‘ਦ ਖਾਲਸ ਬਿਊਰੋ:ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸੰਨ 2009 ਤੋਂ 2012 ਤੱਕ ਪੰਜਾਬ ਵਿੱਚ ਹੋਏ VAT ਦੇ 44000 ਕਰੋੜ ਰੁਪਏ ਦੇ ਘੁਟਾਲੇ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ। ਉਹਨਾਂ ਇੱਕ ਪ੍ਰੈਸ ਕਾਨਫਰੰਸ ਵਿੱਚ ਬੋਲਦੇ ਹੋਏ ਇਹ ਦੱਸਿਆ ਹੈ ਕਿ ਸਾਬਕਾ ਫੌਜੀ ਅਧਿਕਾਰੀ ਤੇ ਸਾਬਕਾ ਐਕਸਾਈਜ਼ ਤੇ ਟੈਕਸੇਸ਼ਨ ਅਧਿਕਾਰੀ ਕੈਪਟਨ ਵਾਈਐਸ ਮੱਟਾ ਨੇ ਉਹਨਾਂ ਦੇ ਧਿਆਨ ਵਿੱਚ ਇਹ ਮਾਮਲਾ ਲਿਆਂਦਾ ਹੈ ।
ਉਹਨਾਂ ਇਸ ਸਾਰੇ ਮਾਮਲੇ ਬਾਰੇ ਬਜਟ ਸੈਸ਼ਨ ਦੌਰਾਨ ਮੁੱਖ ਮੰਤਰੀ ਨੂੰ ਸੂਚਿਤ ਵੀ ਕੀਤਾ ਸੀ ਤੇ ਉਹਨਾਂ ਸਮਾਂ ਦੇਣ ਦਾ ਵਾਅਦਾ ਵੀ ਕੀਤਾ ਸੀ ਪਰ ਹਾਲੇ ਤੱਕ ਮਾਨ ਸਰਕਾਰ ਨੇ ਇਸ ਮਾਮਲੇ ਸਬੰਧੀ ਕੋਈ ਸਮਾਂ ਨਹੀਂ ਦਿੱਤਾ ਹੈ। ਹਾਰ ਕੇ ਹੁਣ ਕੈਪਟਨ ਮੱਟਾ ਤੇ ਸੁਖਪਾਲ ਸਿੰਘ ਖਹਿਰਾ ਨੇ ਇਸ ਸਬੰਧ ਵਿੱਚ ਪੰਜਾਬ ਸਰਕਾਰ ਨੂੰ ਚਿੱਠੀ ਲਿੱਖੀ ਹੈ।
ਖਹਿਰਾ ਨੇ ਦੱਸਿਆ ਕਿ ਇਹ ਸਾਰਾ ਮਾਮਲਾ ਕੰਟੇਨਰ ਕੋਰਪੋਰੇਸ਼ਨ ਆਫ ਇੰਡੀਆ ਤੋਂ ਢੰਡਾਰੀ ਕਲਾਂ ਦੇ ਦੁਆਲੇ ਘੁੰਮਦਾ ਹੈ।ਇਸ ਡਰਾਈ ਪੋਰਟ ਉੱਤੇ ਕਾਫੀ ਸਾਰਾ ਸਮਾਨ ਆਉਂਦਾ ਹੈ, ਜਿਸ ਉੱਤੇ 1 ਅਪ੍ਰੈਲ 2009 ਤੋਂ ਲੈ ਕੇ 31 ਅਗਸਤ 2012 ਤੱਕ 44000 ਕਰੋੜ ਦਾ ਬਣਦਾ ਵੈਟ ਵੀ ਲੱਗਣਾ ਚਾਹੀਦਾ ਸੀ ਪਰ ਕੈਪਟਨ ਬੱਟਾ ਵੱਲੋਂ ਉਪਲੱਬਧ ਕਰਵਾਈ ਗਈ ਜਾਣਕਾਰੀ ਦੇ ਹਿਸਾਬ ਨਾਲ ਲਗਭਗ ਤਿੰਨ ਸਾਲ ਦਾ ਇਹ ਵੈਟ ਅਦਾ ਨਹੀਂ ਕੀਤਾ ਗਿਆ ਹੈ। ਇਸ ਸਬੰਧ ਵਿੱਚ ਜਦੋਂ ਕੈਪਟਨ ਬੱਟਾ ਨੇ ਇਹ ਮਾਮਲਾ ਵੱਡੇ ਅਫਸਰਾਂ ਦੇ ਧਿਆਨ ਵਿੱਚ ਲਿਆਂਦਾ ਤਾਂ ਉਹਨਾਂ ਦਾ ਲੁਧਿਆਣਾ ਤੋਂ ਤਬਾਦਲਾ ਹੀ ਕਰ ਦਿੱਤਾ ਗਿਆ।
ਸੰਨ 2014 ਵਿੱਚ ਆਪਣੀ ਰਿਟਾਇਰਮੈਂਟ ਤੋਂ ਬਾਅਦ ਕੈਪਟਨ ਮੱਟ ਨੇ ਆਰਟੀਆਈ ਰਾਹੀਂ ਜਾਣਕਾਰੀ ਇਕੱਠੀ ਕੀਤੀ ਤੇ ਇਸ ਘੁਟਾਲੇ ਦਾ ਪਰਦਾਫਾਸ਼ ਕਰਨ ਲਈ ਹਾਈ ਕੋਰਟ ਵਿੱਚ ਪਟੀਸ਼ਨ ਪਾਈ ਹੈ, ਜਿਸ ਉੱਤੇ ਅਗਲੀ ਤਰੀਕ 11 ਅਕਤੂਬਰ ਨੂੰ ਸੁਣਵਾਈ ਹੋਣੀ ਹੈ।
ਆਪ ਸਰਕਾਰ ਉੱਤੇ ਨਿਸ਼ਾਨਾ ਲਾਉਂਦਿਆਂ ਉਹਨਾਂ ਕਿਹਾ ਕਿ ਪੰਜਾਬ ਵਿੱਚ ਸੱਤਾ ਵਿੱਚ ਆਉਣ ਤੋਂ ਪਹਿਲਾਂ ਆਪ ਨੇ ਆਪਣੀਆਂ ਗਰੰਟੀਆਂ ਪੂਰੀਆਂ ਕਰਨ ਲਈ ਦੋ ਆਮਦਨ ਸ੍ਰੋਤ ਦੱਸੇ ਸੀ। ਇੱਕ ਤਾਂ ਭ੍ਰਿਸ਼ਟਾਚਾਰ ਉੱਤੇ ਲਗਾਮ ਲਗਾ ਕੇ ਤੇ ਦੂਸਰਾ ਮਾਈਨਿੰਗ ਚੋਂ ਪਰ ਸਰਕਾਰ ਇਹਨਾਂ ਸਾਰਿਆਂ ਵਿਚੋਂ ਹੀ ਆਮਦਨ ਪੈਦਾ ਕਰਨ ਵਿੱਚ ਅਸਫਲ ਰਹੀ ਹੈ।
ਇਸ ਤੋਂ ਬਾਅਦ ਬੋਲਦਿਆਂ ਕੈਪਟਨ ਵਾਈਐਸ ਮੱਟਾ ਨੇ ਦੱਸਿਆ ਕਿ ਛੇ ਮਹੀਨਿਆਂ ਦੀ ਮਿਹਨਤ ਤੋਂ ਬਾਅਦ ਢੰਡਾਰੀ ਕਲਾਂ ਵਿੱਚ ਆਏ ਹਰ ਕੰਟੇਨਰ ਦੀ ਜਾਣਕਾਰੀ ਇੱਕਠੀ ਕਰਕੇ ਦਿੱਤੀ ਹੈ, ਜੋ ਕਿ ਉਹਨਾਂ ਆਪਣੇ ਉੱਚ ਅਧਿਕਾਰੀਆਂ ਤੱਕ ਪਹੁੰਚਾਈ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ। 1 ਅਪ੍ਰੈਲ 2009 ਤੋਂ ਲੈ ਕੇ 31 ਅੱਗਸਤ 2012 ਤੱਕ 44000 ਕਰੋੜ ਤੱਕ ਦੇ ਵੈਟ ਦਾ ਸਰਕਾਰ ਨੂੰ ਘਾਟਾ ਪਿਆ ਹੈ।