Punjab

ਪੰਜਾਬ ਦੇ ਲੋਕਾਂ ‘ਤੇ ਪਵੇਗਾ ਨਵਾਂ ਆਰਥਿਕ ਬੋਝ, ਪੰਜਾਬ ਸਰਕਾਰ ਵਧਾਉਣ ਜਾ ਰਹੀ ਹੈ ‘ਸਟੈਂਪ ਡਿਊਟੀ’

‘ਦ ਖ਼ਾਲਸ ਬਿਊਰੋ (ਦਿਲਪ੍ਰੀਤ ਸਿੰਘ):- ਕੋਰੋਨਾ ਮਹਾਂਮਾਰੀ ਕਰਕੇ ਪੰਜਾਬ ਆਰਥਿਕ ਮੰਦੀ ਦਾ ਸਾਹਮਣਾ ਕਰ ਰਿਹਾ ਹੈ। ਇਸੇ ਕਰਕੇ ਪਹਿਲਾਂ ਪੈਟਰੋਲ-ਡੀਜਲ, ਫਿਰ ਬੱਸਾਂ ਦੇ ਕਿਰਾਏ ਵਧਾਉਣ ਤੋਂ ਬਾਅਦ ਹੁਣ ਜ਼ਮੀਨ-ਜਾਇਦਾਦ ਦੀਆਂ ਰਜਿਸਟਰੀਆਂ ‘ਤੇ ਲੱਗਣ ਵਾਲੀ ਸਟੈਂਪ ਡਿਊਟੀ ਨੂੰ ਪੰਜਾਬ ਸਰਕਾਰ ਵੱਲੋਂ ਵਧਾਏ ਜਾਣ ‘ਤੇ ਵਿਚਾਰ ਕੀਤਾ ਜਾ ਰਿਹਾ ਹੈ।

 

ਜਾਣਕਾਰੀ ਲਈ ਦੱਸ ਦੇਈਏ ਕਿ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਬਾਅਦ ਰਜਿਸਟਰੀਆਂ ਦੀ ਸਟੈਂਪ ਡਿਊਟੀ 9 ਫੀਸਦੀ ਤੋਂ ਘਟਾ ਕੇ 6 ਫੀਸਦੀ ਕਰ ਦਿੱਤੀ ਸੀ। ਪਰ ਹੁਣ ਆਰਥਿਕ ਮੰਦੀ ਦੇ ਚੱਲਦਿਆਂ ਪੰਜਾਬ ਸਰਕਾਰ ਆਪਣੇ ਇਸ ਫੈਸਲੇ ‘ਤੇ ਮੁੜ ਵਿਚਾਰ ਕਰਨ ਜਾ ਰਹੀ ਹੈ।

 

ਮਾਲ ਵਿਭਾਗ ਦੇ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ “ਕੋਰੋਨਾ ਮਹਾਂਮਾਰੀ ਕਰਕੇ ਸੂਬਾ ਸਰਕਾਰ ਨੂੰ ਆਰਥਿਕ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਰਕੇ ਸਟੈਂਪ ਡਿਊਟੀ ਨੂੰ ਵਧਾਏ ਜਾਣ ‘ਤੇ ਵਿਚਾਰ ਚੱਲ ਰਹੀ ਹੈ”। ਹਾਲਾਂਕਿ ਉਹਨਾਂ ਇਹ ਸਪੱਸ਼ਟ ਨਹੀਂ ਕੀਤਾ ਕਿ ਇਸਨੂੰ ਕਿੰਨੇ ਫੀਸਦੀ ਤੱਕ ਵਧਾਇਆ ਜਾਵੇਗਾ।

 

ਵਿਰਾਸਤੀ ਤਬਾਦਲਿਆਂ ਬਾਰੇ ਬੋਲਦਿਆਂ ਕਾਂਗੜ ਨੇ ਕਿਹਾ ਕਿ “ਵਿਰਾਸਤੀ ਤਬਾਦਲੇ ਵੀ ਕੱਲ੍ਹ ਤੋਂ ਸ਼ੂਰੂ ਕਰ ਦਿੱਤੇ ਜਾਣਗੇ। ਪਹਿਲਾਂ ਕੋਰੋਨਾ ਮਹਾਂਮਾਰੀ ਕਾਰਨ ਸਮਾਜਿਕ ਦੂਰੀ ਵਾਲੇ ਨਿਯਮ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਰਾਸਤੀ ਤਬਾਦਲੇ ਵੀ ਬੰਦ ਕੀਤੇ ਹੋਏ ਸਨ”।