Punjab

ਪੰਜਾਬ ਪੁਲਿਸ ਵੱਲੋਂ ਕੀਤੀ ਜਾ ਰਹੀ ਪੁੱਛਗਿੱਛ ‘ਚ ਹੋਏ ਕਈ ਖੁਲਾਸੇ

‘ਦ ਖਾਲਸ ਬਿਊਰੋ:ਪੰਜਾਬ ਦੇ ਪ੍ਰਸਿਧ ਗਾਇਕ ਸਿੱਧੂ ਮੂਸੇ ਵਾਲਾ ਦੇ ਕਤਲ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਲਾਰੈਂਸ ਬਿਸ਼ਨੋਈ ਨੂੰ ਪੰਜਾਬ ਪੁਲਿਸ ਨੇ ਆਪਣੀ ਗ੍ਰਿਫਤ ਵਿੱਚ ਲਿਆ ਹੋਇਆ ਹੈ ਤੇ ਖਰੜ ਦੇ ਸੀਆਈਏ ਸਟਾਫ ਖਰੜ ਵਿੱਚ ਲਗਾਤਾਰ ਬਿਸ਼ਨੋਈ ਤੋਂ ਪੁੱਛਗਿੱਛ ਕੀਤੀ ਗਈ ਹੈ।ਕੁੱਝ ਨਿੱਜੀ ਚੈਨਲ ਆਪਣੇ ਭਰੋਸੇ ਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ ਤੇ ਇਹ ਖਬਰਾਂ ਚਲਾ ਰਹੇ ਹਨ ਕਿ ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਹੋਰ ਮੁਲਜ਼ਮਾਂ ਨੂੰ ਲਾਰੈਂਸ ਦੇ ਸਾਹਮਣੇ ਬਿਠਾ ਕੇ ਪੁੱਛਗਿੱਛ ਹੋਈ ਹੈ।ਲਾਰੈਂਸ ਦੇ ਰਿਮਾਂਡ ਦਾ ਅੱਜ ਤੀਸਰਾ ਦਿਨ ਸੀ। ਇਹ ਖਬਰ ਸਾਹਮਣੇ ਆਈ ਹੈ ਕਿ ਪੰਜਾਬ ਪੁਲਿਸ ਵੱਲੋਂ ਕੱਸੇ ਜਾ ਰਹੇ ਸ਼ਿੰਕਜੇ ਕਾਰਨ ਹੁਣ ਲਾਰੈਂਸ ਬਿਸ਼ਨੋਈ ਨੇ ਆਪਣਾ ਮੂੰਹ ਖੋਲਿਆ ਹੈ ਤੇ ਉਹ ਲਗਾਤਾਰ ਕਈ ਰਾਜ਼ ਉਗਲ ਰਿਹਾ ਹੈ ।ਅੱਜ ਜਦੋਂ ਪੁਲਿਸ ਨੇ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦਾ ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ ਤਾਂ ਲਾਰੈਂਸ ਨੇ ਮੰਨਿਆ ਹੈ ਕਿ ਸਿੱਧੂ ਦੇ ਕਤਲ ਤੋਂ ਪਹਿਲਾਂ ਰੇਕੀ ਕਰਵਾਈ ਗਈ ਸੀ ਤੇ ਕਤਲ ਦੀ ਸਾਰੀ ਯੋਜਨਾ ਉਸ ਨੇ ਬਣਾਈ ਸੀ ਕਿਉਂਕਿ ਉਹ ਵਿੱਕੀ ਮਿਡੂਖੇੜਾ ਦੀ ਮੌਤ ਦਾ ਬਦਲਾ ਲੈਣਾ ਚਾਹੁੰਦਾ ਸੀ ।ਹਾਲਾਂਕਿ ਜੇਲ੍ਹ ਵਿੱਚ ਸਖ਼ਤੀ ਹੋਣ ਕਾਰਣ ਲਾਰੈਂਸ ਕੋਲ ਫੋਨ ਨਹੀਂ ਸੀ,ਜਿਸ ਕਾਰਣ ਉਸ ਨੂੰ ਕਤਲ ਦੀ ਤਰੀਕ ਬਾਰੇ ਪਤਾ ਨਹੀਂ ਸੀ।

