Punjab

ਰੈਫਰੈਂਡਮ-2020 ਨੂੰ ਲੈ ਕੇ ਅੰਮ੍ਰਿਤਸਰ ਸਾਹਿਬ ‘ਚ ਅਲਰਟ ਜਾਰੀ, SFJ ਨੇ ਕੱਲ੍ਹ ਤੋਂ ਵੋਟਾਂ ਬਣਾਉਣ ਦਾ ਕੀਤਾ ਐਲਾਨ

‘ਦ ਖ਼ਾਲਸ ਬਿਊਰੋ:- ਸਿੱਖਸ ਫਾਰ ਜਸਟਿਸ (SFJ) ਨੂੰ ਲੈ ਕੇ ਅੰਮ੍ਰਿਤਸਰ ਸਾਹਿਬ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਦਰਅਸਲ ਸਿੱਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂੰ ਨੇ ਐਲਾਨ ਕੀਤਾ ਸੀ ਕਿ 4 ਜੁਲਾਈ ਤੋਂ ਰੈਫਰੈਂਡਮ-2020 ਦੀਆਂ ਵੋਟਾਂ ਲਈ ਰਜਿਸਟ੍ਰੇਸ਼ਨ ਸ਼ੁਰੂ ਕਰ ਦਿੱਤੀ ਜਾਵੇਗੀ। ਜਿਸ ਦੀ ਸ਼ੁਰੂਆਤ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਅਰਦਾਸ ਸਮਾਗਮ ਕਰਕੇ ਇਸ ਕਾਰਜ ਦੀ ਆਰੰਭਤਾ ਕੀਤੀ ਜਾਵੇਗੀ। ਇਸਨੂੰ ਮੱਦੇਨਜ਼ਰ ਰੱਖਦੇ ਹੋਏ ਪ੍ਰਸ਼ਾਸ਼ਨ ਨੇ ਦਰਬਾਰ ਸਾਹਿਬ ਦੇ ਆਲੇ-ਦੁਆਲੇ ਪੁਲਿਸ ਸੁਰੱਖਿਆ ਵਧਾ ਦਿੱਤੀ ਹੈ।

 

 

ਜਾਣਕਾਰੀ ਲਈ ਦੱਸ ਦੇਈਏ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਸ਼ਪੱਸ਼ਟ ਕਰ ਚੁੱਕੇ ਹਨ ਕਿ “ਪੰਜਾਬ ਵਿੱਚ ਕੋਈ ਰੈਫਰੈਂਡਮ ਨਹੀਂ ਹੋਵੇਗਾ। ਉਹਨਾਂ ਕਿਹਾ ਸੀ ਕਿ ਸਿਰਫ ਪੰਨੂੰ ਵਰਗੇ ਲੋਕ ਹੀ ਰੈਫਰੈਂਡਮ ਚਾਹੁੰਦੇ ਹਨ, ਪਰ ਪੰਜਾਬ ਦੇ ਲੋਕ ਇਸਦੇ ਹੱਕ ਵਿੱਚ ਨਹੀਂ ਹਨ”।

 

ਗੁਰਪਤਵੰਤ ਸਿੰਘ ਪੰਨੂੰ ਦੀਆਂ ਰੈਫਰੈਂਡਮ ਨੂੰ ਲੈ ਕਿ ਕੀਤੀਆਂ ਜਾਂਦੀਆਂ ਕਾਰਵਾਈਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਪਿਛਲੇ ਦਿਨੀਂ ਭਾਰਤ ਦੇ ਗ੍ਰਹਿ ਮੰਤਰਾਲੇ ਨੇ ਪੰਨੂੰ ਨੂੰ ਅੱਤਵਾਦੀ ਐਲਾਨ ਦਿੱਤਾ ਹੈ।

 

ਰੈਫਰੈਂਡਮ-2020 ਨੂੰ ਲੈ ਕੇ ਪੂਰੀ ਦੁਨੀਆਂ ਭਰ ਦੇ ਸਿੱਖ ਇਸ ਵਿੱਚ ਰੁਚੀ ਦਿਖਾ ਰਹੇ ਹਨ, ਕਈ ਇਸਦਾ ਵਿਰੋਧ ਕਰ ਰਹੇ ਹਨ ਅਤੇ ਕਈ ਇਸਦੇ ਪੱਖ ਵਿੱਚ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਰੈਫਰੈਂਡਮ-2020 ਦਾ ਵਿਰੋਧ ਕਰਨ ਦੇ ਬਾਅਦ ਇਸਨੂੰ ਨੇਪਰੇ ਚੜ੍ਹਨ ਦਿੱਤਾ ਜਾਵੇਗਾ ਜਾਂ ਨਹੀਂ।