India

ਕੇਜਰੀਵਾਲ ਦੇ ਵਿਧਾਇਕ ਹੋਏ ਹੋਰ ਅਮੀਰ, ਤਨਖ਼ਾਹ 66 % ਵਧਾਈ

ਦਿੱਲੀ ਵਿਧਾਨ ਸਭਾ ਵਿੱਚ ਵਿਧਾਇਕਾਂ ਦੀ ਤਨਖ਼ਾਹ ਵਧਾਉਣ ਦਾ ਬਿਲ ਪਾਸ

‘ਦ ਖ਼ਾਲਸ ਬਿਊਰੋ : ਦਿੱਲੀ ਵਿਧਾਨ ਸਭਾ ਨੇ ਵਿਧਾਇਕਾਂ ਦੀ ਤਨਖ਼ਾਹਾਂ ਵਧਾਉਣ ਦਾ ਬਿਲ ਨੂੰ ਪਾਸ ਕਰ ਦਿੱਤਾ ਹੈ। ਹੁਣ ਵਿਧਾਇਕਾਂ ਦੀ ਤਨਖ਼ਾਹ 66 ਫੀਸਦੀ ਤੱਕ ਵੱਧ ਜਾਵੇਗੀ। ਕੇਂਦਰ ਅਤੇ ਉਪ ਰਾਜਪਾਲ ਨੇ ਪਹਿਲਾਂ ਹੀ ਤਨਖ਼ਾਹ ਵਧਾਉਣ ਨੂੰ ਹਰੀ ਝੰਡੀ ਦੇ ਦਿੱਤੀ ਸੀ। ਜਦੋਂ ਪਿਛਲੇ ਹਫਤੇ ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਿਧਾਇਕਾਂ ਦੀ ਤਨਖ਼ਾਹ ਵਧਾਉਣ ਦੀ ਅਪੀਲ ਕੀਤੀ ਸੀ ਤਾਂ ਪੰਜਾਬ ਦੇ ਮੁੱਖ ਮਤਰੀ ਭਗਵੰਤ ਸਿੰਘ ਮਾਨ ਨੇ ਬਾਜਵਾ ਨੂੰ ਖ਼ਰੀਆਂ-ਖ਼ਰੀਆਂ ਸੁਣਾਈਆਂ ਸਨ।

ਮਾਨ ਨੇ ਤੰਜ ਕੱਸਦੇ ਹੋਏ ਕਿਹਾ ਸੀ ਕਿ ਬਾਜਵਾ ਜਦੋਂ ਰਾਜ ਸਭਾ ਤੋਂ ਬਾਅਦ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਲੜਨ ਆ ਰਹੇ ਸਨ ਤਾਂ ਉਨ੍ਹਾਂ ਨੇ ਲੋਕਾਂ ਦੀ ਸੇਵਾ ਕਰਨ ਦੀ ਗੱਲ ਕਹੀ ਸੀ ਪਰ ਹੁਣ ਉਹ ਤਨਖ਼ਾਹ ਵਧਾਉਣ ਦੀ ਮੰਗ ਕਰ ਰਹੇ ਹਨ। ਮਾਨ ਨੇ ਤਨਖ਼ਾਹ ਵਧਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਦਿੱਲੀ ਦੇ ਵਿਧਾਇਕਾਂ ਦੀ ਤਨਖ਼ਾਹ ਵਧਣ ਤੋਂ ਬਾਅਦ ਵੀ ਉਨ੍ਹਾਂ ਦੀ ਤਨਖਾਹ ਪੰਜਾਬ ਦੇ ਵਿਧਾਇਕਾਂ ਦੇ ਬਰਾਬਰ ਨਹੀਂ ਪਹੁੰਚੀ ਹੈ । Association for Democratic Reforms (ADR) ਵੱਲੋਂ ਕੀਤੇ ਗਏ ਸਰਵੇ ਮੁਤਾਬਿਕ ਪੰਜਾਬ ਦੇ 75 ਫੀਸਦੀ ਮੌਜੂਦਾ ਵਿਧਾਇਕ ਕਰੋੜਪਤੀ ਹਨ ਅਤੇ 1/3 ਉਹ ਵਿਧਾਇਕ ਨੇ ਜਿੰਨਾਂ ਕੋਲ 5 ਕਰੋੜ ਤੋਂ ਵੱਧ ਦੀ ਜਾਇਦਾਦ ਹੈ। ਪੰਜਾਬ ਵਿੱਚ ਆਪ ਦੇ 92 ਵਿੱਚੋਂ 63 ਵਿਧਾਇਕ ਅਜਿਹੇ ਨੇ ਜੋ ਕਰੋੜਪਤੀ ਹਨ ਜਦਕਿ ਕਾਂਗਰਸ ਦੇ 18 ਵਿੱਚੋਂ 17 ਵਿਧਾਇਕ ਕਰੋੜਪਤੀ ਹਨ ਅਤੇ ਅਕਾਲੀ ਦਲ ਦੇ ਜਿੱਤੇ ਤਿੰਨੋ ਅਤੇ BSP ਦਾ ਇਕੋ ਇੱਕ ਵਿਧਾਇਕ ਵੀ ਕਰੋੜਪਤੀ ਹੈ ।

ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਦਿੱਲੀ ਦੇ ਵਿਧਾਇਕਾਂ ਦੀ ਤਨਖ਼ਾਹ ਹੁਣ ਵੀ ਪੰਜਾਬ ਤੋਂ ਵੱਧ

