India

ਜਦੋਂ ਯੋਗ ਕਰਦਿਆਂ ਨੂੰ ਕਿਹਾ ਗਿਆ ‘ਖਾਲੀ ਕਰ ਦਿਉ ਮੈਦਾਨ’…

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਸਟੇਡੀਅਮ ‘ਚ ਲੋਕ ਯੋਗਾ ਕਰ ਰਹੇ ਸਨ ਤਾਂ ਪ੍ਰਦਰਸ਼ਨਕਾਰੀ ਅਚਾਨਕ ਮਾਲਦੀਵ ਦੇ ਨੈਸ਼ਨਲ ਫੁੱਟਬਾਲ ਸਟੇਡੀਅਮ ‘ਚ ਦਾਖਲ ਹੋ ਗਏ। ਯੋਗ ਦਿਵਸ ‘ਤੇ ਇਸ ਸਮਾਗਮ ਦਾ ਆਯੋਜਨ ਯੂਥ, ਸਪੋਰਟਸ ਐਂਡ ਕਮਿਊਨਿਟੀ ਐਮਪਾਵਰਮੈਂਟ ਮੰਤਰਾਲੇ ਦੇ ਨਾਲ ਭਾਰਤੀ ਸੰਸਕ੍ਰਿਤੀ ਕੇਂਦਰ ਦੁਆਰਾ ਕੀਤਾ ਗਿਆ ਸੀ।

ਸਟੇਡੀਅਮ ‘ਚ ਕਈ ਲੋਕ ਬੈਠ ਕੇ ਧਿਆਨ ਵਿੱਚ ਲੱਗੇ ਹੋਏ ਸਨ ਕਿ ਅਚਾਨਕ ਲੋਕਾਂ ਦੀ ਭੀੜ ਅੰਦਰ ਆ ਗਈ ਅਤੇ ਰੌਲਾ ਪਾਉਂਦੇ ਹੋਏ ਸਟੇਡੀਅਮ ਨੂੰ ਖਾਲੀ ਕਰਨ ਲਈ ਬੋਲਣਾ ਸ਼ੁਰੂ ਕਰ ਦਿੱਤਾ। ਸਥਿਤੀ ਨੂੰ ਕਾਬੂ ਵਿੱਚ ਲੈਣ ਲਈ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਛੱਡੇ।

ਮਾਲਦੀਵ ਦੇ ਰਾਸ਼ਟਰਪਤੀ ਇਬਰਾਹਿਮ ਮੁਹੰਮਦ ਸੋਲਿਹ ਨੇ ਕਿਹਾ, ”ਮਾਲਦੀਵ ਪੁਲਿਸ ਸਟੇਡੀਅਮ ‘ਚ ਹੋਈ ਘਟਨਾ ਦੀ ਜਾਂਚ ਕਰ ਰਹੀ ਹੈ। ਇਸ ਨੂੰ ਗੰਭੀਰ ਮਾਮਲਾ ਮੰਨਿਆ ਜਾ ਰਿਹਾ ਹੈ ਅਤੇ ਇਸ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਮਾਲਦੀਵ ਵਿੱਚ ਇੱਕ ਵਰਗ ਪਹਿਲਾਂ ਹੀ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਦਾ ਵਿਰੋਧ ਕਰ ਰਿਹਾ ਸੀ। ਇਸ ਬਾਰੇ ਚੇਤਾਵਨੀ ਵੀ ਦਿੱਤੀ ਗਈ ਸੀ ਕਿਉਂਕਿ ਯੋਗ ਵਿੱਚ ਸੂਰਜ ਦੀ ਪੂਜਾ ਕੀਤੀ ਜਾਂਦੀ ਹੈ, ਜੋ ਕਿ ਇਸਲਾਮ ਦੀਆਂ ਮਾਨਤਾਵਾਂ ਦੇ ਮੁਤਾਬਕ ਨਹੀਂ ਹੈ।