Punjab

ਅਗਨੀਪੱਥ ਸਕੀਮ ‘ਤੇ ਵਿਰੋਧੀਆਂ ਦਾ ਨਿਸ਼ਾਨਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਗਨੀਪੱਥ ਯੋਜਨਾ ਉੱਤੇ ਆਪਣਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ 2 ਸਾਲ ਫੌਜ ‘ਚ ਭਰਤੀ ‘ਤੇ ਰੋਕ ਲਗਾਉਣ ਤੋਂ ਬਾਅਦ ਕੇਂਦਰ ਦਾ ਨਵਾਂ ਫਰਮਾਨ ਕਿ 4 ਸਾਲ ਫੌਜ ‘ਚ ਰਹੋ। ਬਾਅਦ ‘ਚ ਪੈਨਸ਼ਨ ਵੀ ਨਾ ਮਿਲੇ। ਇਹ ਫੌਜ ਦਾ ਵੀ ਅਪਮਾਨ ਹੈ, ਦੇਸ਼ ਦੇ ਨੌਜਵਾਨਾਂ ਨਾਲ ਵੀ ਧੋਖਾ ਹੈ। ਦੇਸ਼ ਭਰ ਦੇ ਨੌਜਵਾਨਾਂ ਦਾ ਇਹ ਗੁੱਸਾ ਬਿਨਾਂ ਸੋਚੇ ਸਮਝੇ ਲਏ ਗਏ ਫ਼ੈਸਲੇ ਦਾ ਨਤੀਜਾ ਹੈ। ਮਾਨ ਨੇ ਕੇਂਦਰ ਨੂੰ ਫੈਸਲਾ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ।

ਰਾਜਾ ਵੜਿੰਗ ਨੇ ਕਿਹਾ ਕਿ ਫੌਜ ਦਾ ਕੋਈ ਸਤਿਕਾਰ ਨਹੀਂ, ਕੋਈ ਰੈਂਕ ਨਹੀਂ, ਕੋਈ ਪੈਨਸ਼ਨ ਨਹੀਂ, 4 ਸਾਲਾਂ ਬਾਅਦ ਇਹ ਬੱਚੇ ਕਿੱਥੇ ਜਾਣਗੇ ਕੀ ਕਰਣਗੇ ? ਦੇਸ਼ ਦੇ ਬੇਰੁਜ਼ਗਾਰ ਨੌਜਵਾਨਾਂ ਦੀ ਅਵਾਜ਼ ਸੁਣੋ, ਉਨ੍ਹਾਂ ਨੂੰ ‘ਅਗਨੀਪਥ’ ‘ਤੇ ਚਲਾ ਕੇ ਉਨ੍ਹਾ ਦੇ ਸਬਰ ਨੂੰ ਨਾ ਪਰਖੋ। ਫੌਜ ਨੂੰ ਫੌਜ ਰਹਿਣ ਦਿਓ।

ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਯੋਜਨਾ ਦਾ ਨਾਮ ਵੀ ਬੇਹੂਦਾ ਤੇ ਕੁਲੱਛਣਾ ਜਿਹਾ ਜਾਪਦਾ ਹੈ ਜੋ ਸਿਰੇ ਦੀ ਮੂਰਖਤਾ ਦੀ ਤਰਜ਼ਮਾਨੀ ਕਰਦਾ ਹੈ । ਇਸ ਯੋਜਨਾ ਦੇ ਪੂਰਵ ਦਰਸ਼ਨ ਤਾਂ ਮੋਦੀ ਸਰਕਾਰ ਨੇ ਅੱਜ ਤੇ ਬੀਤੀ ਕੱਲ੍ਹ, ਕਰ ਹੀ ਲਏ ਹਨ, ਜਦੋਂ ਕੁੱਝ ਹੀ ਘੰਟਿਆਂ ਵਿੱਚ, ਅਖੌਤੀ ‘ਅਗਨੀਵੀਰਾਂ’ ਦੀਆਂ ਬੇਲਗਾਮ ਭੀੜਾਂ ਨੇ ‘ਅਗਨੀਪਥ’ ‘ਤੇ ਚੱਲਦਿਆਂ, ਦੇਸ਼ ਭਰ ਵਿੱਚ ਹੜਕੰਪ ਮਚਾ ਛੱਡਿਆ ਅਤੇ ਕਰੋੜਾਂ ਰੁਪਏ ਦੀ ਸਰਕਾਰੀ ਅਤੇ ਗ਼ੈਰ ਸਰਕਾਰੀ ਸੰਪਤੀ, ‘ਅਗਨੀਵੀਰਾਂ’ ਨੇ ਅਗਨੀ ਦੀਆਂ ਲਾਟਾਂ ਦੇ ਸਪੁਰਦ ਕਰ ਦਿੱਤੀ । ਇਹ ਤਾਂ ਚੰਗਾ ਹੋਇਆ ਹੈ ਕਿ ਦੰਗਈ ‘ਅਗਨੀਵੀਰਾਂ’ ਦੀ ਭੀੜ ਵਿੱਚ ਮੁਸਲਮਾਨ ਨਜ਼ਰ ਨਹੀਂ ਸਨ ਆ ਰਹੇ ਨਹੀਂ ਤਾਂ ‘ਭਾਰਤ ਸਰਕਾਰ’ ਨੂੰ ਉਨ੍ਹਾਂ ਦੀਆਂ ਬਸਤੀਆਂ ਉਜਾੜਨ ਲਈ, ਬੁਲਡੌਜ਼ਰਾ ਦਾ ਪ੍ਰਬੰਧ ਵੀ ਵੱਡੀ ਪੱਧਰ ਉੱਤੇ ਕਰਨਾ ਪੈਣਾ ਸੀ।