– ਕਮਲਜੀਤ ਸਿੰਘ ਬਨਵੈਤ / ਪੁਨੀਤ ਕੌਰ
‘ਦ ਖ਼ਾਲਸ ਬਿਊਰੋ :- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਘਰ ਅੱਜ ਸ਼ਹਿਨਾਈਆਂ ਵੱਜੀਆਂ ਹਨ। ਉਨ੍ਹਾਂ ਦਾ ਦੂਜਾ ਵਿਆਹ ਡਾਕਟਰ ਗੁਰਪ੍ਰੀਤ ਕੌਰ ਨਾਲ ਹੋਣ ਤੋਂ ਬਾਅਦ ਘਰ ਨੂੰ ਭਾਗ ਲੱਗ ਗਏ ਹਨ। ਮਾਂ-ਭੈਣ ਦੀ ਨਵੀਂ ਬਹੂ ਦੇ ਚਾਅ ਵਿੱਚ ਧਰਤੀ ਉੱਤੇ ਅੱਡੀ ਨਹੀਂ ਲੱਗ ਰਹੀ। ਭਗਵੰਤ ਮਾਨ ਨੂੰ ਵੀ ਸ਼ਾਮ ਪੈਂਦਿਆਂ ਸਰਦਲ ‘ਤੇ ਖੜ ਕੇ ਉਡੀਕ ਕਰਨ ਵਾਲੀ ਪਤਨੀ ਮਿਲ ਗਈ ਹੈ। ਉਹਨਾਂ ਦੀ ਜ਼ਿੰਦਗੀ ਦਾ ਸ਼ਾਮ ਵੇਲੇ ਦਾ ਖਲਾਅ ਭਰ ਗਿਆ ਜਾਪਦਾ ਹੈ ਪਰ ਪੰਜਾਬ ਕੈਬਨਿਟ ਦੇ ਤਿੰਨ ਮੰਤਰੀ ਅਤੇ ਪੰਜ ਐੱਮਐੱਲਏਜ਼ ਹਾਲੇ ਵੀ ਕੁਆਰੇ ਹਨ। ਪੰਜਾਬ ਤੋਂ ਰਾਜ ਸਭਾ ਦੇ ਮੈਂਬਰ ਰਾਘਵ ਚੱਢਾ ਦੀ ਹਾਲੇ ਜੀਵਨ ਸਾਥਣ ਲੱਭਣ ਦੀ ਭਾਲ ਪੂਰੀ ਨਹੀਂ ਹੋਈ। ਇਹ ਵੱਖਰੀ ਗੱਲ ਹੈ ਕਿ ਉਨ੍ਹਾਂ ਦੀ ਪਿੱਠ ਇੱਕ ਵੱਡੇ ਘਰ ਨਾਲ ਲੱਗਣ ਦੀਆਂ ਕਨਸੋਆਂ ਹਨ।
ਉਚੇਰੀ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦਾ ਪਰਿਵਾਰ ਭਗਵੰਤ ਸਿੰਘ ਮਾਨ ਦਾ ਵਿਆਹ ਦੇਖ ਕੇ ਆਪਣੇ ਪੁੱਤ ਦਾ ਵਿਆਹ ਕਰਨ ਲਈ ਕਾਹਲਾ ਪੈ ਗਿਆ ਹੈ। ਕਈ ਚਿਰਾਂ ਤੋਂ ਵਿਆਹ ਨਾ ਕਰਾਉਣ ਲਈ ਅੜੇ ਮੀਤ ਨੇ ਅੱਜ ਮਾਪਿਆਂ ਨੂੰ ਹਾਮੀ ਭਰ ਦਿੱਤੀ ਹੈ। ਉਹ 32 ਸਾਲਾਂ ਦੇ ਹਨ। ਸਾਲ 2022 ਤੋਂ ਪਹਿਲਾਂ 2017 ਦੀ ਚੋਣ ਵੀ ਉਨ੍ਹਾਂ ਨੇ ਬਰਨਾਲਾ ਵਿੱਚ ਜਿੱਤੀ ਸੀ।
ਸੰਗਰੂਰ ਤੋਂ ਵਿਧਾਇਕਾ ਨਰਿੰਦਰ ਕੌਰ ਭਰਾਜ ਵੀ ਹਾਲੇ ਕੁਆਰੀ ਹੈ। ਉਸਨੇ ਇਨ੍ਹਾਂ ਚੋਣਾਂ ਵਿੱਚ ਸਾਬਕਾ ਸਕੂਲ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੂੰ ਹਰਾਇਆ ਸੀ। ਉਂਝ, ਉਹ ਸਾਲ 2014 ਦੀਆਂ ਲੋਕ ਸਭਾ ਚੋਣਾਂ ਵੇਲੇ ਆਪਣੇ ਪਿੰਡ ਭਰਾਜ ਵਿੱਚ ਆਮ ਆਦਮੀ ਪਾਰਟੀ ਦਾ ਕਾਊਂਟਰ ਲਵਾਉਣ ਤੋਂ ਬਾਅਦ ਚਰਚਾ ਵਿੱਚ ਆਈ ਸੀ। ਬਾਘਾਪੁਰਾਣਾ ਤੋਂ ਐੱਮਐੱਲਏ ਸੁੱਖਾ ਨੰਦ ਵੀ ਪੜੀ ਲਿਖੀ ਕੁੜੀ ਦੀ ਭਾਲ ਵਿੱਚ ਹੈ। ਉਹ ਆਪ ਐੱਮਬੀਏ ਅਤੇ ਬੀਟੈੱਕ ਪਾਸ ਹੈ। ਉਹ ਸਿਆਸਤ ਦੇ ਨਾਲ ਨਾਲ ਪੀਐੱਚਡੀ ਵੀ ਕਰ ਰਹੇ ਹਨ।
ਤੇਜ਼ ਤਰਾਰ ਲੀਡਰ ਅਤੇ ਨੇਤਾ ਵਜੋਂ ਜਾਣੇ ਜਾਂਦੇ ਹਰਜੋਤ ਸਿੰਘ ਬੈਂਸ ਦਾ ਵੀ ਹਾਲੇ ਵਿਆਹ ਨਹੀਂ ਹੋਇਆ। ਉਹ 31 ਸਾਲ ਦੇ ਦੱਸੇ ਜਾਂਦੇ ਹਨ। ਉਨ੍ਹਾਂ ਦੇ ਮਾਪਿਆਂ ਵੱਲੋਂ ਵੀ ਵਿਆਹ ਲਈ ਦਬਾਅ ਦਾ ਬਥੇਰਾ ਬਣਾਇਆ ਗਿਆ ਹੈ ਪਰ ਉਹ ਪਹਿਲਾਂ ਚੋਣ ਜਿੱਤਣ ਅਤੇ ਹੁਣ ਮੰਤਰਾਲੇ ਦਾ ਬੋਝ ਹੋਣ ਕਰਕੇ ਟਾਲੀ ਜਾ ਰਹੇ ਹਨ। ਅਮਲੋਹ ਤੋਂ ਨੌਜਵਾਨ ਐੱਮਐੱਲਏ ਗੈਰੀ ਵੜਿੰਗ ਵੀ ਹਾਲੇ ਕੁਆਰਾ ਹੈ। ਫਿਰੋਜ਼ਪੁਰ ਸਿਟੀ ਤੋਂ ਵਿਧਾਇਕ ਰਣਵੀਰ ਭੁੱਲਰ ਦਾ ਨਾਂ ਵੀ ਕੁਆਰਿਆਂ ਵਿੱਚ ਵੱਜਦਾ ਹੈ।
ਖਰੜ ਦੀ ਵਿਧਾਇਕਾ ਅਨਮੋਲ ਗਗਨ ਮਾਨ ਨੇ ਹਾਲੇ ਵਰ ਲੱਭਣਾ ਸ਼ੁਰੂ ਨਹੀਂ ਕੀਤਾ। ਉਹ ਪਿਛਲੇ ਐਤਵਾਰ ਹੀ ਮੰਤਰੀ ਬਣੀ ਹੈ ਅਤੇ ਉਸਨੂੰ ਸੱਭਿਆਚਾਰਕ ਮਾਮਲੇ ਵਿਭਾਗ ਦਿੱਤਾ ਗਿਆ ਹੈ। ਲੋਕ ਭਲਾਈ ਪਾਰਟੀ ਦੇ ਯੋਧਾ ਸਿੰਘ ਮਾਨ ਦੀ ਧੀ ਗਗਨ ਮਾਨ ਹਾਲੇ ਵਿਆਹ ਕਰਾਉਣ ਦੇ ਰੌਂਅ ਵਿੱਚ ਨਹੀਂ ਹੈ। ਉਸਨੂੰ ਵਿਧਾਨ ਸਭਾ ਹਲਕੇ ਖਰੜ ਤੋਂ ਨੁਮਾਇੰਦਗੀ ਕਰਨ ਦਾ ਮਾਣ ਮਿਲਿਆ ਹੈ। ਇਹ ਹਲਕਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਜ਼ਿਲ੍ਹੇ ਵਿੱਚ ਪੈਂਦਾ ਹੈ।
ਚਰਚਾਵਾਂ ਹਨ ਕਿ ਹੁਣ ਜਦੋਂ ਭਗਵੰਤ ਸਿੰਘ ਮਾਨ ਨੇ ਵਿਆਹ ਰਚਾ ਲਿਆ ਹੈ ਤਾਂ ਕੁਆਰੇ ਮੰਤਰੀਆਂ ਅਤੇ ਵਿਧਾਇਕਾਂ ਉੱਤੇ ਵਿਆਹ ਕਰਾਉਣ ਦਾ ਦਬਾਅ ਵੱਧ ਗਿਆ ਹੈ।