Punjab

“ਬਾਕੀ ਰਹਿੰਦੇ ਵਾਅਦੇ ਜਲਦ ਕੀਤੇ ਜਾਣਗੇ ਪੂਰੇ”

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੰਜਾਬ ਦਾ ਬਜਟ ਪੇਸ਼ ਕਰਨ ਤੋਂ ਬਾਅਦ ਕਿਹਾ ਕਿ ਤਿੰਨ ਮਹੀਨਿਆਂ ਵਿੱਚ ਸਿੰਕਿੰਗ ਫੰਡ ਵਿੱਚ ਇੱਕ ਹਜ਼ਾਰ ਕਰੋੜ ਰੁਪਏ ਨਿਵੇਸ਼ ਕਰਨ ਦਾ ਦਾਅਵਾ ਕੀਤਾ ਸੀ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਹਰ ਵਰਗ ਨੂੰ ਇਸ ਬਜਟ ਵਿੱਚ ਰੱਖਿਆ ਗਿਆ ਹੈ। ਚੀਮਾ ਨੇ ਕਿਹਾ ਕਿ ਇਹ ਪਹਿਲਾ ਬਜਟ ਹੈ ਜੋ ਜਨਤਾ ਨੂੰ ਪੁੱਛ ਕੇ ਤਿਆਰ ਕੀਤਾ ਗਿਆ ਹੈ, ਲੋਕਾਂ ਦੇ ਸੁਝਾਅ ਮੰਗੇ ਗਏ ਸਨ। ਪੰਜਾਬ ਦੀਆਂ 27.3 ਫ਼ੀਸਦੀ ਔਰਤਾਂ ਨੇ ਪੰਜਾਬ ਦਾ ਬਜਟ ਤਿਆਰ ਕਰਨ ਲਈ ਸੁਝਾਅ ਦਿੱਤੇ ਹਨ। ਜੋ ਪਾਲਿਸੀਆਂ ਰਹਿ ਗਈਆਂ ਹਨ, ਉਨ੍ਹਾਂ ਦਾ ਜਲਦ ਐਲਾਨ ਕੀਤਾ ਜਾਵੇਗਾ।

ਚੀਮਾ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਬੇਲੋੜੀਆਂ, ਫ਼ਜ਼ੂਲ ਖਰਚੇ ਬੰਦ ਹੋਣਗੇ। ਚੋਣਾਂ ਦੌਰਾਨ ਆਪ ਪਾਰਟੀ ਨੇ ਪੰਜਾਬ ਵਾਸੀਆਂ ਲਈ ਪੰਜ ਗਾਰੰਟੀਆਂ ਦਾ ਐਲਾਨ ਕੀਤਾ ਸੀ। ਅਸੀਂ ਚਾਰ ਗਾਰੰਟੀਆਂ ਪੂਰੀਆਂ ਕਰ ਦਿੱਤੀਆਂ ਹਨ, ਸਿਰਫ਼ ਇੱਕ ਗਾਰੰਟੀ ਬਚੀ ਹੈ ਜਿਸਨੂੰ ਜਲਦ ਪੂਰਾ ਕੀਤਾ ਜਾਵੇਗਾ। ਚੀਮਾ ਨੇ ਪੂਰੀਆਂ ਕੀਤੀਆਂ ਗਈਆਂ ਗਾਰੰਟੀਆਂ ਵਿੱਚ ਮੁਫ਼ਤ ਬਿਜਲੀ, ਚੰਗੀ ਸਿੱਖਿਆ, ਸਿਹਤ ਸੇਵਾਵਾਂ ਅਤੇ ਸ਼ਹੀਦ ਹੋਣ ਵਾਲੇ ਫ਼ੌਜੀਆਂ ਦੀ ਵਧਾਈ ਗਈ ਐਕਸ ਗ੍ਰੇਸ਼ੀਆ ਗਿਣਵਾਈਆਂ।

ਚੀਮਾ ਨੇ ਕਿਹਾ ਕਿ ਅਸੀਂ ਹੁਣ ਤੱਕ ਸਿਰਫ਼ ਅੱਠ ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲਿਆ ਹੈ। ਅਸੀਂ ਬਹੁਤ ਵਧੀਆ ਤਰੀਕੇ ਨਾਲ ਪੰਜਾਬ ਦਾ ਖ਼ਜ਼ਾਨਾ ਸੰਭਾਲਾਂਗੇ।