‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਬਾਦਲਾਂ ਉੱਤੇ ਬੰਦੀ ਸਿੰਘਾਂ ਦੇ ਨਾਂ ਉੱਤੇ ਪੰਥ ਨੂੰ ਗੁੰਮਰਾਹ ਕਰਨ ਦਾ ਦੋਸ਼ ਲਾਇਆ ਹੈ। ਉਹਨਾਂ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਇੱਕ ਸਾਂਝਾ ਉਮੀਦਵਾਰ ਖੜਾ ਕਰਨ ਦੀ ਲੋੜ ਸੀ ਪਰ ਉਨ੍ਹਾਂ ਨੇ ਸਿਮਰਨਜੀਤ ਸਿੰਘ ਮਾਨ ਦੇ ਮੁਕਾਬਲੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਬੀਬੀ ਕਮਲਦੀਪ ਕੌਰ ਨੂੰ ਮੈਦਾਨ ਵਿੱਚ ਉਤਾਰ ਕੇ ਪੰਥ ਵਿੱਚ ਵੰਡੀਆਂ ਪਾ ਦਿੱਤੀਆਂ ਹਨ। ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਲੋਕ ਬਾਦਲਾਂ ਦਾ ਅਸਲੀ ਕਿਰਦਾਰ ਜਾਣ ਚੁੱਕੇ ਹਨ, ਇਸ ਕਰਕੇ ਮੂੰਹ ਨਹੀਂ ਲਾਉਣਗੇ। ਸੰਗਰੂਰ ਵਿਧਾਨ ਸਭਾ ਦੀ ਗੱਲ ਕਰਦਿਆਂ ਉਨ੍ਹਾਂ ਦਾ ਕਹਿਣਾ ਸੀ ਕਿ ਅਕਾਲੀ ਦਲ ਚੌਥੇ ਜਾਂ ਪੰਜਵੇਂ ਥਾਂ ਦੀ ਲੜਾਈ ਲੜ ਰਿਹਾ ਹੈ। ਇਸ ਤੋਂ ਪਹਿਲਾਂ ਬਲਜੀਤ ਸਿੰਘ ਦਾਦੂਵਾਲ ਨੇ ਸੁਖਬੀਰ ਸਿੰਘ ਬਾਦਲ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਗਠਿਤ 11 ਮੈਂਬਰੀ ਕਮੇਟੀ ਦੀ ਮੀਟਿੰਗ ਵਿੱਚ ਘੇਰ ਲਿਆ ਸੀ। ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਲਿਖੇ ਪੱਤਰ ਵਿੱਚ ਸੁਖਬੀਰ ਬਾਦਲ ਨੂੰ ਕਮੇਟੀ ਵਿੱਚੋਂ ਬਾਹਰ ਕਰਨ ਦੀ ਮੰਗ ਵੀ ਕਰ ਚੁੱਕੇ ਹਨ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਕਮਲਦੀਪ ਕੌਰ ਦਾ ਸੰਗਰੂਰ ਲੋਕ ਸਭਾ ਹਲਕੇ ਤੋਂ ਹਮਾਇਤ ਲਈ ਫੋਨ ਆਇਆ ਸੀ ਪਰ ਉਨ੍ਹਾਂ ਨੇ ਸਪੱਸ਼ਟ ਕਰ ਦਿੱਤਾ ਕਿ ਉਹ ਪੰਥਕ ਸਾਂਝੇ ਉਮੀਦਵਾਰ ਹੁੰਦੇ ਤਾਂ ਮਦਦ ਮੰਗਣ ਦੀ ਲੋੜ ਨਹੀਂ ਸੀ ਪੈਣੀ ਪਰ ਹੁਣ ਉਹ ਅਕਾਲੀ ਦਲ ਬਾਦਲ ਵੱਲੋਂ ਚੋਣ ਲੜ ਰਹੇ ਹਨ, ਜਿਸ ਕਰਕੇ ਹਮਾਇਤ ਦੇਣ ਤੋਂ ਅਸਮਰੱਥ ਹੋਣਗੇ।
ਦਾਦੂਵਾਲ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਹਮੇਸ਼ਾ ਪੰਥ ਦਾ ਨੁਕਸਾਨ ਕੀਤਾ ਹੈ ਅਤੇ ਇਸ ਵਾਰ ਇਹ ਬੰਦੀ ਸਿੰਘਾਂ ਦਾ ਨੁਕਸਾਨ ਕਰਨ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਕੇਂਦਰ ਨੂੰ ਸੁਨੇਹਾ ਦੇਣ ਲਈ ਇੱਕ ਉਮੀਦਵਾਰ ਖੜਾ ਕਰਨਾ ਚਾਹੀਦਾ ਸੀ ਪਰ ਇਹ ਇਕੱਤਰਤਾ ਨਹੀਂ ਕੀਤੀ ਗਈ ਸੀ। ਜੇ ਮਾਨ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ ਸੀ ਤਾਂ ਸਾਰਿਆਂ ਨੂੰ ਉਸਦਾ ਸਮਰਥਨ ਕਰਨਾ ਚਾਹੀਦਾ ਸੀ। ਇਨ੍ਹਾਂ ਨੇ ਬੰਦੀ ਸਿੰਘਾਂ ਦੇ ਨਾਂ ਉੱਤੇ ਕਮਲਦੀਪ ਕੌਰ ਨੂੰ ਖੜਾ ਕਰ ਦਿੱਤਾ।