Punjab

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਡੇਰਾ ਪ੍ਰੇਮੀਆਂ ਦੀ ਅਪੀਲ ਕੀਤੀ ਖਾਰਜ

‘ਦ ਖਾਲਸ ਬਿਊਰੋ:ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਡੇਰਾ ਸਿਰਸਾ ਪ੍ਰੇਮੀਆਂ ਨੂੰ ਬੁਰੀ ਤਰਾਂ ਝਾੜ ਲਗਾਈ ਹੈ ਤੇ ਦਾਇਰ ਕੀਤੀ ਗਈ ਪਟੀਸ਼ਨ ਨੂੰ ਖਿਆਲੀ ਪੁਲਾਅ ਦੱਸਦੇ ਹੋਏ ਖਾਰਜ ਕਰ ਦਿੱਤਾ ਹੈ।ਅਦਾਲਤ ਨੇ ਪਟੀਸ਼ਨਕਰਤਾ ਤੇ ਉਹਨਾਂ ਦੇ ਵਕੀਲ ਨੂੰ ਬੁਰੀ ਤਰ੍ਹਾਂ ਫਿਟਕਾਰ ਲਗਾਉਂਦੇ ਹੋਏ ਕਿਹਾ ਕਿ ਗਦਾ ਹੈ ਤੁਸੀਂ ਕੋਈ ਫਿਕਸ਼ਨਲ ਮੂਵੀ ਦੇਖ ਲਈ ਹੈ ਤੇ ਇਹ ਵੀ ਕਿਹਾ ਕਿ ਕੋਰਟ ਅਜਿਹੇ ਕੇਸ ਸੁਣਨ ਲਈ ਨਹੀਂ ਬਣੀ। ਅਦਾਲਤ ਨੇ ਪਟੀਸ਼ਨ ਕਰਤਾ ਪ੍ਰੇਮੀਆਂ ਨੂੰ ਇਹ ਸਵਾਲ ਵੀ ਕੀਤਾ ਹੈ ਕਿ ਪੈਰੋਲ ‘ਤੇ ਆਇਆ ਰਾਮ ਰਹੀਮ ਕਿਵੇਂ ਅਗਵਾ ਹੋ ਗਿਆ?ਦਿਮਾਗ ਦਾ ਇਸਤੇਮਾਲ ਕਰੋ।ਇਹ ਕਹਿੰਦੇ ਹੋਏ ਅਦਾਲਤ ਨੇ ਇਸ ਪਟੀਸ਼ਨ ਨੂੰ ਵਾਪਸ ਲੈਣ ਲਈ ਵੀ ਕਿਹਾ ਪਰ ਜਦ ਉਹਨਾਂ ਪਟੀਸ਼ਨ ਵਾਪਸ ਨਾ ਲਈ ਤਾਂ  ਸਖਤੀ ਦਿਖਾਉਂਦੇ ਹੋਏ ਅਦਾਲਤ ਨੇ ਹੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ।

ਤੁਹਾਨੂੰ ਦੱਸ ਦੇਈਏ ਕਿ ਕੱਲ੍ਹ ਕੁੱਝ ਡੇਰਾ ਪ੍ਰੇਮੀਆਂ  ਨੇ ਅਦਾਲਤ ਵਿੱਚ ਅਪੀਲ ਪਾਈ ਸੀ ਕਿ ਪੈਰੋਲ ‘ਤੇ ਬਾਹਰ ਆਇਆ ਰਾਮ ਰਹੀਮ ਕੋਈ ਬਹਿਰੂਪੀਆ ਹੈ ਤੇ ਅਸਲੀ ਡੇਰਾ ਮੁਖੀ ਨੂੰ ਅਗਵਾ ਕਰ ਲਿਆ ਗਿਆ ਹੈ।ਜਦੋਂ ਕਿ ਡੇਰੇ ਦੀ ਪ੍ਰਬੰਧਕ ਕਮੇਟੀ ਨੇ ਇਹਨਾਂ ਗੱਲਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਸੀ।

ਇਸ ਸੁਣਵਾਈ ਤੋਂ ਪਹਿਲਾਂ ਹਰਿਆਣਾ ਦੇ ਜੇਲ੍ਹ ਮੰਤਰੀ    ਰਣਜੀਤ ਚੌਟਾਲਾ ਨੇ ਇੱਕ ਨਿੱਜੀ ਚੈਨਲ ਨਾਲ ਗੱਲ ਕਰਦੇ ਹੋਏ ਇਹ ਦਾਅਵਾ ਕੀਤਾ ਕਿ ਪੈਰੋਲ ‘ਤੇ ਬਾਹਰ ਆਇਆ ਰਾਮ ਰਹੀਮ ਅਸਲੀ ਹੈ ਤੇ ਉਸ ਨੂੰ ਨਕਲੀ ਦੱਸਣਾ ਬੇਬੁਨਿਆਦ ਹੈ।ਹਰਿਆਣਾ ਸਰਕਾਰ ਵੱਲੋਂ ਤਲਬ ਕਰਨ ‘ਤੇ ਸਰਕਾਰ ਵੀ ਆਪਣਾ ਪੱਖ ਰੱਖੇਗੀ ਪਰ ਇੱਥੇ ਤੱਕ ਨੌਬਤ ਹੀ ਨਹੀਂ ਆਈ ਤੇ ਅਦਾਲਤ ਨੇ ਪਹਿਲਾਂ ਹੀ ਇਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ।