Punjab

ਪੁਲਿਸ ਸਟੇਸ਼ਨ ਨਹੀਂ ਘਰ ਬੈਠੇ FIR ਹੋਵੇਗੀ ਹੁਣ ਦਰਜ,ਮਾਨ ਵੱਲੋਂ ਪੋਰਟਲ ਜਾਰੀ,ਵਧੇਗੀ ਪੁਲਿਸ ਦੀ ਜਵਾਬਦੇਹੀ

ਲੋਕਾਂ ਨੂੰ ਘਰ ਬੈਠੇ ਹੀ ਸ਼ਿਕਾਇਤਾਂ ਆਨਲਾਈਨ ਦਰਜ ਕਰਵਾਉਣ, ਸ਼ਿਕਾਇਤਾਂ ਉਤੇ ਕਾਰਵਾਈ ਉੱਪਰ ਨਿਗਰਾਨੀ ਅਤੇ ਰਿਪੋਰਟ ਹਾਸਲ ਕਰਨ ਦੀ ਮਿਲੇਗੀ ਸਹੂਲਤ

‘ਦ ਖ਼ਾਲਸ ਬਿਊਰੋ : ਆਮ ਆਦਮੀ ਨੂੰ ਸਹੂਲਅਤ ਦੇਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਸੀਨੀਅਰ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਪੰਜਾਬ ਪੁਲਿਸ ਦਾ ONLINE ਜਨਤਕ ਸ਼ਿਕਾਇਤ ਨਿਵਾਰਨ ਪੋਰਟਲ ਜਾਰੀ ਕੀਤਾ ਹੈ। ਇਸ ਦਾ ਉਦੇਸ਼ ਲੋਕਾਂ ਨੂੰ ਘਰ ਬੈਠਿਆਂ ਹੀ ਕੰਪਿਊਟਰ ਦੇ ਇੱਕ ਕਲਿੱਕ ਉਤੇ ਆਨਲਾਈਨ ਸ਼ਿਕਾਇਤਾਂ ਦਰਜ ਕਰਨਾ ਹੈ। ਸ਼ਿਕਾਇਤਾਂ ਉੱਤੇ ਹੋਈ ਕਾਰਵਾਈ ਉਪਰ ਨਿਗ੍ਹਾ ਰੱਖਣ ਅਤੇ ਰਿਪੋਰਟ ਹਾਸਲ ਕਰਨ ਦੀ ਵੀ ਸਹੂਲਤ ਦਿੱਤੀ ਗਈ ਹੈ। ਸਿਰਫ਼ ਇੰਨਾਂ ਹੀ ਨਹੀਂ ਇਸ ਨਾਲ ਸਰਕਾਰ ਦੀ ਜਵਾਬਦੇਹੀ ਵੀ ਵਧੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਸਾਫਟਵੇਅਰ ਜਨਤਕ ਸ਼ਿਕਾਇਤ ਨਿਵਾਰਨ ਲਈ ਮੁਕੰਮਲ ਹੱਲ ਮੁਹੱਈਆ ਕਰੇਗਾ। ਉਨ੍ਹਾਂ ਕਿਹਾ ਕਿ ਇਸ ਢਾਂਚੇ ਨਾਲ ਨਾਗਰਿਕ ਆਸਾਨੀ ਨਾਲ ਬਿਨਾਂ ਦਫ਼ਤਰਾਂ ਦੇ ਚੱਕਰ ਕੱਟੇ ਆਪਣੀਆਂ ਸ਼ਿਕਾਇਤਾਂ ਦਰਜ ਕਰਵਾ ਸਕਣਗੇ ਅਤੇ ਸ਼ਿਕਾਇਤਾਂ ਉਤੇ ਹੋਈ ਕਾਰਵਾਈ ਬਾਰੇ ਜਾਣ ਸਕਣਗੇ। ਭਗਵੰਤ ਮਾਨ ਨੇ ਕਿਹਾ ਕਿ ਇਸ ਪ੍ਰਣਾਲੀ ਨਾਲ ਭਾਰੀ ਗਿਣਤੀ ਵਿੱਚ ਹੁੰਦੀਆਂ ਪੁੱਛ-ਪੜਤਾਲਾਂ ਤੋਂ ਰਾਹਤ ਮਿਲੇਗੀ, ਜਿਸ ਨਾਲ ਲੋਕਾਂ ਦਾ ਕੰਮ ਸਮਾਂਬੱਧ ਤਰੀਕੇ ਨਾਲ ਹੋਵੇਗਾ।

ਇਸ ਤਰ੍ਹਾਂ ONLINE ਸ਼ਿਕਾਇਤ ਦਰਜ ਹੋਵੇਗੀ

ਸੀਐੱਮ ਮਾਨ ਨੇ ਕਿਹਾ ਕਿ ਇਸ ਪ੍ਰਣਾਲੀ ਨਾਲ ਪ੍ਰਸ਼ਾਸਕੀ ਢਾਂਚੇ ਵਿੱਚ ਜੁਆਬਦੇਹੀ ਹੋਰ ਵਧੇਗੀ,ਜਿਸ ਨਾਲ ਕੋਈ ਕਾਰਵਾਈ ਨਾ ਕਰਨ ਅਤੇ ਮਾਮਲੇ ਨੂੰ ਬਿਨਾਂ ਵਜ੍ਹਾ ਲਮਕਾਉਣ ਦੀ ਸੂਰਤ ਵਿੱਚ ਕਸੂਰਵਾਰ ਪੁਲਿਸ ਮੁਲਾਜ਼ਮਾਂ ਦੀ ਜੁਆਬਦੇਹੀ ਤੈਅ ਕੀਤੀ ਜਾ ਸਕਦੀ ਹੈ।

ਸ਼ਿਕਾਇਤ ਦਰਜ ਕਰਵਾਉਣ ਦੀ ਪ੍ਰਕਿਰਿਆ ਦਾ ਜ਼ਿਕਰ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਸ਼ਿਕਾਇਤਕਰਤਾ ਨੂੰ ਵੈੱਬਸਾਈਟ Pgd.punjabpolice.gov.in ਉਤੇ ਜਾਣਾ ਹੋਵੇਗਾ ਅਤੇ ਇਸ ਉਪਰ ਆਪਣਾ ਨਾਮ ਅਤੇ ਮੋਬਾਈਲ ਨੰਬਰ ਦਰਜ ਕਰਨ ਸਮੇਤ ਕੁਝ ਹੋਰ ਛੋਟੀ ਜਿਹੀ ਪ੍ਰਕਿਰਿਆ ਵਿੱਚੋਂ ਲੰਘਣ ਤੋਂ ਬਾਅਦ ਪੱਕਾ ਖਾਤਾ ਬਣ ਜਾਂਦਾ ਹੈ। ਇਸ ਤੋਂ ਬਾਅਦ ਇਕ ਪਾਸਵਰਡ ਤਿਆਰ ਹੋਵੇਗਾ ਅਤੇ ਪੋਰਟਲ ਉਤੇ ਪੱਕਾ ਖਾਤਾ ਬਣ ਜਾਵੇਗਾ। ਭਗਵੰਤ ਮਾਨ ਨੇ ਕਿਹਾ ਕਿ ਇਸ ਤੋਂ ਬਾਅਦ ਸ਼ਿਕਾਇਤਕਰਤਾ ਆਪਣੀਆਂ ਸ਼ਿਕਾਇਤਾਂ ਦਰਜ ਕਰਵਾ ਸਕਦੇ ਹਨ ਅਤੇ ਨਿਰਧਾਰਤ ਪ੍ਰਣਾਲੀ ਰਾਹੀਂ ਸ਼ਿਕਾਇਤ ਦੀ ਪ੍ਰਗਤੀ ਉਤੇ ਨਜ਼ਰ ਰੱਖੀ ਜਾ ਸਕਦੀ ਹੈ।