‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਮਹਿੰਗਾਈ ਦੀ ਮਾਰ ਨੇ ਆਮ ਲੋਕਾਂ ਦਾ ਜੀਵਨ ਔਖਾ ਕੀਤਾ ਹੋਇਆ ਹੈ ਅਤੇ ਆਮ ਲੋਕਾਂ ਦੇ ਬਜਟ ਨੂੰ ਹਿਲਾ ਕੇ ਰੱਖਿਆ ਹੋਇਆ ਹੈ। ਪਿਛਲੇ ਕੁਝ ਦਿਨਾਂ ਤੋਂ ਰਸੋਈ ਵਿੱਚ ਵਰਤੀਆਂ ਜਾਣ ਵਾਲੀਆਂ ਵਸਤੂਆਂ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੋਇਆ ਹੈ। ਹੁਣ ਰਸੋਈ ਗੈਸ ਲਈ ਨਵਾਂ ਐਲਪੀਜੀ ਗੈਸ ਕੁਨੈਕਸ਼ਨ ਲੈਣਾ ਵੀ ਮਹਿੰਗਾ ਹੋ ਗਿਆ ਹੈ। ਸੂਤਰਾਂ ਦੀ ਜਾਣਕਾਰੀ ਮੁਤਾਬਕ ਪੈਟਰੋਲੀਅਮ ਕੰਪਨੀਆਂ ਨੇ 14.2 ਕਿਲੋਗ੍ਰਾਮ ਵਾਲੇ ਸਿਲੰਡਰ ਦੀ ਸਕਿਓਰਿਟੀ ਰਾਸ਼ੀ ਵਿਚ 750 ਰੁਪਏ ਦਾ ਵਾਧਾ ਕੀਤਾ ਹੈ। ਹੁਣ ਪੰਜ ਕਿਲੋ ਦੇ ਸਿਲੰਡਰ ਲਈ ਵੀ 350 ਰੁਪਏ ਹੋਰ ਦੇਣੇ ਪੈਣਗੇ। ਪੈਟਰੋਲੀਅਮ ਕੰਪਨੀਆਂ 16 ਜੂਨ ਯਾਨਿ ਕੱਲ੍ਹ ਤੋਂ ਵਧੀਆਂ ਕੀਮਤਾਂ ਨੂੰ ਲਾਗੂ ਕਰਨਗੀਆਂ।
ਸਿਲੰਡਰ ਦੇ ਨਾਲ ਦਿੱਤੇ ਜਾਣ ਵਾਲੇ ਗੈਸ ਰੈਗੂਲੇਟਰ ਦੀ ਕੀਮਤ ਵਿੱਚ ਵੀ 100 ਰੁਪਏ ਦਾ ਵਾਧਾ ਕੀਤਾ ਗਿਆ ਹੈ। ਜੇਕਰ ਉੱਜਵਲ ਯੋਜਨਾ ਦੇ ਲਾਭਪਾਤਰੀ ਵੀ ਕੋਈ ਹੋਰ ਸਿਲੰਡਰ ਲੈਂਦੇ ਹਨ ਤਾਂ ਉਨ੍ਹਾਂ ਨੂੰ ਵਧੀ ਹੋਈ ਰਕਮ ਦਾ ਭੁਗਤਾਨ ਕਰਨਾ ਹੋਵੇਗਾ।
ਰਸੋਈ ਦਾ ਨਵਾਂ ਕੁਨੈਕਸ਼ਨ ਲੈਣ ਲਈ ਖਪਤਕਾਰ ਨੂੰ 2,200 ਰੁਪਏ ਦੇਣੇ ਹੋਣਗੇ। ਪਹਿਲਾਂ ਇਹ ਰਕਮ 1,450 ਰੁਪਏ ਸੀ। ਰੈਗੂਲੇਟਰ ਲਈ 250, ਪਾਸਬੁੱਕ ਲਈ 25 ਅਤੇ ਪਾਈਪ ਲਈ 150 ਰੁਪਏ ਵੱਖਰੇ ਤੌਰ ‘ਤੇ ਅਦਾ ਕਰਨੇ ਪੈਣਗੇ। ਇਸ ਹਿਸਾਬ ਨਾਲ ਪਹਿਲੀ ਵਾਰ ਗੈਸ ਸਿਲੰਡਰ ਕੁਨੈਕਸ਼ਨ ਅਤੇ ਪਹਿਲੇ ਸਿਲੰਡਰ ਲਈ ਖਪਤਕਾਰ ਨੂੰ ਕੁੱਲ 3,690 ਰੁਪਏ ਖਰਚ ਕਰਨੇ ਪੈਣਗੇ। ਜੇਕਰ ਕੋਈ ਵਿਅਕਤੀ ਦੋ ਸਿਲੰਡਰ ਲੈਂਦਾ ਹੈ ਤਾਂ ਉਸ ਨੂੰ 4400 ਰੁਪਏ ਸਕਿਓਰਿਟੀ ਵਜੋਂ ਦੇਣੇ ਪੈਣਗੇ।
ਇੰਡੀਅਨ ਆਇਲ, ਭਾਰਤ ਪੈਟਰੋਲੀਅਮ ਅਤੇ ਹਿੰਦੁਸਤਾਨ ਪੈਟਰੋਲੀਅਮ ਮੁਤਾਬਕ ਪੰਜ ਕਿਲੋ ਦੇ ਸਿਲੰਡਰ ਦੀ ਸਕਿਓਰਿਟੀ ਵਜੋਂ ਹੁਣ 800 ਰੁਪਏ ਦੀ ਬਜਾਏ 1150 ਰੁਪਏ ਦੇਣੇ ਪੈਣਗੇ। ਪ੍ਰਧਾਨ ਮੰਤਰੀ ਉੱਜਵਲ ਯੋਜਨਾ ਤਹਿਤ ਐਲਪੀਜੀ ਸਿਲੰਡਰ ਲੈਣ ਵਾਲੇ ਗਾਹਕਾਂ ਨੂੰ ਵੀ ਝਟਕਾ ਲੱਗ ਰਿਹਾ ਹੈ। ਜੇਕਰ ਇਹ ਗਾਹਕ ਦੂਜਾ ਸਿਲੰਡਰ ਲੈਂਦੇ ਹਨ, ਤਾਂ ਉਨ੍ਹਾਂ ਨੂੰ ਵਧੀ ਹੋਈ ਸੁਰੱਖਿਆ ਰਾਸ਼ੀ ਦਾ ਭੁਗਤਾਨ ਕਰਨਾ ਹੋਵੇਗਾ। ਨਵੇਂ ਕੁਨੈਕਸ਼ਨ ਰੈਗੂਲੇਟਰ ਲਈ ਗਾਹਕਾਂ ਨੂੰ ਹੁਣ 150 ਰੁਪਏ ਦੀ ਬਜਾਏ 250 ਰੁਪਏ ਖਰਚ ਕਰਨੇ ਪੈਣਗੇ।