India

ਵਰੁਣ ਗਾਂਧੀ ਨੇ ਰਾਜਨਾਥ ਸਿੰਘ ਨੂੰ ਅਗਨੀਪੱਥ ਬਾਰੇ ਸਵਾਲ ਪੁੱਛੇ

ਦ ਖ਼ਾਲਸ ਬਿਊਰੋ : ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੰਗਲਵਾਰ ਨੂੰ ਭਾਰਤੀ ਫੌਜ ‘ਚ ‘ਅਗਨੀਪੱਥ’ ਯੋਜਨਾ ਦਾ ਐਲਾਨ ਕੀਤਾ, ਜਿਸ ਦੇ ਤਹਿਤ ਨੌਜਵਾਨਾਂ ਨੂੰ ਚਾਰ ਸਾਲ ਲਈ ਫੌਜ ‘ਚ ਭਰਤੀ ਕੀਤਾ ਜਾਵੇਗਾ। ਇਨ੍ਹਾਂ ਵਿੱਚੋਂ 25 ਫੀਸਦੀ ਲੋਕਾਂ ਨੂੰ ਰੈਗੂਲਰ ਕੀਤਾ ਜਾਵੇਗਾ ਅਤੇ ਬਾਕੀਆਂ ਨੂੰ ਨੌਕਰੀ ਛੱਡਣੀ ਪਵੇਗੀ।

ਇਸ ਯੋਜਨਾ ਦੇ ਐਲਾਨ ਦੇ ਬਾਅਦ ਤੋਂ ਹੀ ਦੇਸ਼ ਭਰ ਵਿੱਚ ਇਸਦੀ ਚਰਚਾ ਹੈ। ਅਗਨੀਪਥ ਯੋਜਨਾ ਦਾ ਦੇਸ਼ ਦੇ ਕਈ ਹਿੱਸਿਆਂ ਵਿੱਚ ਵਿਰੋਧ ਹੋ ਰਿਹਾ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਇਹ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਹੋ ਰਿਹਾ ਹੈ। ਇਸੇ ਦੌਰਾਨ ਬੀਜੇਪੀ ਨੇਤਾ ਅਤੇ ਸੰਸਦ ਮੈਂਬਰ ਵਰੁਣ ਗਾਂਧੀ ਨੇ ਇਸ ਸਬੰਧੀ ਟਵਿਟ ਕੀਤਾ ਹੈ। ਉਨ੍ਹਾਂ ਨੇ ਟਵਿਟ ਕਰਦਿਆਂ ਕਿਹਾ ਕਿ ਸਤਿਕਾਰਯੋਗ ਰਾਜਨਾਥ ਸਿੰਘ ਜੀ, ‘ਅਗਨੀਪਥ’ ਯੋਜਨਾ ਨੂੰ ਲੈ ਕੇ ਦੇਸ਼ ਦੇ ਨੌਜਵਾਨਾਂ ਦੇ ਮਨਾਂ ਵਿੱਚ ਕਈ ਸਵਾਲ ਹਨ। ਨੌਜਵਾਨਾਂ ਨੂੰ ਭੰਬਲਭੂਸੇ ਦੀ ਸਥਿਤੀ ਵਿੱਚੋਂ ਕੱਢਣ ਲਈ ਸਰਕਾਰ ਨੂੰ ਇਸ ਸਕੀਮ ਨਾਲ ਸਬੰਧਤ ਨੀਤੀਗਤ ਤੱਥਾਂ ਨੂੰ ਜਲਦੀ ਤੋਂ ਜਲਦੀ ਸਾਹਮਣੇ ਰੱਖ ਕੇ ਆਪਣਾ ਪੱਖ ਸਪੱਸ਼ਟ ਕਰਨਾ ਚਾਹੀਦਾ ਹੈ। ਇਸ ਨਾਲ ਦੇਸ਼ ਦੀ ਨੌਜਵਾਨ ਊਰਜਾ ਨੂੰ ਸਹੀ ਦਿਸ਼ਾ ਵਿੱਚ ਸਕਾਰਾਤਮਕ ਢੰਗ ਨਾਲ ਵਰਤਿਆ ਜਾ ਸਕਦਾ ਹੈ।

ਟਵੀਟ ਦੇ ਨਾਲ ਜੁੜੇ ਇਸ ਪੱਤਰ ‘ਚ ਵਰੁਣ ਗਾਂਧੀ ਨੇ ਲਿਖਿਆ ਹੈ ਕਿ ਫੌਜ ‘ਚ 15 ਸਾਲ ਦੀ ਸੇਵਾ ਤੋਂ ਬਾਅਦ ਰਿਟਾਇਰ ਹੋਣ ਵਾਲੇ ਰੈਗੂਲਰ ਸਿਪਾਹੀ ਕਾਰਪੋਰੇਟ ਸੈਕਟਰ ‘ਚ ਭਰਤੀ ਕਰਨ ‘ਚ ਜ਼ਿਆਦਾ ਦਿਲਚਸਪੀ ਨਹੀਂ ਦਿਖਾਉਂਦੇ। ਤਾਂ ਚਾਰ ਸਾਲਾਂ ਬਾਅਦ ਇਨ੍ਹਾਂ ਅਗਨੀਵੀਰਾਂ ਦਾ ਕੀ ਹੋਵੇਗਾ? ਵਰੁਣ ਗਾਂਧੀ ਨੇ ਇਸ ਪੱਤਰ ਵਿੱਚ ਤਨਖ਼ਾਹ ਅਤੇ ਹੋਰ ਚੀਜ਼ਾਂ ਦੇ ਮੁੱਦੇ ਵੀ ਉਠਾਏ ਹਨ। ਉਨ੍ਹਾਂ ਰਾਜਨਾਥ ਸਿੰਘ ਨੂੰ ਇਸ ਸਬੰਧੀ ਨੀਤੀਗਤ ਤੱਥ ਸਾਹਮਣੇ ਲਿਆਉਣ ਅਤੇ ਆਪਣਾ ਪੱਖ ਸਪੱਸ਼ਟ ਕਰਨ ਲਈ ਕਿਹਾ ਹੈ।