Punjab

ਪੰਜਾਬ ਦੇ ਲੋਕਾਂ ਦਾ ਸਿਆਸਤ ਤੋਂ ਮੋਹ ਹੋਇਆ ਭੰਗ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਲੋਕਾਂ ਦਾ ਸਿਆਸਤ ਤੋਂ ਮੋਹ ਭੰਗ ਹੋ ਗਿਆ ਲੱਗਦਾ ਹੈ। ਸੰਗਰੂਰ ਲੋਕ ਸਭਾ ਹਲਕੇ ਲਈ ਅੱਜ ਲੋਕ ਵੋਟਾਂ ਪਾਉਣ ਲਈ ਘਰੋਂ ਘੱਟ-ਵੱਧ ਹੀ ਨਿਕਲੇ। ਘੱਟ ਪੋਲਿੰਗ ਨੂੰ ਦੇਖਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸੂਬੇ ਦੇ ਮੁੱਖ ਚੋਣ ਅਫ਼ਸਰ ਨੂੰ ਪੋਲਿੰਗ ਦਾ ਸਮਾਂ ਛੇ ਦੀ ਥਾਂ ਸੱਤ ਵਜੇ ਤੱਕ ਇੱਕ ਘੰਟਾ ਵਧਾਉਣ ਦੀ ਅਪੀਲ ਕਰਨੀ ਪਈ। ਉਂਝ, ਕਿਹਾ ਤਾਂ ਇਹ ਵੀ ਜਾ ਰਿਹਾ ਹੈ ਕਿ ਕਿਸਾਨ ਝੋਨੇ ਦੀ ਲਵਾਈ ਵਿੱਚ ਰੁੱਝਾ ਹੋਣ ਕਰਕੇ ਵੋਟ ਪਾਉਣ ਲਈ ਨਹੀਂ ਆਇਆ। ਉਂਝ, ਸਿਆਸੀ ਮਾਹਿਰਾਂ ਦਾ ਮੱਤ ਹੈ ਕਿ ਘੱਟ ਪੋਲਿੰਗ ਦਾ ਮਤਲਬ ਸੱਤਾਧਾਰੀ ਵਿਰੋਧੀ ਵੋਟ ਦਾ ਥੋੜਾ ਭੁਗਤਣਾ ਮੰਨਿਆ ਜਾਂਦਾ ਹੈ।

ਵੋਟਾਂ ਪੈਣ ਦਾ ਕੰਮ ਸਵੇਰੇ ਅੱਠ ਵਜੇ ਸ਼ੁਰੂ ਹੋਇਆ। ਸ਼ੁਰੂ ਤੋਂ ਹੀ ਲੋਕਾਂ ਨੇ ਵੋਟਾਂ ਪਾਉਣ ਵਿੱਚ ਘੱਟ ਦਿਲਚਸਪੀ ਦਿਖਾਈ। ਸਵੇਰੇ 11 ਵਜੇ ਤੱਕ ਕੇਵਲ 12.75 ਫ਼ੀਸਦੀ ਵੋਟਾਂ ਭੁਗਤੀਆਂ ਸਨ। ਦੁਪਹਿਰ ਇੱਕ ਵਜੇ ਤੱਕ 27 ਫ਼ੀਸਦੀ ਪੋਲਿੰਗ ਦੱਸੀ ਜਾਂਦੀ ਹੈ। ਦੁਪਹਿਰ ਤੱਕ ਸਭ ਤੋਂ ਵੱਧ ਵੋਟਾਂ ਦਾ ਰੁਝਾਨ ਮਲੇਰਕੋਟਲਾ ਵਿੱਚ ਦੇਖਿਆ ਗਿਆ ਜਿੱਥੇ 31.86 ਫ਼ੀਸਦੀ ਪੋਲਿੰਗ ਹੋ ਚੁੱਕੀ ਸੀ। ਦੂਜੇ ਨੰਬਰ ਉੱਤੇ ਸੁਨਾਮ ਵਿੱਚ 24.9 ਫ਼ੀਸਦੀ ਪੋਲਿੰਗ ਦੱਸੀ ਜਾ ਰਹੀ ਸੀ ਜਦਕਿ ਧੂਰੀ ਵਿੱਚ ਸਭ ਤੋਂ ਘੱਟ 22 ਫ਼ੀਸਦੀ ਵੋਟਾਂ ਭੁਗਤੀਆਂ ਸਨ। ਦੁਪਹਿਰ ਇੱਕ ਵਜੇ ਤੱਕ ਹਲਕੇ ਵਿੱਚ ਔਸਤਨ 27 ਫ਼ੀਸਦੀ ਵੋਟ ਭੁਗਤੀ ਸੀ।

ਸਰਕਾਰੀ ਤੌਰ ਉੱਤੇ ਮਿਲੀ ਜਾਣਕਾਰੀ ਅਨੁਸਾਰ ਬਾਅਦ ਦੁਪਹਿਰ ਤਿੰਨ ਵਜੇ ਤੱਕ ਕੇਵਲ ਦੋ ਫ਼ੀਸਦੀ ਹੋਰ ਭਾਰ 29.7 ਫ਼ੀਸਦੀ ਪੋਲਿੰਗ ਹੋਈ। ਵਿਧਾਨ ਸਭਾ ਹਲਕਾ ਲਹਿਰਾ ਵਿੱਚ ਤਿੰਨ ਵਜੇ ਤੱਕ 28 ਫ਼ੀਸਦੀ, ਦਿੜਬਾ ਵਿੱਚ 29.56 ਫ਼ੀਸਦੀ, ਸੁਨਾਮ ਵਿੱਚ 30.40 ਫ਼ੀਸਦੀ, ਭਦੌੜ ਵਿੱਚ 27.78 ਫ਼ੀਸਦੀ, ਬਰਨਾਲਾ ਵਿੱਚ 27.23 ਫ਼ੀਸਦੀ, ਮਹਿਲ ਕਲਾਂ ਵਿੱਚ 28 ਫ਼ੀਸਦੀ, ਮਲੇਰਕੋਟਲਾ ਵਿੱਚ 33.86 ਫ਼ੀਸਦੀ, ਧੂਰੀ ਵਿੱਚ 29 ਫ਼ੀਸਦੀ ਅਤੇ ਸੰਗਰੂਰ ਵਿੱਚ 28 ਫ਼ੀਸਦੀ ਪੋਲਿੰਗ ਹੋਈ ਸੀ। ਸ਼ਾਮ ਪੰਜ ਵਜੇ ਤੱਕ 36.4 ਫ਼ੀਸਦੀ ਵੋਟਿੰਗ ਹੋਈ। ਸ਼ਾਮ ਪੰਜ ਵਜੇ ਤੱਕ ਸਭ ਤੋਂ ਵੱਧ ਵੋਟਿੰਗ ਮਲੇਰਕੋਟਲਾ ਵਿੱਚ 41 ਫ਼ੀਸਦੀ ਹੋਈ ਹੈ ਅਤੇ ਲਹਿਰਾ ਵਿੱਚ ਸਭ ਤੋਂ ਘੱਟ 32 ਫ਼ੀਸਦੀ ਵੋਟਿੰਗ ਹੋਈ ਹੈ।