Punjab

ਕੰਗਨਾ ਨੂੰ 100 ਰੁਪਏ ਨੇ ਫਸਾ ਦਿੱਤਾ : ਬਠਿੰਡਾ ਕੋਰਟ ਨੇ ਪੇਸ਼ੀ ਲਈ ਸੱਦਿਆ, ਬਚਣ ਲਈ ਚੁੱਕਿਆ ਇਹ ਕਦਮ

ਬਠਿੰਡਾ ਕੋਰਟ ਨੇ 11 ਜੁਲਾਈ ਨੂੰ ਕੰਗਨਾ ਨੂੰ ਮਾਣਹਾਨੀ ਦੇ ਕੇਸ ‘ਚ ਨਿੱਜੀ ਤੌਰ ‘ਤੇ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਨੇ

‘ਦ ਖ਼ਾਲਸ ਬਿਊਰੋ :- ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਆਪਣੀ ਅਦਾਕਾਰੀ ਤੋਂ ਵੱਧ ਆਪਣੇ ਵਿਵਾਦਿਤ ਬਿਆਨਾਂ ਲਈ ਜ਼ਿਆਦਾ ਮਸ਼ਹੂਰ ਹੈ। ਬਠਿੰਡਾ ਅਦਾਲਤ ਨੇ ਮਾਣਹਾਨੀ ਦੇ ਇਕ ਮਾਮਲੇ ਵਿੱਚ ਕੰਗਨਾ ਨੂੰ 11 ਜੁਲਾਈ ਨੂੰ ਨਿੱਜੀ ਤੌਰ ‘ਤੇ ਪੇਸ਼ ਹੋਣ ਦੇ ਹੁਕਮ ਦਿੱਤੇ ਹਨ, ਜਿਸ ਤੋਂ ਬਚਣ ਦੇ ਲਈ ਉਹ ਹੁਣ ਪੰਜਾਬ ਹਰਿਆਣਾ ਹਾਈਕੋਰਟ ਪਹੁੰਚ ਗਈ ਹੈ। ਕਿਸਾਨ ਅੰਦੋਲਨ ਦੌਰਾਨ ਉਸਦੇ ਵੱਲੋਂ ਕਈ ਅਜਿਹੇ ਬਿਆਨ ਦਿੱਤੇ ਗਏ ਸਨ ਜਿਸ ‘ਤੇ ਉਸਦੇ ਖਿਲਾਫ਼ ਕਈ ਮਾਮਲੇ ਦਰਜ ਹੋਏ ਸਨ। ਉਨ੍ਹਾਂ ਵਿੱਚ ਹੀ ਇਕ ਅਜਿਹਾ ਮਾਮਲਾ ਹੈ ਜਿਸ ਵਿੱਚ ਕੰਗਨਾ ਨੂੰ ਬਠਿੰਡਾ ਅਦਾਲਤ ਵੱਲੋਂ ਪੇਸ਼ ਹੋਣ ਦਾ ਸੰਮਨ ਦਿੱਤਾ ਗਿਆ ਹੈ।

ਇਸ ਮਾਮਲੇ ਵਿੱਚ ਕੰਗਨਾ ਨੂੰ ਸੰਮਨ

ਕਿਸਾਨੀ ਅੰਦੋਲਨ ਦੌਰਾਨ ਕੰਗਨਾ ਨੇ ਬਠਿੰਡਾ ਦੇ ਪਿੰਡ ਬਹਾਦੁਰਗੜ੍ਹ ਜੰਡਿਆ ਦੀ ਰਹਿਣ ਵਾਲੀ 87 ਸਾਲ ਦੀ ਬਜ਼ੁਰਗ ਕਿਸਾਨ ਮਹਿਲਾ ਮਹਿੰਦਰ ਕੌਰ ‘ਤੇ 100-100 ਰੁਪਏ ਲੈਕੇ ਧਰਨੇ ਵਿੱਚ ਸ਼ਾਮਲ ਹੋਣ ਦਾ ਬਿਆਨ ਦਿੱਤਾ ਸੀ, ਜਿਸ ਦੇ ਖਿਲਾਫ ਬਜ਼ੁਰਗ ਮਹਿਲਾ ਨੇ ਅਦਾਲਤ ਵਿੱਚ ਕੇਸ ਦਾਇਰ ਕੀਤਾ ਸੀ। ਇਸੇ ਵਜ੍ਹਾ ਕਰਕੇ ਕੁੱਝ ਮਹੀਨੇ ਪਹਿਲਾਂ ਕੰਗਨਾ ਰਣੌਤ ਦਾ ਕੀਰਤਪੁਰ ਵਿੱਚ ਕਿਸਾਨਾਂ ਨੇ ਘਿਰਾਉ ਵੀ ਕੀਤਾ ਸੀ ਜਦੋਂ ਉਹ ਹਿਮਾਚਲ ਤੋਂ ਚੰਡੀਗੜ੍ਹ ਆ ਰਹੀ ਸੀ।13 ਮਹੀਨੇ ਸੁਣਵਾਈ ਤੋਂ ਬਾਅਦ ਹੁਣ ਬਠਿੰਡਾ ਦੀ ਅਦਾਲਤ ਨੇ 4 ਜਨਵਰੀ 2021 ਵਿੱਚ ਕੀਤੇ ਟਵੀਟ ਖਿਲਾਫ਼ ਕੰਗਨਾ ਰਨੌਤ ਨੂੰ ਅਦਾਲਤ ਵਿੱਚ ਪੇਸ਼ ਹੋਣ ਦਾ ਸੰਮਨ ਭੇਜਿਆ ਹੈ।

ਕੰਗਨਾ ਰਨੌਤ ਨੇ ਕਿਸਾਨੀ ਅੰਦੋਲਨ ਦੌਰਾਨ ਸ਼ਾਮਲ ਬਜ਼ੁਰਗ ਮਹਿਲਾ ਕਿਸਾਨ ਮਹਿੰਦਰ ਕੌਰ ਨੂੰ ਬਿਲਕਿਸ ਬਾਨੋ ਸਮਝ ਲਿਆ ਸੀ। ਬਿਲਕਿਸ ਸ਼ਾਹੀਨ ਬਾਗ ਵਿੱਚ CCA ਖਿਲਾਫ਼ ਹੋਏ ਪ੍ਰਦਰਸ਼ਨ ਦਾ ਚਿਹਰਾ ਸੀ। ਮਹਿੰਦਰ ਕੌਰ ਨੇ ਪਟੀਸ਼ਨ ਵਿੱਚ ਕਿਹਾ ਸੀ ਕਿ ਕੰਗਨਾ ਨੇ ਉਸ ਦੀ ਤੁਲਨਾ ਕਿਸੇ ਦੂਜੀ ਮਹਿਲਾ ਨਾਲ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਕੰਗਨਾ ਦੇ ਟਵੀਟ ਨਾਲ ਉਨ੍ਹਾਂ ਨੂੰ ਮਾਨਸਿਕ ਪਰੇਸ਼ਾਨੀ ਹੋਈ ਹੈ।