Punjab

ਪੰਜਾਬ ਸਰਕਾਰ ਦੀ ਆਟਾ ਸਕੀਮ ‘ਤੇ ਖਹਿਰਾ ਨੇ ਜਤਾਈ ਹੈਰਾਨੀ,ਬੈਂਸ ਨੂੰ ਵੀ ਘੇਰਿਆ

‘ਦ ਖ਼ਾਲਸ ਬਿਊਰੋ : ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਵਿੱਚ ਘਰ-ਘਰ ਆਟਾ ਪਹੁੰਚਾਉਣ ਵਾਲੀ ਸਕੀਮ ਲਈ ਕੀਤੇ ਗਏ ਐਲਾਨ ਨੂੰ ਦੇਖ ਕੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਹੈਰਾਨੀ ਪ੍ਰਗਟਾਈ ਹੈ ਕਿ ਕਿਉਂ ਭਗਵੰਤ ਮਾਨ ਸਰਕਾਰ ਮੁਫਤ ਆਟਾ ਡਿਲੀਵਰੀ ‘ਤੇ 497 ਕਰੋੜ ਖਰਚ ਕਰ ਰਹੀ ਹੈ ਜਦੋਂ ਲੋਕਾਂ ਦੀ ਅਜਿਹੀ ਕੋਈ ਮੰਗ ਨਹੀਂ ਹੈ।ਆਪਣੇ ਟਵੀਟ ਵਿੱਚ ਉਹ ਲਿਖਦੇ ਹਨ ਕਿ ਆਟਾ ਜ਼ਿਆਦਾ ਦੇਰ ਤੱਕ ਸਟੋਰ ਨਹੀਂ ਕੀਤਾ ਜਾ ਸਕਦਾ ਜਦੋਂ ਕਿ ਕਣਕ ਨੂੰ ਜ਼ਿਆਦਾ ਸਮਾਂ ਸਟੋਰ ਕੀਤਾ ਜਾ ਸਕਦਾ ਹੈ।ਇਹ ਸਭ ਉਦੋਂ ਹੋ ਰਿਹਾ ਹੈ ਜਦੋਂ ਪੰਜਾਬ 2.83 ਲੱਖ ਕਰੋੜ ਦੇ ਵੱਡੇ ਕਰਜ਼ੇ ਦਾ ਸਾਹਮਣਾ ਕਰ ਰਿਹਾ ਹੈ।ਉਹਨਾਂ ਇਸ ਪਿੱਛੇ ਭ੍ਰਿ ਸ਼ਟਾਚਾਰ ਹੋਣ ਦੀ ਸੰਭਾਵਨਾ ਜਤਾਈ ਹੈ ।

ਇਸ ਤੋਂ ਬਾਅਦ ਇੱਕ ਹੋਰ ਟਵੀਟ ਰਾਹੀਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਇਸ ਦਾਅਵੇ ‘ਤੇ, ਕਿ ਹੁਣ ਗੈਰਕਾਨੂੰਨੀ ਮਾਈਨਿੰਗ ਖਤਮ ਹੋ ਗਈ ਹੈ, ਤਿੱਖਾ ਪ੍ਰਤੀਕਰਮ ਦਿੱਤਾ ਹੈ। ਆਪਣੇ ਟਵੀਟ ਵਿੱਚ ਉਹਨਾਂ ਲਿਖਿਆ ਹੈ ਕਿ ਇਸ ਦਾਅਵੇ ਦੇ ਬਾਵਜੂਦ ਆਨੰਦਪੁਰ ਹਲਕੇ ਦੇ ਪਿੰਡ ਭੱਲਣ ਮਾਜਰੀ ਵਿੱਚ ਮਸ਼ੀਨਾਂ ਨਾਲ ਵੱਡੇ ਪੱਧਰ ‘ਤੇ ਖੁਦਾਈ ਹੋ ਰਹੀ ਹੈ। ਉਹਨਾਂ ਦਾਅਵਾ ਕੀਤਾ ਹੈ ਕਿ ‘ਆਪ’ ਵੱਲੋਂ ਅਪਣਾਏ ਗਏ ਕੈਪਟਨ ਅਮਰਿੰਦਰ ਦੇ ਸਮਰਥਕ ਰਾਕੇਸ਼ ਚੌਧਰੀ ਵੱਲੋਂ ਸਿਲਟਿੰਗ ਦੇ ਨਾਂ ‘ਤੇ 40 ਫੁੱਟ ਮਾਈਨਿੰਗ ਹੋਈ ਹੈ,ਜਿਸ ਸਬੰਧ ਵਿੱਚ ਉਹਨਾਂ ਇੱਕ ਵੀਡਿਓ ਵੀ ਪਾਈ ਹੈ।