Punjab

ਗੁਰਦਾਸਪੁਰ ਜ਼ਿਲ੍ਹੇ ਵਿਚ ਝੋਨੇ ਦੀ ਸਿੱਧੀ ਬਿਜਾਈ ਸਕੀਮ ਨੇ ਤੋੜਿਆ ਦਮ

ਦ ਖ਼ਾਲਸ ਬਿਊਰੋ : ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਧਰਤੀ ਹੇਠਲਾ ਪਾਣੀ ਬਚਾਉਣ ਅਤੇ ਕਿਸਾਨਾਂ ਨੂੰ ਰਵਾਇਤੀ ਖੇਤੀ ਤੋਂ ਬਾਹਰ ਕਢਣ ਲਈ ਇਸ ਸਾਲ ਕਿਸਾਨਾਂ ਲਈ ਸਕੀਮ ਸ਼ੁਰੂ ਕੀਤੀ ਸੀ ਕਿ ਜੋ ਕਿਸਾਨ ਸਿੱਧੀ ਬਿਜਾਈ ਕਰੇਗਾ ਉਸਨੂੰ 1500 ਰੁਪਏ ਪ੍ਰਤੀ ਏਕੜ ਰਾਸ਼ੀ ਦਿਤੀ ਜਾਵੇਗੀ। ਅਧਿਕਾਰੀਆਂ ਵੱਲੋਂ ਪਿੰਡ-ਪਿੰਡ ਜਾ ਕੇ ਇਸ ਸਕੀਮ ਦੀ ਜਾਣਕਾਰੀ ਕੈਂਪ ਲਗਾ ਕੇ ਕਿਸਾਨਾਂ ਨੂੰ ਦਿੱਤੀ ਗਈ ਅਤੇ ਉਨ੍ਹਾਂ ਨੂੰ ਸਿੱਧੀ ਬਿਜਾਈ ਕਰਨ ਲਈ ਪ੍ਰੇਰਿਆ ਗਿਆ ਪਰ ਜ਼ਿਲਾ ਗੁਰਦਾਸਪੁਰ ਦੇ ਕਿਸਾਨਾਂ ਦੀ ਗੱਲ ਕੀਤੀ ਜਾਵੇ ਤਾਂ ਜ਼ਿਲੇ ਦੇ ਕਿਸਾਨਾਂ ਨੇ ਇਸ ਸਿੱਧੀ ਬਿਜਾਈ ਦੀ ਤਕਨੀਕ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ।

ਸਰਕਾਰੀ ਤੌਰ ਤੇ 1ਲੱਖ 71 ਹਜ਼ਾਰ ਕਿਕਰ ਤੇ ਸਿੱਧੀ ਬਿਜਾਈ ਕਰਾਉਣ ਦਾ ਟੀਚਾ ਮਿਥਿਆ ਗਿਆ ਸੀ ਪਰ ਅਧਿਕਾਰੀਆਂ ਵੱਲੋਂ ਪੂਰਾ ਜੋਰ ਲਾਉਣ ਦੇ ਬਾਵਜੂਦ ਸਿਰਫ 8 ਹਜ਼ਾਰ ਏਕੜ ਵਿਚ ਹੀ ਕਿਸਾਨਾਂ ਨੇ ਸਿੱਧੀ ਬਿਜਾਈ ਕੀਤੀ। ਜੋ ਮਿੱਥੇ ਗਏ ਟੀਚੇ ਦਾ 6 ਫ਼ੀਸਦੀ ਹੀ ਬਣਦਾ ਹੈ ਪਰ ਫਿਰ ਵੀ ਅਧਿਕਾਰੀ ਇਸ ਸਕੀਮ ਨੂੰ ਫੇਲ ਕਹਿਣ ਤੋਂ ਇਨਕਾਰ ਕਰਦੇ ਹਨ।

 ਜਦੋਂ ਖੇਤੀਬਾੜੀ ਅਫਸਰ ਸਹਬਾਜ਼ ਸਿੰਘ ਚੀਮਾ ਨਾਲ ਇਸ ਬਾਰੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਜ਼ਿਲਾ ਗੁਰਦਾਸਪੁਰ ਵਿੱਚ ਝੋਨੇ ਦੀ ਬਿਜਾਈ ਦਾ ਕੁਲ ਰਕਬਾ 4 ਲੱਖ 36 ਹਜਾਰ ਏਕੜ ਹੈ। ਸਾਨੂੰ ਸਰਕਾਰ ਵਲੋਂ 1ਲੱਖ 71ਹਜਾਰ ਏਕੜ ਰਕਬੇ ਦੇ ਢੇਰ ਝੋਨੇ ਦੀ ਸਿੱਧੀ ਬਿਜਾਈ ਕਰਾਉਣ ਦਾ ਟੀਚਾ ਦਿੱਤਾ ਗਿਆ ਸੀ। ਅਸੀਂ ਮੇਹਨਤ ਤਾਂ ਬਹੁਤ ਕੀਤੀ ਪਰ 8 ਹਜਾਰ ਏਕੜ ਹੀ ਸਿਧੀ ਬਿਜਾਈ ਕਰਵਾ ਸਕੇ ਹਾਂ ਅਸੀਂ ਸਰਕਾਰ ਦੀ ਸਕੀਮ ਨੂੰ ਅਸਫ਼ਲ ਨਹੀਂ ਗਿਣਦੇ।

ਉਨ੍ਹਾਂ ਨੇ ਕਿਹਾ ਕਿ ਅਸੀਂ ਕਿਸਾਨਾਂ ਤੱਕ ਸਿੱਧੀ ਬਿਜਾਈ ਦੇ ਫ਼ਾਇਦੇ ਅਤੇ ਜਾਣਕਾਰੀ ਪਹੁੰਚਾਉਣ ਵਿੱਚ ਸਫ਼ਲ ਰਹੇ ਹਾਂ ਅਤੇ ਆਉਣ ਵਾਲੇ ਦਿਨਾਂ ਵਿਚ ਇਸ ਦੇ ਨਤੀਜੇ ਦਿਸਣੇ ਸ਼ੁਰੂ ਹੋ ਜਾਣਗੇ। ਉਨ੍ਹਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਆਉਣ ਵਾਲੇ ਸਾਲਾਂ ਵਿਚ ਕਿਸਾਨ ਸਿੱਧੀ ਬਿਜਾਈ ਨੂੰ ਪ੍ਰਾਥਮਿਕਤਾ ਦੇ ਤੌਰ ਤੇ ਪ੍ਰਾਥਮਿਕਤਾ ਦਿੰਦੇ ਹੋਏ ਅਪਣਾਉਣਗੇ।