ ਹਨ। ਧਾਲੀਵਾਲ ਨੇ ਖੇਤੀਬਾੜੀ ਵਿਭਾਗ ਦਾ ਅਹੁਦਾ ਸੰਭਾਲਣ ਤੋਂ ਬਾਅਦ ਧਾਲੀਵਾਲ ਨੇ ਹਿਦਾਇਤਾਂ ਦਿੱਤੀਆਂ ਕਿ ਨਕਲੀ ਕੀਟਨਾਸ਼ਕ,ਖਾਦਾਂ ਤੇ ਬੀਜਾਂ ਨੂੰ ਮੁਕੰਮਲ ਖਤਮ ਕੀਤਾ ਜਾਵੇ। ਅਜਿਹਾ ਕੁੱਝ ਵੀ ਨਕਲੀ ਸਮਾਨ ਕਿਤੇ ਫੜਿਆ ਗਿਆ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਨਕਲੀ ਦਵਾਈਆਂ ਤੇ ਬੀਜਾਂ ਦੀ ਅਲਾਮਤ ਪੰਜਾਬ ਵਿੱਚੋਂ ਜੜ੍ਹੋਂ ਖਤਮ ਕਰਨ ਲਈ ਖੇਤੀਬਾੜੀ ਅਧਿਕਾਰੀਆਂ ਨੂੰ ਤਾੜਨਾ ਕੀਤੀ। ਉਨ੍ਹਾਂ ਕਿਹਾ ਕਿ ਇਸ ਵਿਭਾਗ ਵਿੱਚ ਉਨ੍ਹਾਂ ਦਾ ਪਹਿਲਾ ਟੀਚਾ ਹੀ ਇਹੋ ਹੈ।ਦਵਾਈਆਂ ਤੇ ਬੀਜਾਂ ਦੀ ਅੱਜ ਫ਼ੈਕਟਰੀਆਂ ਦੀ ਸੂਚੀ ਬਣਾ ਕੇ ਸੌਂਪਣ ਨੂੰ ਕਿਹਾ।

ਨਰਮੇ ਦੇ ਲਈ ਹਿਦਾਇਤਾ

ਨਰਮੇ ਦੀ ਫਸਲ ਉੱਤੇ ਗੁਲਾਬੀ ਸੁੰਡੀ ਦੇ ਸੰਭਾਵੀ ਹਮਲੇ ਨਾਲ ਨਜਿੱਠਣ ਲਈ ਖੇਤੀਬਾੜੀ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਫੀਲਡ ਅਧਿਕਾਰੀਆਂ ਤੋਂ ਲੈ ਕੇ ਮੁੱਖ ਦਫਤਰ ਤੱਕ ਦੇ ਸਮੂਹ ਅਧਿਕਾਰੀ ਮੰਗਲਵਾਰ 12 ਜੁਲਾਈ ਨੂੰ ਮਾਲਵੇ ਦੀ ਨਰਮਾ ਪੱਟੀ ਦਾ ਦੌਰਾ ਕਰਨਗੇ।ਉਹ ਖ਼ੁਦ ਵੀ ਦੌਰਾ ਕਰਨਗੇ। ਉਨ੍ਹਾਂ ਕਿਹਾ ਕਿ ਇਸ ਵਾਰ ਕਿਸੇ ਵੀ ਕਿਸਾਨ ਦੀ ਫਸਲ ਦਾ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ।ਵਿਭਾਗ ਦੀਆਂ 37 ਟੀਮਾਂ ਨਰਮਾ ਪੱਟੀ ਦੇ ਛੇ ਜ਼ਿਲਿਆਂ ਵਿੱਚ ਫਸਲ ਦਾ ਜਾਇਜ਼ਾ ਲੈ ਕੇ ਰਿਪੋਰਟ ਕਰਨਗੀਆਂ।ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਹਿਰ ਇਸ ਟੀਮ ਦਾ ਹਿੱਸਾ ਹੋਣਗੇ।

ਖੇਤੀਬਾੜੀ ਮੰਤਰੀ ਨੇ ਕਿਹਾ ਕਿ ਫ਼ਸਲੀ ਵਿਭਿੰਨਤਾ ਨੂੰ ਸਫਲ ਬਣਾਉਣ ਲਈ ਮੰਡੀਕਰਨ ਨੂੰ ਮਜ਼ਬੂਤ ਕੀਤਾ ਜਾਵੇਗਾ ਅਤੇ ਮੂੰਗੀ ਵਾਂਗ ਮੱਕੀ ਅਤੇ ਹੋਰ ਸਹਾਇਕ ਫਸਲਾਂ ਨੂੰ ਉਤਸ਼ਾਹਤ ਕਰਨ ਲਈ ਇਨ੍ਹਾਂ ਫਸਲਾਂ ਲਈ ਮੰਡੀਕਰਨ ਉੱਤੇ ਜ਼ੋਰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਤ ਕੀਤਾ ਜਾ ਰਿਹਾ ਹੈ ਅਤੇ ਇਸ ਟੀਚੇ ਦੀ ਪੂਰਤੀ ਲਈ ਖੇਤੀਬਾੜੀ ਅਧਿਕਾਰੀ ਇਸ ਸਕੀਮ ਦਾ ਵੱਧ ਤੋਂ ਵੱਧ ਪ੍ਰਚਾਰ ਤੇ ਪਸਾਰ ਕਰਨ ਅਤੇ ਛੋਟੇ ਕਿਸਾਨਾਂ ਤੱਕ ਪਹੁੰਚ ਨੂੰ ਯਕੀਨੀ ਬਣਾਉਣ।