Punjab

MP ਮਾਨ ਨੂੰ ਕਰੋਨਾ ਨੇ ਘੇਰਿਆ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਲੋਕ ਸਭਾ ਹਲਕਾ ਸੰਗਰੂਰ ਤੋਂ ਨਵੇਂ ਚੁਣੇ ਗਏ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਕਰੋਨਾ ਦੀ ਲਪੇਟ ਵਿੱਚ ਆ ਗਏ ਹਨ। ਉਨ੍ਹਾਂ ਦੀ ਕਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਉਹ ਵੋਟਾਂ ਦੀ ਗਿਣਤੀ ਵਾਲੇ ਦਿਨ ਐਤਵਾਰ ਤੋਂ ਗਲੇ ਦੀ ਤਕਲੀਫ਼ ਮਹਿਸੂਸ ਕਰ ਰਹੇ ਸਨ। ਡਾਕਟਰਾਂ ਨੇ ਉਨ੍ਹਾਂ ਨੂੰ ਸੱਤ ਦਿਨਾਂ ਲਈ ਇਕਾਂਤਵਾਸ ਵਿੱਚ ਜਾਣ ਦੀ ਸਲਾਹ ਦਿੱਤੀ ਹੈ।

ਸੰਸਦ ਮੈਂਬਰ ਮਾਨ ਨੇ ਆਪਣੇ ਟਵੀਟ ਵਿੱਚ ਕਿਹਾ ਹੈ ਕਿ ਉਨ੍ਹਾਂ ਨੂੰ ਪਿਛਲੇ ਕੁੱਝ ਦਿਨਾਂ ਤੋਂ ਗਲੇ ਵਿੱਚ ਇੰਫੈਕਸ਼ਨ ਹੋ ਰਹੀ ਸੀ ਅਤੇ ਉਨ੍ਹਾਂ ਦੀ ਰਿਪੋਰਟ ਕੋਵਿਡ ਪਾਜ਼ੀਟਿਵ ਆਈ ਹੈ। ਉਨ੍ਹਾਂ ਨੇ ਲੋਕਾਂ ਦੇ ਨਾਂ ਦਿੱਤੇ ਸੁਨੇਹੇ ਵਿੱਚ ਕਿਹਾ ਹੈ ਕਿ ਉਹ ਠੀਕ ਮਹਿਸੂਸ ਕਰ ਰਹੇ ਹਨ ਅਤੇ ਸੱਤ ਦਿਨਾਂ ਬਾਅਦ ਲੋਕਾਂ ਨੂੰ ਮਿਲਣਾ ਸ਼ੁਰੂ ਕਰ ਦੇਣਗੇ। ਪਰਿਵਾਰਕ ਸੂਤਰਾਂ ਅਨੁਸਾਰ ਉਹ ਐਤਵਾਰ ਬਾਅਦ ਦੁਪਹਿਰ ਠੀਕ ਮਹਿਸੂਸ ਨਹੀਂ ਕਰ ਰਹੇ ਸਨ ਪਰ ਅਗਲੇ ਦਿਨ ਸਵੇਰੇ ਉਨ੍ਹਾਂ ਦੀ ਸਿਹਤ ਜ਼ਿਆਦਾ ਖਰਾਬ ਹੋਣੀ ਸ਼ੁਰੂ ਹੋ ਗਈ ਸੀ।

ਸਿਮਰਨਜੀਤ ਸਿੰਘ ਮਾਨ ਨੂੰ ਬੁਖਾਰ ਦੀ ਸ਼ਿਕਾਇਤ ਹੋਣ ਤੋਂ ਬਾਅਦ ਡਾਕਟਰਾਂ ਵੱਲੋਂ ਰਾਜਿੰਦਰਾ ਹਸਪਤਾਲ ਪਟਿਆਲਾ ਤੋਂ ਜਾਂਚ ਕਰਾਉਣ ਦੀ ਸਲਾਹ ਦੇ ਦਿੱਤੀ ਗਈ ਹੈ।

ਉਨ੍ਹਾਂ ਨੇ ਸੰਗਰੂਰ ਲੋਕ ਸਭਾ ਹਲਕੇ ਦੀ ਚੋਣ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਨੂੰ ਹਰਾ ਕੇ ਜਿੱਤੀ ਹੈ। ਤਿੰਨ ਹੋਰ ਰਵਾਇਤੀ ਪਾਰਟੀਆਂ ਭਾਜਪਾ, ਅਕਾਲੀ ਦਲ ਅਤੇ ਕਾਂਗਰਸ ਦੀ ਜ਼ਮਾਨਤ ਜ਼ਬਤ ਹੋ ਗਈ ਹੈ। ਉਹ ਇਸ ਤੋਂ ਪਹਿਲਾਂ 1989 ਵਿੱਚ ਤਰਨਤਾਰਨ ਤੋਂ ਅਤੇ 1999 ਵਿੱਚ ਸੰਗਰੂਰ ਤੋਂ ਲੋਕ ਸਭਾ ਦੀ ਚੋਣ ਜਿੱਤ ਚੁੱਕੇ ਹਨ।