Punjab

ਵਿਧਾਨ ਸਭਾ ‘ਚ ਕਾਂਗਰਸ ਦੇ ਸਰਕਾਰ ਵਿਰੋਧੀ ਨਾਅਰਿਆਂ ਦੀ ਗੂੰਜ

ਦ ਖ਼ਾਲਸ ਬਿਊਰੋ : ਪੰਜਾਬ ਵਿਧਾਨ ਸਭਾ ਬਜਟ ਸ਼ੈਸ਼ਨ ਦੇ ਪਹਿਲੇ ਦਿਨ ਅੱਜ ਸੱਤਾਧਾਰੀ ਪਾਰਟੀ ਵੱਲੋਂ ਅਮਨ ਕਾਨੂੰਨ ਦਾ ਸਥਿਤੀ ‘ਤੇ ਬਹਿਸ ਦੀ ਆਗਿਆ ਦੇਣ ਤੋਂ ਟਾਲਾ ਵੱਟਣ ‘ਤੇ ਮੁੱਖ ਵਿਰੋਧੀ ਧਿਰ ਕਾਂਗਰਸ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਵਿਧਾਨ ਸਪੀਕਰ ਦੇ ਸਾਹਮਣੇ ਆ ਕੇ ਕਾਂਗਰਸ ਦੇ ਵਿਧਾਇਕ ਕਈ ਚਿਰ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਾਉਂਦੇ ਰਹੇ। ਸਪੀਕਰ ਕੁਲਤਾਰ ਸਿੰਘ ਸੰਧਵਾ ਵੱਲੋਂ ਰਾਜਪਾਲ ਦੇ ਭਾਸ਼ਣ ‘ਤੇ ਧੰਨਵਾਦ ਮਤੇ ਵੇਲੇ ਸੂਬੇ ਦੀ ਅਮਨ ਕਾਨੂੰਨ ਦੇ ਸਥਿਤੀ ‘ਤੇ ਗੱਲ ਕਰਨ ਦੀ ਆਗਿਆ ਦੇਣ ਤੋਂ ਬਾਅਦ ਕਾਂਗਰਸੀ ਸ਼ਾਤ ਹੋ ਗਏ।

ਸਵੇਰ ਦੇ ਸ਼ੈਸ਼ਨ ਦੌਰਾਨ ਵਿਛੜੀਆਂ ਰੂਹਾਂ ਨੂੰ ਸ਼ਰਧਾਂਜ਼ਲੀ ਦੇ ਸ਼ੈਸ਼ਨ ਉਠਾ ਦਿੱਤਾ ਗਿਆ ਸੀ । ਬਾਅਦ ਦੁਪਿਹਰ ਦਾ ਸ਼ੈਸ਼ਨ ਦੋ ਵਜੇ ਪ੍ਰਸ਼ਨ ਕਾਲ ਨਾਲ ਸ਼ੁਰੂ ਹੋਇਆ ਤਾਂ ਵਿਰੋਧੀ ਧਿਰ ਨੇ ਜ਼ੀਰੋ ਆਵਰ ਅਤੇ ਅਮਨ ਕਾਨੂੰਨ ਦੀ ਸਥਿਤੀ ‘ਤੇ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਸਪੀਕਰ ਸੰਧਵਾ ਨੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੂੰ ਰਾਜਪਾਲ ਬਨਬਾਰੀ ਲਾਲ ਪਰੋਹਿਤ ਦੇ 21 ਮਾਰਚ 2022 ਦੇ ਭਾਸ਼ਣ ‘ਤੇ ਧੰਨਵਾਦ ਮਤੇ ‘ਤੇ ਬਹਿਸ ਕਰਨ ਲਈ ਕਹਿ ਦਿੱਤਾ ਪਰ ਵਿਰੋਧੀ ਧਿਰ ਆਪਣੀ ਮੰਗ ‘ਤੇ ਅੜੀ ਰਹੀ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਬਹਿਸ ਕਰਨ ਤੱਕ ਸਮਾਗਮ ਨਾ ਚੱਲਣ ਦੀ ਚੇਤਾਵਨੀ ਦੇ ਦਿੱਤੀ। ਵਿਰੋਧੀ ਧਿਰ ਆਪਣੀ ਮੰਗ ‘ਤੇ ਅੜੀ ਰਹੀ ਅਤੇ ਵਾਕ ਆਉਟ ਦਾ ਐਲਾਨ ਕਰ ਦਿੱਤਾ ਤਾਂ ਅਮਨ ਅਰੋੜਾ ਨੇ ਬਾਹਰ ਜਾਣ ਦੀ ਥਾਂ ਅੱਖਾਂ ਵਿੱਚ ਅੱਖਾਂ ਪਾ ਕੇ ਬਹਿਸ ਕਰਨ ਦੀ ਪੇਸ਼ਕਸ਼ ਕਰ ਦਿੱਤੀ ।

ਸਦਨ ਵਿੱਚ ਉਦੋਂ ਵਾਰ ਵਾਰ ਹਾਸਾ ਪੈਂਦਾ ਰਿਹਾ ਜਦੋਂ ਅਮਨ ਅਰੋੜਾ ਨੇ ਸਪੀਕਰ ਨੂੰ ਵਾਰ ਵਾਰ ਬੇਨਤੀ ਕਰਨੀ ਸ਼ੁਰੂ ਕਰ ਦਿੱਤੀ ਕਿ ਵਿਰੋਧੀ ਧਿਰ ਨੂੰ ਬਾਹਰ ਜਾਣ ਤੋਂ ਰੋਕਣ ਲਈ ਮਾਰਸ਼ਲ ਤਾਇਨਾਤ ਕਰ ਦਿੱਤੇ ਜਾਣ। ਆਮ ਕਰਕੇ ਵਿਰੋਧੀ ਧਿਰ ਨੂੰ ਬਾਹਰ ਕੱਢਣ ਲਈ ਮਾਰਸ਼ਲ ਡਿਊਟੀ ‘ਤੇ ਲਾਏ ਜਾਂਦੇ ਹਨ ਪਰ ਇਹ ਪਹਿਲੀ ਵਾਰ ਹੋਇਆ ਕਿ ਵਿਰੋਧੀ ਧਿਰ ਨੂੰ ਰੋਕਣ ਲਈ ਮਾਰਸ਼ਲਾਂ ਨੂੰ ਹਦਾਇਤ ਕਰਨ ਲਈ ਕਿਹਾ ਜਾਂਦਾ ਰਿਹਾ।

ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਮੁੜ ਅਮਨ ਕਾਨੂੰਨ ਦੀ ਸਥਿਤੀ ਦਾ ਮੁੱਦਾ ਚੁੱਕ ਲਿਆ। ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਉਸ ਵੀਡੀਉ ਬਿਆਨ ਦਾ ਜਵਾਬ ਮੰਗ ਲਿਆ ਜਿਸ ਵਿੱਚ ਉਨ੍ਹਾਂ ਨੇ ਆਪਣੀ ਜਾਨ ਨੂੰ ਖਤਰਾ ਦੱਸਿਆ ਸੀ। ਸਪੀਕਰ ਵੱਲੋਂ ਭਲਕ ਨੂੰ 12 ਵਜੇ ਤੱਕ ਮੁੱਖ ਮੰਤਰੀ ਦਾ ਜਵਾਬ ਹਾਜ਼ਰ ਕਰਨ ਦੀ ਭਰੋਸਾ ਦੇਣ ‘ਤੇ ਸਦਨ ਦੀ ਕਾਰਵਾਈ ਮੁੜ ਸ਼ੁਰੂ ਹੋਈ।