‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਪੁਲਿਸ ਨੇ ਅੱਜ ਫਰੀਦਕੋਟ ਦੇ ਡੀ.ਐਸ.ਪੀ. ਲਖਵੀਰ ਸਿੰਘ ਨੂੰ ਤਰਨ ਤਾਰਨ ਵਿਖੇ ਐਨ.ਡੀ.ਪੀ.ਐਸ. ਐਕਟ ਤਹਿਤ ਗ੍ਰਿਫਤਾਰ ਕਰ ਲਿਆ ਹੈ। ਡੀਐੱਸਪੀ ਲਖਵੀਰ ਸਿੰਘ ਉੱਤੇ ਡਰੱਗ ਸਪਲਾਇਰ ਨੂੰ ਨਾਮਜ਼ਦ ਨਾ ਕਰਨ ਬਦਲੇ ਉਸ ਤੋਂ 10 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਲੱਗੇ ਹਨ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਤਰਨਤਾਰਨ ਪੁਲਿਸ ਵੱਲੋਂ ਕੀਤੀ ਗਈ ਪੜਤਾਲ ਦੌਰਾਨ ਸੁਰਜੀਤ ਨੇ ਖੁਲਾਸਾ ਕੀਤਾ ਕਿ ਉਸ ਨੇ ਪਿਸ਼ੌਰਾ ਸਿੰਘ, ਜੋ ਕਿ ਨਸ਼ੇ ਦਾ ਮੁੱਖ ਸਪਲਾਇਰ ਹੈ, ਤੋਂ ਅਫੀਮ ਖਰੀਦੀ ਸੀ।
ਉਨਾਂ ਦੱਸਿਆ ਕਿ ਜਦੋਂ ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਸ਼ੁਰੂ ਕੀਤੀ ਤਾਂ ਪਿਸ਼ੌਰਾ ਨੇ ਐਮ.ਐਚ.ਸੀ. ਸੀ.ਆਈ.ਏ. ਪੱਟੀ ਵਜੋਂ ਤਾਇਨਾਤ ਏ.ਐਸ.ਆਈ. ਰਸ਼ਪਾਲ ਸਿੰਘ ਰਾਹੀਂ ਪੱਟੀ ਦੇ ਸੀ.ਆਈ.ਏ. ਇੰਚਾਰਜ ਨੂੰ ਇਸ ਕੇਸ ਵਿੱਚ ਗ੍ਰਿਫਤਾਰ ਨਾ ਕਰਨ ਅਤੇ ਨਾਮਜ਼ਦ ਨਾ ਕਰਨ ਦੇ ਬਦਲੇ 7-8 ਲੱਖ ਰੁਪਏ ਦੀ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਸੀ, ਪਰ ਇੰਚਾਰਜ ਨੇ ਰਿਸ਼ਵਤ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਪੁਲਿਸ ਟੀਮਾਂ ਨੇ ਪਿਸ਼ੌਰਾ ਨੂੰ ਗ੍ਰਿਫਤਾਰ ਕਰਨ ਲਈ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖੀਆਂ।
ਉਨ੍ਹਾਂ ਨੇ ਦੱਸਿਆ ਕਿ ਬਾਅਦ ਵਿਚ ਪਿਸ਼ੌਰਾ ਸਿੰਘ ਨੇ ਆਪਣੇ ਜਾਣਕਾਰ ਨਿਸ਼ਾਨ ਸਿੰਘ ਰਾਹੀਂ ਰਸ਼ਪਾਲ ਸਿੰਘ ਦੇ ਭਰਾ ਹੀਰਾ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਦੋਵਾਂ ਨੇ ਮਿਲ ਕੇ ਡੀ.ਐਸ.ਪੀ ਲਖਵੀਰ, ਜੋ ਕਿ ਹੀਰਾ ਸਿੰਘ ਦਾ ਚਚੇਰਾ ਭਰਾ ਹੈ, ਕੋਲ ਪਹੁੰਚ ਕੀਤੀ, ਜਿੱਥੇ ਡੀ.ਐਸ.ਪੀ. ਨੇ ਡਰੱਗ ਸਪਲਾਇਰ ਦੀ ਮਦਦ ਕਰਨ ਲਈ 10 ਲੱਖ ਰੁਪਏ ਵਿਚ ਸੌਦਾ ਤੈਅ ਕਰ ਲਿਆ ਅਤੇ ਦੋਸ਼ੀ ਡੀ.ਐਸ.ਪੀ. ਨੇ ਹੀਰਾ ਸਿੰਘ ਨੂੰ ਰਕਮ ਆਪਣੇ ਕੋਲ ਰੱਖਣ ਲਈ ਕਿਹਾ।
ਇਹ ਗੱਲ ਉਦੋਂ ਸਾਹਮਣੇ ਆਈ ਜਦੋਂ ਤਰਨਤਾਰਨ ਜ਼ਿਲਾ ਪੁਲਿਸ ਨੇ ਐਤਵਾਰ ਨੂੰ ਪੱਟੀ ਮੋੜ ਨੇੜੇ ਇੱਕ ਪੈਟਰੋਲ ਪੰਪ ਤੋਂ ਡਰੱਗ ਸਪਲਾਇਰ ਪਿਸ਼ੌਰਾ ਸਿੰਘ ਨੂੰ 250 ਗ੍ਰਾਮ ਅਫੀਮ ਅਤੇ 1 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫਤਾਰ ਕੀਤਾ ਸੀ। ਤਰਨਤਾਰਨ ਦੇ ਪਿੰਡ ਮਾਡਲ ਬੋਪਾਰਾਏ ਦਾ ਵਸਨੀਕ ਪਿਸ਼ੌਰਾ 30 ਜੂਨ 2022 ਦੀ ਐਫ.ਆਈ.ਆਰ. ਵਿੱਚ ਲੋੜੀਂਦਾ ਸੀ, ਜਿਸ ਵਿੱਚ ਤਰਨਤਾਰਨ ਦੇ ਪਿੰਡ ਮਾੜੀ ਮੇਘਾ ਦੇ ਰਹਿਣ ਵਾਲੇ ਸੁਰਜੀਤ ਸਿੰਘ ਨੂੰ 900 ਗ੍ਰਾਮ ਅਫੀਮ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ।
ਪੁਲਿਸ ਨੇ ਪਿਸ਼ੌਰਾ ਸਿੰਘ ਦੇ ਖੁਲਾਸੇ ‘ਤੇ ਹੀਰਾ ਸਿੰਘ ਦੇ ਘਰੋਂ 9.97 ਲੱਖ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਹੈ। ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਸੂਬਾ ਬਣਾਉਣ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਡੀਜੀਪੀ ਗੌਰਵ ਯਾਦਵ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਹੈ ਕਿ ਭ੍ਰਿਸ਼ਟਾਚਾਰ ਵਿੱਚ ਸ਼ਾਮਿਲ ਕਿਸੇ ਵੀ ਪੁਲਿਸ ਅਧਿਕਾਰੀ/ਕਰਮਚਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ।
ਪੁਲਿਸ ਨੇ ਐਫ.ਆਈ.ਆਰ. ਵਿੱਚ ਏਐਸਆਈ ਰਸ਼ਪਾਲ ਸਿੰਘ, ਨਿਸ਼ਾਨ ਸਿੰਘ ਅਤੇ ਹੀਰਾ ਸਿੰਘ ਨੂੰ ਵੀ ਨਾਮਜ਼ਦ ਕਰ ਲਿਆ ਹੈ ਅਤੇ ਉਨਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।