ਇਸ ਤੋਂ ਇਲਾਵਾ ਪੰਜਾਬ ਪੁਲਿਸ ਨੇ ਬਿਹਾਰ ਰੇਡ ਕਰ ਕੇ ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਦੇ ਇੱਕ ਹੋਰ ਸਾਥੀ ਨੂੰ ਗ੍ਰਿਫਤਾਰ ਕੀਤਾ ਹੈ । ਬਿਹਾਰ ਦੇ ਗੋਪਾਲਗੰਜ ਇਲਾਕੇ ਤੋਂ ਗੈਂਗਸਟਰ ਰਾਜਾ ਨੂੰ ਗ੍ਰਿਫਤਾਰ ਕਰ ਕੇ ਲੁਧਿਆਣਾ ਪੁਲਿਸ ਪੰਜਾਬ ਲਿਆ ਰਹੀ ਹੈ।ਇਸ ਸੰਬੰਧ ਵਿੱਚ ਗੋਪਾਲਗੰਜ ਪੁਲਿਸ ਦੇ ਪੁਲਿਸ ਅਧਿਕਾਰੀ ਨੇ ਦਸਿਆ ਹੈ ਕਿ ਮੁਹੰਮਦ ਰਾਜਾ ਨਾਂ ਦੇ ਇਸ ਮੁਲਜ਼ਮ ਤੇ ਪਹਿਲਾਂ ਹੀ ਕਈ ਕੇਸ ਦਰਜ ਹਨ ਤੇ ਇਸ ਵਿਅਕਤੀ ਨੇ ਲਾਰੈਂਸ ਬਿਸ਼ਨੋਈ ਦਾ ਨਾਂ ਲੈ ਕੇ ਲੁਧਿਆਣੇ ਦੇ ਇੱਕ ਕਾਰੋਬਾਰੀ ਤੋਂ ਰੰਗਦਾਰੀ ਮੰਗੀ ਸੀ ਤੇ ਕੁੱਝ ਪੈਸੇ ਦਾ ਲੈਣ-ਦੇਣ ਵੀ ਹੋਇਆ ਸੀ ,ਜਿਸ ਕਾਰਣ ਪੰਜਾਬ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕਰ ਇਸ ਦਾ ਟਰਾਂਜਿਟ ਵਾਰੰਟ ਲੈ ਲਿਆ ਹੈ ਤੇ ਇਸ ਨੂੰ ਪੰਜਾਬ ਲਿਆਂਦਾ ਜਾ ਰਿਹਾ ਹੈ।


ਇਸ ਵਕਤ ਪੁਲਿਸ ਪ੍ਰਿਅਵਰਤ ਫੌਜੀ ਤੇ ਅੰਕੀਤ ਸੇਰਸਾ,ਜਿਨ੍ਹਾਂ ਦੀ ਪਛਾਣ ਪੈਟ੍ਰੋਲ ਪੰਪ ਤੋਂ ਮਿਲੀ ਫੁਟੇਜ ਦੇ ਆਧਾਰ ਤੇ ਹੋਈ ਸੀ ਤੇ ਜਗਰੂਪ ਰੂਪਾ ਤੇ ਮਨਪ੍ਰੀਤ ਮੰਨੂ ਖੁੱਸਾ,ਇਹਨਾਂ ਚਾਰਾਂ ਸ਼ਾਰਪ ਸੂਟਰਾਂ ਦੀ ਭਾਲ ਤੇਜੀ ਨਾਲ ਕਰ ਰਹੀ ਹੈ।ਇਸ ਤੋਂ ਇਲਾਵਾ ਪੰਜਾਬ ਪੁਲਿਸ ਵੱਲੋਂ ਵੀ ਅੱਜ ਪ੍ਰੈਸ ਕਾਨਫ੍ਰੰਸ ਕੀਤੀ ਜਾਣੀ ਸੀ ,ਜਿਸ ਵਿਚ ਕਈ ਖੁਲਾਸੇ ਹੋਣ ਦੀ ਸੰਭਾਵਨਾ ਸੀ ਪਰ ਉਹ ਅਚਾਨਕ ਮੁਲਤਵੀ ਕਰ ਦਿਤੀ ਗਈ।

ਸਿੱਧੂ ਮੂਸੇ ਵਾਲਾ ਦੇ ਕਤਲ ਦੀ ਜਿੰਮੇਵਾਰੀ ਲੈਣ ਵਾਲੇ ਗੈਂਗਸਟਰ ਗੋਲਡੀ ਬਰਾੜ ਦੀ ਚਚੇਰੀ ਭੈਣ ਤੇ ਗੈਂਗਸਟਰ ਗੁਰਿੰਦਰ ਗੋਰਾ ਦੀ ਪਤਨੀ ਨੇ ਇੱਕ ਨਿੱਜੀ ਚੈਨਲ ਨੂੰ ਦਿੱਤੇ ਆਪਣੇ ਬਿਆਨ ਵਿੱਚ ਅਹਿਮ ਖੁਲਾਸਾ ਕਰਦਿਆਂ ਦਸਿਆ ਹੈ ਕਿ ਅਸੀਂ ਲਾਰੈਂਸ ਬਿਸ਼ਨੋਈ ਨੂੰ ਨਹੀਂ ਜਾਣਦੇ ਹਾਂ ਤੇ ਸਾਨੂੰ ਇਹ ਗੱਲ ਸਮਝ ਨਹੀਂ ਆ ਰਹੀ ਕਿ ਇਸ ਮਾਮਲੇ ਵਿੱਚ ਉਸ ਦੇ ਪਤੀ ਦਾ ਨਾਂ ਕਿਉਂ ਘੜੀਸਿਆ ਜਾ ਰਿਹਾ ਹੈ।ਉਹ ਤਾਂ ਪਿਛਲੇ ਡੇਢ ਸਾਲ ਤੋਂ ਹੁਸ਼ਿਆਰਪੁਰ ਜੇਲ੍ਹ ਵਿੱਚ ਬੰਦ ਹੈ। ਉਹਨਾਂ ਨੂੰ ਆਪਣੇ ਵਕੀਲ ਤੇ ਖਬਰਾਂ ਰਾਹੀਂ ਹੀ ਪਤਾ ਲਗਾ ਕਿ ਗੋਰਾ ਨੂੰ ਖਰੜ ਲਿਆਂਦਾ ਗਿਆ ਹੈ।