‘ਦ ਖ਼ਾਲਸ ਬਿਊਰੋ : ਪੰਜਾਬ ਵਿਧਾਨ ਸਭਾ ਦਾ ਅੱਜ ਬਾਅਦ ਦੁਪਿਹਰ ਦਾ ਸ਼ੈਸ਼ਨ ਖੂਬ ਦਿਲਚਸਪ ਰਿਹਾ। ਸੱਤਾਧਾਰੀ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਮੁ4ਖ ਮੰਤਰੀ ਅਤੇ ਮੰਤਰੀਆਂ ਤੋਂ ਆਪਣੇ ਹਲਕਿਆਂ ਨਾਲ ਸਬੰਧਿਤ ਸਵਾਲ ਪੁੱਛੇ ਜਦਕਿ ਸਮੁੱਚੀ ਵਿਰੋਧੀ ਧਿਰ ਸੁੱਚੇ ਮੂੰਹ ਬੈਠੀ ਰਹੀ।
ਪ੍ਰਸ਼ਨਕਾਲ ਦੇ ਅੰਤ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਕਾਂਗਰਸ ਦੇ ਰਾਜ ਵੇਲੇ ਸਕੂਲ ਸਿੱਖਿਆ ਨੂੰ ਮਿਲੇ ਅੱਵਲ ਦਰਜੇ ਦੀ ਬੇਲੋੜੀ ਅਲੋਚਨਾ ਕੀਤੀ ਗਈ ਹੈ ਜਦਿ ਪ੍ਰਸ਼ੰਸ਼ਾ ਕਰਨੀ ਬਣਦੀ ਸੀ। ਉਨ੍ਹਾਂ ਨੇ ਕਾਂਗਰਸ ਵੱਲੋਂ ਸਕੂਲ ਸਿੱਖਿਆ ਨੂੰ ਉੱਚੇ ਚੁਕਣ ਦੇ ਸੋਹਲੇ ਗਾਉਣੇ ਸ਼ੁਰੂ ਕਰ ਦਿੱਤੇ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੇ ਰਵਾਈਤੀ ਅੰਦਾਜ਼ ਵਿੱਚ ਕਹਿ ਦਿੱਤਾ ਕਿ ਉਨ੍ਹਾਂ ਤੋਂ ਕੁਝ ਲੁਕਿਆ ਨਹੀਂ ਹੋਇਆ। ਪੰਜਾਬ ਸਕੂਲ ਸਿੱਖਿਆ ਨੂੰ ਦਿੱਤਾ ਨੰਬਰ ਵਨ ਦਾ ਦਰਜਾ ਜ਼ਾਅਲੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਕੂਲ ਸਿੱਖਿਆ ਦੀ ਕੁਆਲਟੀ ਸਕੂਲਾਂ ਦੀਆਂ ਬਿਲਡਿੰਗਾਂ ਦੇ ਰੰਗ ਰੋਗਨ ਦੇਖ ਕੇ ਤਹਿ ਨਹੀਂ ਕੀਤੀ ਜਾਂਦੀ। ਉਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਸਕੂਲਾਂ ਵਿੱਚ ਨਾ ਤਾਂ ਢੁਕਵਾਂ ਮੁਢਲਾ ਆਧਾਰੀ ਢਾਂਚਾ ਹੈ ਅਤੇ ਨਾ ਹੀ ਅਧਿਆਪਕ ਪੂਰੇ ਹਨ।
ਇਸ ਤੋਂ ਪਹਿਲਾਂ ਪ੍ਰਸ਼ਨਕਾਲ ਦੇ ਸ਼ੁਰੂ ਹੁੰਦਿਆਂ ਵਿਧਾਇਕ ਜਗਦੀਪ ਗੋਲਡੀ ਨੇ ਅਰਨੀਵਾਲਾ ਵਿੱਚ ਵਾਟਰ ਵਰਕਸ ਦੇ ਕੰਮ ਦੀ ਜਾਣਕਾਰੀ ਮੰਗ ਲਈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲ ਇਹ ਮਹਿਕਮਾ ਹੋਣ ਕਰਕੇ ਉਨ੍ਹਾਂ ਨੇ ਦੱਸਿਆ ਕਿ ਪ੍ਰੋਜੈਕਟ ਉੱਤੇ 7.5 ਕਰੋੜ ਖਰਚ ਆਣਗੇ ਅਤੇ 31 ਅਕਤੂਬਰ ਤੱਕ ਮੁਕੰਮਲ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਰਾਜਪੂਰਾ ਦੀ ਵਿਧਾਇਕਾ ਨੀਨਾ ਮਿੱਤਲ ਨੇ ਮਾਲ ਮੰਤਰੀ ਤੋਂ ਬਨੂੜ ਨੂੰ ਤਹਿਸੀਲ ਦਾ ਦਰਜਾ ਦੇਣ ਦੀ ਮੰਗ ਉਠਾਈ ਤਾਂ ਬ੍ਰਹਮ ਸ਼ੰਕਰ ਜਿੰਪਾ ਨੇ ਸ਼ਰਤਾ ਪੂਰੀਆਂ ਕਰਨ ‘ਤੇ ਹਮਦਰਦੀ ਨਾਲ ਵਿਚਾਰਨ ਦਾ ਭਰੋਸਾ ਦਿੱਤਾ। ਵਿਧਾਇਕ ਕੁਲਦੀਪ ਸਿੰਘ ਬਾਜੀਗਰ ਨੇ ਹਲਕਾ ਸ਼ਤਰਾਣਾ ਵਿੱਚ ਤਕਨੀਕੀ ਸਿੱਖਿਆ ਕਾਲਜ ਖੋਲਣ ਦੀ ਮੰਗ ਕੀਤੀ। ਜਿਸ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਸਿੱਖਿਆ ਨੂੰ ਉੱਚਾ ਚੁਕਣ ਲਈ ਜੋ ਸੰਭਵ ਹੋਵੇਗਾ ਸਰਕਾਰ ਉਹ ਕਰਨ ਲਈ ਤਿਆਰ ਹੈ। ਵਿਧਾਨ ਸਭਾ ਹਲਕਾ ਪਾਇਲ ਤੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਸਦਨ ਦੇ ਧਿਆਨ ‘ਚ ਲਿਆਂਦਾ ਕਿ ਆਈਟੀਆਈ ਮਲੋਦ ਮਾਨਤਾ ਪ੍ਰਾਪਤ ਨਹੀੰ ਅਤੇ ਨਾ ਹੀ ਇੱਥੇ ਕਰਾਏ ਜਾਂਦੇ ਕੋਰਸਾਂ ਨੂੰ ਮਾਨਤਾ ਦਿੱਤੀ ਜਾਂਦੀ ਹੈ। ਜਿਸ ‘ਤੇ ਮੁੱਖ ਮੰਤਰੀ ਮਾਨ ਨੇ ਅਗਲੇ ਦਿਨੀਂ ਸਮਾਂ ਲੈ ਕੇ ਵੱਖਰਿਆਂ ਮਿਲਣ ਦੀ ਨਸੀਅਤ ਦੇ ਦਿੱਤੀ।
ਪੰਜਾਬ ਪੁਲਿਸ ਦੇ ਸਾਬਕਾ ਆਈਜੀ ਅਤੇ ਅੰਮ੍ਰਿਤਸਰ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਸਵਾਲ ਭਲਕ ਤੱਕ ਅੱਗੇ ਪਾ ਦਿੱਤਾ ਗਿਆ। ਕੱਲ ਸ਼ਨੀਵਾਰ ਨੂੰ ਸਵੇਰ ਅਤੇ ਦੁਪਿਹਰ ਦੇ ਦੋ ਸ਼ੈਸ਼ਨ ਹੋਣਗੇ।