ਦਿੱਲੀ ਦੇ ਵਿਧਾਇਕਾਂ ਦੀ ਤਨਖ਼ਾਹ ਵਿੱਚ 66 ਫੀਸਦੀ ਦਾ ਵਾਧਾ ਕਰਨ ਤੋਂ ਬਾਅਦ ਹੁਣ ਵਿਧਾਇਕਾਂ ਨੂੰ ਤਨਖ਼ਾਹ ਭੱਤਿਆਂ ਸਮੇਤ 90 ਹਜ਼ਾਰ ਰੁਪਏ ਮਹੀਨੇ ਦਿੱਤੇ ਜਾਣਗੇ। ਜਦਕਿ ਇਸ ਤੋਂ ਪਹਿਲਾਂ ਵਿਧਾਇਕਾਂ ਦੀ ਤਨਖ਼ਾਹ ਭੱਤਿਆਂ ਸਮੇਤ 54 ਹਜ਼ਾਰ ਸੀ। ਮੁੱਖ ਮੰਤਰੀ ਕੇਜਰੀਵਾਲ ਨੇ ਦਾਅਵਾ ਕੀਤਾ ਸੀ ਕਿ ਦਿੱਲੀ ਦੇ ਵਿਧਾਇਕਾਂ ਦੀ ਤਨਖ਼ਾਹ ਪੂਰੇ ਭਾਰਤ ਦੇ ਮੁਕਾਬਲੇ ਸਭ ਤੋਂ ਘੱਟ ਹੈ, ਦਿੱਲੀ ਵਿੱਚ ਅਖ਼ੀਰਲੀ ਵਾਰ ਵਿਧਾਇਕਾਂ ਦੀ ਤਨਖ਼ਾਹ ਸ਼ੀਲਾ ਦੀਕਸ਼ਿਤ ਨੇ ਮੁੱਖ ਮੰਤਰੀ ਰਹਿੰਦੇ ਹੋਏ 2011 ਵਿੱਚ 7 ਤੋਂ 11 ਹਜ਼ਾਰ ਦੇ ਵਿੱਚ ਵਧਾਈ ਸੀ । ਪੰਜਾਬ ਦੇ ਵਿਧਾਇਕਾਂ ਨੂੰ ਭੱਤੇ ਮਿਲਾ ਕੇ ਤਕਰੀਬਨ 96 ਹਜ਼ਾਰ ਰੁਪਏ ਮਹੀਨੇ ਤਨਖ਼ਾਹ ਦਿੱਤੀ ਜਾਂਦੀ ਹੈ।ਦੇਸ਼ ਵਿੱਚ ਨਵਾਂ ਬਣਿਆ ਸੂਬਾ ਤੇਲੰਗਾਨਾ ਆਪਣੇ ਵਿਧਾਇਕਾਂ ਨੂੰ ਸਭ ਤੋਂ ਵੱਧ ਤਨਖ਼ਾਹ ਦਿੰਦਾ ਹੈ।

ਦਿੱਲੀ ਵਿਧਾਨ ਸਭਾ

ਤੇਲੰਗਾਨਾ ਵਿੱਚ ਵਿਧਾਇਕ ਦੀ ਤਨਖ਼ਾਹ ਸਭ ਤੋਂ ਵਧ

8 ਸਾਲ ਪਹਿਲਾਂ ਹੌਂਦ ਵਿੱਚ ਆਇਆ ਤੇਲੰਗਾਨਾ ਸੂਬਾ ਆਪਣੇ ਵਿਧਾਇਕਾਂ ਨੂੰ ਸਭ ਤੋਂ ਵਧ ਤਨਖ਼ਾਹ ਦਿੰਦਾ ਹੈ। ਤੇਲੰਗਾਨਾ ਦੇ ਵਿਧਾਇਕਾਂ ਨੂੰ ਸਾਰੇ ਭੱਤੇ ਮਿਲਾਕੇ ਹਰ ਮਹੀਨੇ 2 ਲੱਖ 50 ਹਜ਼ਾਰ ਤਨਖ਼ਾਹ ਮਿਲਦੀ ਹੈ। ਇਹ ਦਿੱਲੀ ਅਤੇ ਪੰਜਾਬ ਦੇ ਵਿਧਾਇਕਾਂ ਨੂੰ ਮਿਲਣ ਵਾਲੇ ਤਨਖ਼ਾਹ ਭੱਤੇ ਤੋਂ ਡੇਢ ਗੁਣਾ ਜ਼ਿਆਦਾ ਹੈ,ਜਦਕਿ ਉੱਤਰ ਪ੍ਰਦੇਸ਼ ਦੇ ਵਿਧਾਇਕ ਨੂੰ ਹਰ ਮਹੀਨੇ ਭੱਤੇ ਨਾਲ 1 ਲੱਖ 87 ਹਜ਼ਾਰ ਤਨਖ਼ਾਹ ਮਿਲਦੀ ਹੈ ।ਮਹਾਰਸ਼ਟਰ ਤੀਜੇ ਨੰਬਰ ‘ਤੇ 1 ਲੱਖ 70 ਹਜ਼ਾਰ ਨਾਲ ਹੈ ਜਦਕਿ ਜੰਮੂ-ਕਸ਼ਮੀਰ ਦੇ ਵਿਧਾਇਕਾਂ ਨੂੰ ਹਰ ਮਹੀਨੇ 1 ਲੱਖ 60 ਹਜ਼ਾਰ ਤਨਖ਼ਾਹ ਮਿਲਦੀ ਹੈ।