ਚੰਡੀਗੜ੍ਹ- (ਪੁਨੀਤ ਕੌਰ) ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਅਗਵਾਈ ਹੇਠ ਗਿਆ 12 ਮੈਂਬਰੀ ਵਫ਼ਦ ਪਾਕਿਸਤਾਨ ਤੋਂ ਵਾਹਘਾ ਬਾਰਡਰ ਰਾਹੀਂ ਭਾਰਤ ਵਾਪਿਸ ਪਰਤ ਆਇਆ ਹੈ। 21 ਫਰਵਰੀ ਨੂੰ ਪਾਕਿਸਤਾਨ ਵਿੱਚ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਪਾਕਿਸਤਾਨ ਗਏ ਸਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ,ਪਾਕਿਸਤਾਨ ਸਿੱਖਾਂ ਤੇ ਪਾਕਿਸਤਾਨ ਸਰਕਾਰ ਨੇ ਬਹੁਤ ਮਾਣ ਬਖ਼ਸ਼ਿਆ ਹੈ।
ਇਸ ਸਮਾਗਮ ਵਿੱਚ ਬਾਹਰਲੇ ਮੁਲਕਾਂ ਤੋਂ ਵੀ ਕਾਫੀ ਸੰਗਤ ਸ਼ਾਮਿਲ ਹੋਈ ਸੀ। ਜਥੇਦਾਰ ਜੀ ਨੇ ਗੁਰਦੁਆਰਾ ਨਨਕਾਣਾ ਸਾਹਿਬ ਤੋਂ ਇਲਾਵਾ ਬਾਕੀ ਗੁਰਦੁਆਰਾ ਸਾਹਿਬਾਂ ਦੇ ਵੀ ਦਰਸ਼ਨ ਕੀਤੇ ਸਨ। ਭਾਰਤ ਵਾਪਿਸ ਆਉਣ ਤੋਂ ਬਾਅਦ ਜਥੇਦਾਰ ਜੀ ਨੇ ਡੀਜੀਪੀ ਦੇ ਬਿਆਨ ‘ਤੇ ਨਿੰਦਿਆ ਕਰਦਿਆਂ ਕਿਹਾ ਕਿ ਜੇਕਰ 6 ਘੰਟਿਆਂ ਬਾਅਦ ਦਰਸ਼ਨ ਕਰਨ ਤੋਂ ਬਾਅਦ ਜੇਕਰ ਕੋਈ ਅੱਤਵਾਦੀ ਬਣ ਜਾਂਦਾ ਹੈ ਤਾਂ ਫਿਰ ਅਸੀਂ ਤਾਂ 5 ਦਿਨ ਰਹਿ ਕੇ ਆਏ ਹਾਂ,ਅਸੀਂ ਤਾਂ ਕੋਈ ਅੱਤਵਾਦੀ ਨਹੀਂ ਬਣੇ ਤੇ ਨਾ ਹੀ ਸਾਡੇ ਨਾਲ ਪਾਕਿਸਤਾਨ ਸਰਕਾਰ ਨੇ ਇਸ ਤਰ੍ਹਾਂ ਦੀ ਕੋਈ ਗੱਲ ਕੀਤੀ ਹੈ।
ਅਸੀਂ ਆਪਣੇ ਗੁਰਧਾਮਾਂ ਦੇ ਦਰਸ਼ਨ ਕੀਤੇ ਹਨ,ਕਥਾ-ਕੀਰਤਨ ਸੁਣਿਆ ਤੇ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਡੀਜੀਪੀ ਦੀ ਗਲਤੀ ਤਾਂ ਬਹੁਤ ਵੱਡੀ ਹੈ,ਇਸ ਲਈ ਉਨ੍ਹਾਂ ਨੂੰ ਕਰਤਾਰਪੁਰ ਲਾਂਘੇ ਬਾਰੇ ਘਟੀਆ ਬਿਆਨ ਦੇਣ ਤੋਂ ਬਾਅਦ ਡੀਜੀਪੀ ਨੂੰ ਨੈਤਿਕਤਾ ਦੇ ਆਧਾਰ ‘ਤੇ ਆਪਣਾ ਅਹੁਦਾ ਛੱਡ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਵਿੱਚ ਘੱਟ-ਗਿਣਤੀਆਂ ਪੂਰੀ ਤਰ੍ਹਾਂ ਸੁਰੱਖਿਅਤ ਹਨ ਅਤੇ ਸਿੱਖ ਭਾਈਚਾਰਾ ਉੱਥੇ ਬਹੁਤ ਮਾਣ ਮਹਿਸੂਸ ਕਰਦਾ ਹੈ ਤੇ ਉਨ੍ਹਾਂ ਉੱਤੇ ਕਿਸੇ ਪ੍ਰਕਾਰ ਦਾ ਕੋਈ ਦਬਾਅ ਨਹੀਂ ਪਾਇਆ ਜਾਂਦਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਗੇ ਬੇਨਤੀ ਕੀਤੀ ਹੈ ਕਿ ਇਸ ਵਾਰ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ 100 ਸਾਲਾ ਸ਼ਤਾਬਦੀ ਨੂੰ ਦੁਨੀਆਂ ਭਰ ਦੀਆਂ ਸਿੱਖ ਸੰਸਥਾਵਾਂ ਵੱਲੋਂ ਨਨਕਾਣਾ ਸਾਹਿਬ ਇਕੱਠੇ ਹੋ ਕੇ ਮਨਾ ਸਕਣ।
ਜਥੇਦਾਰ ਜੀ ਨੇ ਢੱਡਰੀਆਂਵਾਲੇ ਵੱਲੋਂ ਉਨ੍ਹਾਂ ਨੂੰ ਚੈਨਲ ‘ਤੇ ਆ ਕੇ ਬਹਿਸ ਕਰਨ ਦੀ ਕੀਤੀ ਬੇਨਤੀ ‘ਤੇ ਜਵਾਬ ਦਿੰਦਿਆਂ ਕਿਹਾ ਕਿ ਜਥੇਦਾਰ ਟੀ.ਵੀ. ਉੱਤੇ ਬਹਿਸ ਨਹੀਂ ਕਰਦੇ ਹੁੰਦੇ,ਇਹ ਅਹੁਦੇ ਦੀ ਇੱਕ ਨੈਤਿਕਤਾ ਹੈ ਕਿ ਉਸਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਬਣਾਈ ਗਈ 5 ਮੈਂਬਰੀ ਕਮੇਟੀ ਕੋਲ ਮਸਲੇ ਦੇ ਹੱਲ ਵਾਸਤੇ ਬੈਠਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬਹੁਤ ਸਾਰੇ ਲੋਕ ਉਸਨੂੰ ਨਕਲੀ ਨਿਰੰਕਾਰੀ ਵਜੋਂ ਸਿੱਖਾਂ ਦੇ ਸਿਰਾਂ ‘ਤੇ ਬਿਠਾਉਣਾ ਚਾਹੁੰਦੇ ਹਨ। ਢੱਡਰੀਆਂਵਾਲੇ ਵੱਲੋਂ ਸਟੇਜਾਂ ਨਾ ਲਾਉਣ ਦੇ ਫੈਸਲੇ ‘ਤੇ ਜਥੇਦਾਰ ਨੇ ਕਿਹਾ ਕਿ ਇਹ ਫੈਸਲਾ ਲੈਣ ਨਾਲੋਂ ਢੱਡਰੀਆਂਵਾਲੇ ਨੂੰ ਬੈਠ ਕੇ ਮਸਲੇ ਦਾ ਹੱਲ ਕੱਢਣ ਦਾ ਫੈਸਲਾ ਕਰਨਾ ਚਾਹੀਦਾ ਸੀ।
ਜਥੇਦਾਰ ਸਾਹਿਬ ਵੱਲੋਂ ਪਾਕਿਸਤਾਨ ਸਰਕਾਰ ਅੱਗੇ ਪਾਕਿਸਤਾਨ ਸਥਿਤ ਦੋ ਗੁਰਦੁਆਰੇ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਸਥਾਨ ਤੇ ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਸਥਾਨ ਆਮ ਸੰਗਤ ਲਈ ਖੋਲ੍ਹਣ ਦੀ ਗੱਲ ਕੀਤੀ ਗਈ ਹੈ। ਉਨ੍ਹਾਂ ਨਾਭਾ ਵਿੱਚ ਜੇਲ੍ਹ ਪ੍ਰਸ਼ਾਸਨ ਵੱਲੋਂ ਪੋਥੀਆਂ ਦੀ ਕੀਤੀ ਬੇਅਦਬੀ ਦੇ ਮਾਮਲੇ ‘ਤੇ ਬੋਲਦਿਆਂ ਕਿਹਾ ਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਭੁੱਖ ਹੜਤਾਲ ‘ਤੇ ਬੈਠੇ ਬੰਦੀ ਸਿੰਘਾਂ ਦੀਆਂ ਗੱਲਾਂ ਸੁਣੀਆਂ ਜਾਣ ਤੇ ਦੋਸ਼ੀਆਂ ਨੂੰ ਸਜਾਵਾਂ ਦਿੱਤੀਆਂ ਜਾਣ। ਜਥੇਦਾਰ ਨੇ ਕਿਹਾ ਕਿ ਟਰੰਪ ਦੇ ਆਉਣ ਨਾਲ ਦਿੱਲੀ ਵਿੱਚ ਹਾਲਾਤ ਖ਼ਰਾਬ ਹੋਏ ਹਨ। ਜਥੇਦਾਰ ਨੇ ਕਿਹਾ ਕਿ ਜਦੋਂ ਵੀ ਅਮਰੀਕਾ ਦਾ ਰਾਸ਼ਟਰਪਤੀ ਹਿੰਦੁਸਤਾਨ ਆਉਂਦਾ ਹੈ ਤਾਂ ਉਦੋਂ ਹੀ ਅਜਿਹੀਆਂ ਘਟਨਾਵਾਂ ਕਿਉਂ ਵਾਪਰਦੀਆਂ ਹਨ। ਉਨ੍ਹਾਂ ਇਸ ਮਾਮਲੇ ‘ਤੇ ਜਾਂਚ ਕਰਨ ਲਈ ਕਿਹਾ ਹੈ।