‘ਦ ਖ਼ਾਲਸ ਬਿਊਰੋ:- ਬੀਤੇ ਕੱਲ੍ਹ ਬਾਲੀਵੁੱਡ ਅਦਾਕਾਰ ਅਨੁਪਮ ਖ਼ੇਰ ਵੱਲੋਂ ਇੱਕ ਵਿਵਾਦਤ ਟਵੀਟ ਕੀਤਾ ਗਿਆ। ਜਿਸ ਕਰਕੇ ਅਨੁਪਮ ਖ਼ੇਰ ਦਾ ਕਾਫੀ ਵਿਰੋਧ ਕੀਤਾ ਜਾ ਰਿਹਾ ਹੈ। ਦਰਅਸਲ ਅਨੁਪਮ ਖ਼ੇਰ ਨੇ ਟਵੀਟ ਕਰਦਿਆਂ ਲਿਖਿਆ ਸੀ ਕਿ ‘ਸਵਾ ਲਾਖ ਸੇ ਏਕ ਭਿੜਾ ਦੂ’ ਅਤੇ ਇਸ ਵਿੱਚ ਉਨ੍ਹਾਂ ਨੇ ਬੀਜੇਪੀ ਲੀਡਰ ਸੰਵਿਦ ਪਾਤਰਾ ਨੂੰ ਟੈਗ ਕਰਕੇ ਸੰਬੋਧਨ ਕੀਤਾ ਸੀ।
ਅਨੁਪਮ ਖ਼ੇਰ ਵੱਲੋਂ ਗੁਰੂ ਸਾਹਿਬਾਂ ਨਾਲ ਸੰਬੰਧਿਤ ਤੁਕਾਂ ਨਾਲ ਕੀਤੀ ਗਈ ਛੇੜਛਾੜ ਤੋਂ ਬਾਅਦ ਕਾਂਗਰਸੀ ਵਿਧਾਇਕ ਰਵਨੀਤ ਬਿੱਟੂ ਅਤੇ ਰਾਜਾ ਵੜਿੰਗ ਨੇ ਵੀ ਇਸਦੀ ਸਖ਼ਤ ਆਲੋਚਨਾ ਕੀਤੀ ਹੈ। ਬਿੱਟੂ ਨੇ ਟਵੀਟ ਕਰਦਿਆਂ ਕਿਹਾ ਕਿ ‘ਅਨੁਪਮ ਖ਼ੇਰ ਦੀ ਹਿੰਮਤ ਕਿਵੇਂ ਹੋਈ ਕਿ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਸ਼ਬਦਾਂ ਨੂੰ ਇੱਕ ਬੀਜੇਪੀ ਨੇਤਾ ਲਈ ਵਰਤੇ”। ਉਹਨਾਂ ਕਿਹਾ ਕਿ ਇਹ ਸਿੱਖ ਧਰਮ ਦੇ ਮਜ਼ਬੂਤ ਸਿਧਾਂਤਾਂ ਨੂੰ ਪਤਲਾ ਕਰਨ ਲਈ ਵਰਤੀ ਗਈ RSS ਦੀ ਬੋਲੀ ਹੈ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਤੁਰੰਤ ਮਾਫੀ ਮੰਗਣੀ ਚਾਹੀਦੀ ਹੈ ਅਤੇ ਅਨੁਪਮ ਖ਼ੇਰ ਅਤੇ ਉਸਦੀ ਪਤਨੀ ਨੂੰ ਬੀਜੇਪੀ ਵਿੱਚੋਂ ਬਾਹਰ ਕੱਢ ਦੇਣਾ ਚਾਹੀਦਾ ਹੈ”।
ਇਸ ਤੋਂ ਇਲਾਵਾ ਚੰਡੀਗੜ੍ਹ ਵਿਖੇ ਯੂਥ ਕਾਂਗਰਸ ਵੱਲੋਂ ਅਨੁਪਮ ਦਾ ਭਾਰੀ ਵਿਰੋਧ ਕੀਤਾ ਗਿਆ। ਇੱਥੇ ਰੋਸ ਵਜੋਂ ਅਨੁਪਮ ਖੇਰ ਦਾ ਪੁਤਲਾ ਵੀ ਸਾੜਿਆ ਗਿਆ ਅਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ।
ਇਸ ਵਿਰੋਧ ਤੋਂ ਬਾਅਦ ਅੱਜ ਅਨੁਪਮ ਖ਼ੇਰ ਨੇ ਇਸ ਮਾਮਲੇ ਵਿੱਚ ਮੁਆਫੀ ਮੰਗ ਲਈ ਹੈ। ਉਹਨਾਂ ਟਵੀਟ ਕਰਿਦਆਂ ਕਿਹਾ ਕਿ “ਮੈਂ ਪਿਛਲੇ ਟਵੀਟ ਵਿੱਚ ਗਲਤ ਲਿਖਿਆ ਸੀ, ਉਸਦੇ ਲਈ ਮੁਆਫੀ ਮੰਗਦਾ ਹਾਂ”। ਇਸਤੋਂ ਬਾਅਦ ਉਨ੍ਹਾਂ ਨੇ ਸਹੀ ਤੁਕਾਂ ਬਾਰੇ ਵੀ ਲਿਖਿਆ।
ਭਾਵੇਂ ਕਿ ਅਨੁਪਮ ਖ਼ੇਰ ਨੇ ਆਪਣੀ ਗਲਤੀ ਕਬੂਲ ਕਰ ਲਈ ਹੈ, ਪਰ ਸਵਾਲ ਇਹ ਉੱਠਦਾ ਹੈ ਕਿ ਉਹ ਪੰਜਾਬ ਨਾਲ ਸੰਬੰਧਿਤ ਹੋਣ ਕਰਕੇ ਸਿੱਖ ਧਰਮ ਤੋਂ ਚੰਗੀ ਤਰ੍ਹਾਂ ਜਾਣੂ ਹਨ, ਅਤੇ ਬਾਵਜੂਦ ਇਸਦੇ ਅਨੁਪਮ ਖ਼ੇਰ ਵੱਲੋਂ ਗੁਰੂ ਸਾਹਿਬਾਂ ਨਾਲ ਸੰਬੰਧਿਤ ਤੁਕਾਂ ਬਾਰੇ ਗਲਤ ਲਿਖਣਾ, ਸਿੱਖ ਭਾਵਨਾਵਾਂ ਦਾ ਮਜਾਕ ਉਡਾਉਣਾ ਤਾਂ ਨਹੀਂ।