Punjab

ਚੰਗਾ ਭਲਾ ਤੁਰ ਕੇ ਹਸਪਤਾਲ ਗਿਆ, ਡਾਕਟਰਾਂ ਨੇ ਲਾਸ਼ ਬਣਾ ਕੇ ਤੋਰ ਦਿੱਤਾ’

‘ਦ ਖ਼ਾਲਸ ਬਿਊਰੋ :- ਮੋਗਾ ਵਿਖੇ ਦਿੱਲੀ ਹਾਰਟ ਇੰਸਟੀਚਿਊਟ ਤੇ ਸੁਪਰਸਪੈਸ਼ਲਿਟੀ ਹਸਪਤਾਲ ‘ਚ ਇੱਕ ਮਰੀਜ਼ ਦੀ ਮੌਤ ਹੋ ਜਾਣ ‘ਤੇ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਹਸਪਤਾਲ ਮੂਹਰੇ ਨਾਰਾਜ਼ਗੀ ਜਤਾਉਂਦੇ ਹੋਏ ਪ੍ਰਦਰਸ਼ਨ ਕੀਤਾ ਗਿਆ।

ਪਰਿਵਾਰਕ ਜਾਣਕਾਰੀ ਮੁਤਾਬਿਕ ਮ੍ਰਿਤਕ ਬਲਵਿੰਦਰ ਸਿੰਘ (43) ਪਿੰਡ ਕੋਰੇਵਾਲਾ ਖੁਰਦ ਦਾ ਰਹਿਣ ਵਾਲਾ ਸੀ ਤੇ ਮੋਗਾ ਵਿੱਚ ਪੱਲੇਦਾਰੀ ਕਰਦਾ ਸੀ। ਮ੍ਰਿਤਕ ਦੇ ਵਾਰਸਾਂ ਵੱਲੋਂ ਡਾਕਟਰ ਦੀ ਅਣਗਹਿਲੀ ਕਾਰਨ ਮਰੀਜ਼ ਦੀ ਮੌਤ ਹੋ ਜਾਣ ਦਾ ਦੋਸ਼ ਲਾਇਆ ਗਿਆ। ਉਨ੍ਹਾਂ ਦੱਸਿਆ ਕਿ ਬਲਵਿੰਦਰ ਸਿੰਘ ਬੁਖਾਰ ਹੋਣ ਕਾਰਨ ਸਵੇਰੇ ਕਰੀਬ 9 ਵਜੇ ਹਸਪਤਾਲ ਲਿਆਦਾਂ ਗਿਆ ਸੀ। ਉਹ ਹਸਪਤਾਲ ਅੰਦਰ ਪੈਦਲ ਗਿਆ ਤੇ ਠੀਕ-ਠਾਕ ਗੱਲਾਂ ਕਰ ਰਿਹਾ ਸੀ। ਡਾਕਟਰ ਦੀ ਮੌਜੂਦਗੀ ‘ਚ ਬਲਵਿੰਦਰ ਨੂੰ ਨਰਸਿੰਗ ਸਟਾਫ ਵੱਲੋਂ ਟੀਕਾ ਲਗਾਇਆ ਗਿਆ, ਪਰ ਤੁਰੰਤ ਟੀਕੇ ਲਗਾਉਣ ਮਗਰੋਂ ਮਰੀਜ਼ ਦੀ ਮੌਤ ਹੋ ਗਈ।

ਇਸ ਮੌਕੇ ਪੀੜਤ ਪਰਿਵਾਰ ਦੇ ਪੱਖ ‘ਚ ਪਹੁੰਚੀ ਵੱਡੀ ਗਿਣਤੀ ‘ਚ ਮਜ਼ਦੂਰਾਂ ਵੱਲੋਂ ਰੋਸ ਪ੍ਰਦਰਸ਼ਨ ਕਰਨ ਦੇ ਇਲਜ਼ਾਮ ‘ਚ ਉਲਟਾ ਪੁਲੀਸ ਨੇ ਉਨ੍ਹਾਂ ‘ਤੇ ਪਰਚਾ ਦਰਜ ਕਰਨ ਦੇ ਦਬਕੇ ਮਾਰੇ, ਜਦਕਿ ਪਰਿਵਾਰ ਵੱਲੋਂ ਬਿਆਨ ‘ਚ ਕਿਹਾ ਕਿ ਉਨ੍ਹਾਂ ਕੋਈ ਹੰਗਾਮਾ ਨਹੀਂ ਕੀਤਾ ਸਗੋਂ ਉਹ ਹਸਪਤਾਲ ਪ੍ਰਬੰਧਕਾਂ ਤੋਂ ਮੌਤ ਦੇ ਕਾਰਨ ਪੁੱਛਣ ਲਈ ਇਕੱਠੇ ਹੋਏ ਸਨ ਪਰ ਹਸਪਤਾਲ ਸਟਾਫ਼ ਕੁੱਝ ਵੀ ਦੱਸਣ ਲਈ ਤਿਆਰ ਨਹੀਂ ਹੋਇਆ।

ਦੂਜੇ ਪਾਸੇ ਹਸਪਤਾਲ ਪ੍ਰਬੰਧਕਾਂ ਨੇ ਕਿਸੇ ਅਣਗਹਿਲੀ ਦੇ ਦੋਸ਼ਾਂ ਨੂੰ ਨਕਾਰਦੇ ਹੋਏ ਇਹ ਸਫ਼ਾਈ ਦਿੱਤੀ ਕਿ ਮਰੀਜ਼ ਦੀ ਸ਼ੂਗਰ ਘਟ ਹੋ ਗਈ ਸੀ ਤੇ ਉਸ ਨੂੰ ਡਰਿੱਪ ਰਾਹੀਂ ਦਵਾਈ ਦੇਣ ਲਈ ਉਸ ਦੀ ਬਾਂਹ ਉੱਤੇ ਸੂਈ ਲਗਾਈ ਜਾ ਰਹੀ ਸੀ। ਇਸ ਦੌਰਾਨ ਮਰੀਜ਼ ਦੀ ਮੌਤ ਹੋ ਗਈ।

ਇਸ ਮੌਕੇ DSP ਸਿਟੀ ਬਰਜਿੰਦਰ ਸਿੰਘ ਭੁੱਲਰ ਤੇ ਥਾਣਾ ਸਿਟੀ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਸਰਾ ਤੇ ਕਾਰਜਕਾਰੀ ਮੈਜਿਸਟਰੇਟ ਕਮ ਨਾਇਬ ਤਹਿਸੀਲਦਾਰ ਮਨਵੀਰ ਕੌਰ ਸਿੱਧੂ ਪਹੁੰਚੇ ਤੇ ਪਰਿਵਾਰ ਨੂੰ ਦੁੱਖ ‘ਚ ਸ਼ਾਮਿਲ ਹੁੰਦਿਆ ਉਨ੍ਹਾਂ ਨੂੰ ਸ਼ਾਂਤ ਕੀਤਾ, ਤੇ ਨਾਲ ਹੀ ਪੁਲੀਸ ਵੱਲੋਂ ਪੀੜਤ ਪਰਿਵਾਰ ਨੂੰ ਲਿਖਤੀ ਸ਼ਿਕਾਇਤ ’ਤੇ ਪੋਸਟਮਾਰਟਮ ਰਿਪੋਰਟ ਆਉਣ ਉੱਤੇ ਕਾਰਵਾਈ ਤੇ ਇਨਸਾਫ਼ ਦਾ ਭਰੋਸਾ ਦਿੱਤਾ ਗਿਆ।