‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸੰਗਰੂਰ ਲੋਕ ਸਭਾ ਹਲਕਾ ਦੀ ਚੋਣ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਰਮਿਆਨ ਸ਼ਬਦੀ ਜੰਗ ਸ਼ੁਰੂ ਹੋ ਗਈ ਹੈ। ਭਗਵੰਤ ਸਿੰਘ ਮਾਨ ਵੱਲੋਂ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਦੇ ਹੋਟਲ ਸੁੱਖਵਿਲਾਸ ਦੀਆਂ ਫਾਈਲਾਂ ਖੋਲ੍ਹਣ ਸਬੰਧੀ ਕੀਤੇ ਐਲਾਨ ਨੂੰ ਲੈ ਕੇ ਸੁਖਬੀਰ ਬਾਦਲ ਨੇ ਚੁਣੌਤੀ ਦੇ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਸੰਬੋਧਨ ਦੌਰਾਨ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਹੋਈਆਂ ਗੈਰ ਕਾਨੂੰਨੀ ਉਸਾਰੀਆਂ ਤੋਂ ਪੰਜਾਬ ਦਾ ਖ਼ਜ਼ਾਨਾ ਭਰਨ ਦੇ ਸੰਕੇਤ ਵੀ ਦਿੱਤੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੰਗਲ ਕੱਟ ਕੇ ਕੀਤੀਆਂ ਉਸਾਰੀਆਂ ਕਿਸੇ ਵੀ ਸੂਰਤ ਵਿੱਚ ਕਾਨੂੰਨੀ ਤੌਰ ਉੱਤੇ ਮਨਜ਼ੂਰ ਨਹੀਂ ਮੰਨੀਆਂ ਜਾਣਗੀਆਂ।
ਮੁੱਖ ਮੰਤਰੀ ਮਾਨ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸੁਖਬੀਰ ਬਾਦਲ ਦਾ ਹੋਟਲ ਸੁਖਵਿਲਾਸ ਉਸਾਰਨ ਲਈ ਅਕਾਲੀ ਭਾਜਪਾ ਸਰਕਾਰ ਦੇ ਰਾਜ ਦੌਰਾਨ ਪੰਜਾਬ ਮੰਤਰੀ ਮੰਡਲ ਦੀ ਸਪੈਸ਼ਲ ਮੀਟਿੰਗ ਸੱਦ ਕੇ ਪ੍ਰਵਾਨਗੀ ਦਿੱਤੀ ਗਈ ਸੀ। ਉਨ੍ਹਾਂ ਦਾ ਇਹ ਵੀ ਕਹਿਣਾ ਸੀ ਕਿ ਸੁਖਵਿਲਾਸ ਦੀ ਉਸਾਰੀ ਤੋਂ ਬਾਅਦ ਮੰਤਰੀ ਮੰਡਲ ਦੀ ਮੀਟਿੰਗ ਦੁਬਾਰਾ ਸੱਦ ਕੇ ਜੰਗਲਾਤ ਏਰੀਆ ਵਿੱਚ ਉਸਾਰੀ ਕਰਨ ਉੱਤੇ ਰੋਕ ਲਾ ਦਿੱਤੀ ਗਈ ਸੀ। ਇਸਦਾ ਸਿੱਧਾ ਮਤਲਬ ਇਹ ਹੋਇਆ ਕਿ ਸੁਖਵਿਲਾਸ ਦੀ ਉਸਾਰੀ ਲਈ ਵਿਸ਼ੇਸ਼ ਕੈਬਨਿਟ ਦੀਆਂ ਵਿਸ਼ੇਸ਼ ਮੀਟਿੰਗਾਂ ਸੱਦੀਆਂ ਜਾਂਦੀਆਂ ਰਹੀਆਂ ਸਨ। ਜੰਗਲਾਤ ਮਸ਼ੀਨ ਉੱਤੇ ਹੋਟਲ ਦੀ ਉਸਾਰੀ ਲਈ ਮੱਦ ਤੋਰਨ ਵਾਲੇ ਵਿਭਾਗ ਦੇ ਅਧਿਕਾਰੀ ਤੋਂ ਲੈ ਕੇ ਮੁੱਖ ਮੰਤਰੀ ਸਮੇਤ ਪੂਰੀ ਕੈਬਨਿਟ ਉੱਤੇ ਗਾਜ਼ ਡਿੱਗਦੀ ਨਜ਼ਰ ਆ ਰਹੀ ਹੈ। ਉਂਝ, ਸਰਕਾਰੀ ਸੂਤਰ ਇਹ ਵੀ ਦਾਅਵਾ ਕਰਦੇ ਹਨ ਕਿ ਨਵੀਂ ਕੈਬਨਿਟ ਪੁਰਾਣੀ ਕੈਬਨਿਟ ਦੇ ਫੈਸਲੇ ਨੂੰ ਰੱਦ ਕਰਨ ਦਾ ਅਧਿਕਾਰ ਰੱਖਦੀ ਹੈ। ਭਗਵੰਤ ਮਾਨ, ਸੁਖਬੀਰ ਬਾਦਲ ਨੂੰ ਜੇਲ੍ਹ ਦੇ ਚਨੇ ਖਵਾਉਣ ਲਈ ਮੱਦ ਨੂੰ ਵਿਧਾਨ ਸਭਾ ਤੱਕ ਵੀ ਲਿਜਾਣ ਦੀ ਧਾਰ ਚੁੱਕੇ ਹਨ।
ਸੰਗਰੂਰ ਵਿੱਚ ਚੋਣ ਪ੍ਰਚਾਰ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਸੀ ਕਿ ਸੁਖਵਿਲਾਸ ਹੋਟਲ ਦਾ ਨਾਮ ਤਾਂ ਹਰ ਕਿਸੇ ਨੇ ਸੁਣਿਆ ਹੀ ਹੋਵੇਗਾ। ਇਹ ਹੋਟਲ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਬਣਿਆ ਹੈ। ਇਹ ਸੁਖਬੀਰ ਬਾਦਲ ਦਾ ਹੋਟਲ ਹੈ ਜੋ ਕਿ ਜੰਗਲਾਤ ਵਿਭਾਗ ਦੀ ਜ਼ਮੀਨ ਹੈ। ਉਥੇ ਕੋਈ ਉਸਾਰੀ ਨਹੀਂ ਹੋ ਸਕਦੀ ਸੀ ਪਰ ਸੁਖਬੀਰ ਬਾਦਲ ਨੇ ਆਪਣੇ ਹੱਕ ਵਿੱਚ ਫੈਸਲਾ ਕੀਤਾ ਸੀ। ਇਸ ਦੇ ਵੀ ਕਾਗਜ਼ਾਤ ਲਏ ਜਾ ਰਹੇ ਹਨ।
ਉਨ੍ਹਾਂ ਨੇ ਦੋਸ਼ ਲਾਉਂਦਿਆਂ ਕਿਹਾ ਸੀ ਕਿ ਬਾਦਲ ਸਰਕਾਰ ਨੇ ਕੈਬਨਿਟ ਮੀਟਿੰਗ ਸੱਦ ਕੇ ਇਹ ਪ੍ਰਵਾਨਗੀ ਦਿੱਤੀ ਸੀ ਕਿ ਜੰਗਲਾਤ ਦੀ ਜ਼ਮੀਨ ’ਤੇ ਉਸਾਰੀ ਹੋ ਸਕਦੀ ਹੈ ਤੇ ਜਦੋਂ ਹੋਟਲ ਦੀ ਆਖ਼ਰੀ ਇੱਟ ਲੱਗ ਗਈ ਤਾਂ ਫਿਰ ਕੈਬਨਿਟ ਸੱਦ ਕੇ ਕਹਿ ਦਿੱਤਾ ਕਿ ਹੁਣ ਕੋਈ ਉਸਾਰੀ ਨਹੀਂ ਹੋ ਸਕਦੀ। ਉਹਨਾਂ ਕਿਹਾ ਕਿ ਬਾਦਲ ਆਪਣੇ ਵਾਸਤੇ ਹੀ ਕੰਮ ਕਰਦੇ ਰਹੇ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਮਾਨ ਨੂੰ ਮੋੜਵਾਂ ਜਵਾਬ ਦਿੱਤਾ ਹੈ। ਬਾਦਲ ਨੇ ਕਿਹਾ ਕਿ ਜੇਕਰ ਭਗਵੰਤ ਮਾਨ ਜਾਂਚ ਕਰਵਾਉਣਾ ਚਾਹੁੰਦੇ ਹਨ ਤਾਂ ਕਰਵਾ ਲੈਣ ਸਾਨੂੰ ਕੋਈ ਫ਼ਿਕਰ ਜਾਂ ਪਰਵਾਹ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਜ਼ਿੰਦਗੀ ਵਿੱਚ ਨਾ ਤਾਂ ਕੋਈ ਕਾਨੂੰਨ ਤੋੜਿਆ ਹੈ ਅਤੇ ਨਾ ਹੀ ਤੋੜਾਂਗੇ। ਭਗਵੰਤ ਮਾਨ ਨੂੰ ਸਰਕਾਰ ਚਲਾਉਣੀ ਵੀ ਨਹੀਂ ਆਉਂਦੀ। ਉਹਨਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਚੁਣੌਤੀ ਦਿੰਦਿਆਂ ਕਿਹਾ ਹੈ ਕਿ ਜੇਕਰ ਕੁਝ ਗਲਤ ਹੋਇਆ ਤਾਂ ਫਿਰ ਉਹ ਕਾਰਵਾਈ ਕਰਨ ਵਿੱਚ ਦੇਰ ਕਿਉਂ ਕਰ ਰਹੇ ਹਨ। ਉਹਨਾਂ ਕਿਹਾ ਕਿ ਭਗਵੰਤ ਮਾਨ ਹਮੇਸ਼ਾ ਝੂਠ ਬੋਲ ਕੇ ਸਿਆਸਤ ਕਰਦੇ ਹਨ।
ਬਾਦਲ ਪਰਿਵਾਰ ਵੱਲੋਂ ਸਿਸਵਾਂ ਦੇ ਪੈਰਾਂ ਅਤੇ ਨਵੇਂ ਚੰਡੀਗੜ੍ਹ ਵਿੱਚ ਇੱਕ ਸ਼ਾਹੀ ਹੋਟਲ ਬਣਾਇਆ ਗਿਆ ਹੈ। ਇਸ ਹੋਟਲ ਵਿੱਚ ਇੱਕ ਕਮਰੇ ਦਾ ਕਿਰਾਇਆ 10 ਹਜ਼ਾਰ ਤੋਂ ਲੈ ਕੇ ਚਾਰ ਲੱਖ ਪ੍ਰਤੀ ਰਾਤ ਦੱਸਿਆ ਜਾਂਦਾ ਹੈ। ਪੰਜਾਬ ਦੇ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੁਖਵਿਲਾਸ ਨੂੰ ਲੈ ਕੇ ਸੁਖਬੀਰ ਬਾਦਲ ਉੱਤੇ ਵਰ੍ਹਦੇ ਰਹੇ ਸਨ। ਉਨ੍ਹਾਂ ਨੇ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਕਾਂਗਰਸ ਦੀ ਸਰਕਾਰ ਆਉਣ ਉੱਤੇ ਉਹ ਸੁਖਵਿਲਾਸ ਨੂੰ ਢਾਹ ਕੇ ਇੱਥੇ ਇੱਕ ਵਧੀਆ ਸਰਕਾਰੀ ਸਕੂਲ ਦੀ ਉਸਾਰੀ ਕਰਨਗੇ। ਸੁਖਬੀਰ ਬਾਦਲ ਦੇ ਇਸ ਹੋਟਲ ਦੀ ਉਸਾਰੀ ਲਈ ਪੂਰੀ ਨਿਊ ਚੰਡੀਗੜ੍ਹ ਨੂੰ ਪੁਰਾਣੇ ਚੰਡੀਗੜ੍ਹ ਅਤੇ ਮੁਹਾਲੀ ਨੂੰ ਖੁੱਲ੍ਹੀਆਂ ਅਤੇ ਮਲਾਈਦਾਰ ਸੜਕਾਂ ਨਾਲ ਜੋੜਿਆ ਗਿਆ ਹੈ।