Punjab

ਰਾਹੁਲ ਗਾਂਧੀ ਈਡੀ ਅੱਗੇ ਕਾਂਗਰਸੀ ਸੜਕਾਂ ‘ਤੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਾਂਗਰਸ ਦੇ ਕੌਮੀ ਜਨਰਲ ਸਕੱਤਰ ਰਾਹੁਲ ਗਾਂਧੀ ‘ਨੈਸ਼ਨਲ ਹੈਰਾਲਡ’ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਅੱਜ ਈਡੀ ਅੱਗੇ ਪੇਸ਼ ਹੋਏ। ਈਡੀ ਵੱਲੋਂ ਰਾਹੁਲ ਗਾਂਧੀ ਨੂੰ ਤਲਬ ਕੀਤੇ ਜਾਣ ਉੱਤੇ ਗੁੱਸੇ ਵਿੱਚ ਆਏ ਕਾਂਗਰਸੀਆਂ ਨੇ ਅੱਜ ਦੇਸ਼ ਭਰ ਵਿੱਚ ਪ੍ਰਦਰਸ਼ਨ ਕੀਤਾ।

ਰਾਹੁਲ ਗਾਂਧੀ

ਰਾਹੁਲ ਗਾਂਧੀ ਨੂੰ ਸਮਰਥਨ ਦੇਣ ਲਈ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਸਮੇਤ ਕਾਂਗਰਸ ਦੇ ਕਈ ਸੀਨੀਅਰ ਆਗੂ ਅਤੇ ਵੱਡੀ ਗਿਣਤੀ ਵਿੱਚ ਵਰਕਰ ਵੀ ਈਡੀ ਦਫਤਰ ਪਹੁੰਚੇ। ਰਾਹੁਲ ਗਾਂਧੀ ਈਡੀ ਦਫ਼ਤਰ ਜਾਣ ਸਮੇਂ ਕਾਂਗਰਸ ਦਫ਼ਤਰ ਤੋਂ ਕੁਝ ਦੂਰ ਤੱਕ ਪੈਦਲ ਗਏ।

ਪੁਲਿਸ ਨੇ ਇਸ ਦੌਰਾਨ ਕਾਂਗਰਸੀ ਆਗੂਆਂ ਤੇ ਵਰਕਰਾਂ ਨੂੰ ਰੋਕ ਦਿੱਤਾ। ਰਾਹੁਲ ਗਾਂਧੀ ਦਾ ਕਾਫਲਾ ਸਵੇਰੇ 11 ਵਜੇ ਦੇ ਕਰੀਬ ਈਡੀ ਦਫ਼ਤਰ ਪਹੁੰਚਿਆ ਸੀ। ਇਸ ਤੋਂ ਪਹਿਲਾਂ ਪਾਰਟੀ ਵੱਲੋਂ ਐਲਾਨੇ ਮਾਰਚ ਦੇ ਮੱਦੇਨਜ਼ਰ ਪੁਲਿਸ ਨੇ ਕਈ ਕਾਂਗਰਸੀ ਵਰਕਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਪਾਰਟੀ ਦਫ਼ਤਰ ਦੁਆਲੇ ਧਾਰਾ 144 ਲਗਾ ਦਿੱਤੀ।

ਪੰਜਾਬ ਕਾਂਗਰਸ ਦੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕੇਂਦਰੀ ਏਜੰਸੀਆਂ ਉੱਤੇ, ਭਾਰਤੀ ਜਨਤਾ ਪਾਰਟੀ ਅਤੇ ਸਰਕਾਰ ਦੇ ਬਦਲਾ ਲਊ ਵਿੰਗ ਬਣ ਕੇ ਕੰਮ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਨੇ ਕਿਹਾ ਕਿ ਸੀਬੀਆਈ ਅਤੇ ਈਡੀ ਸਮੇਤ ਹੋਰ ਸਾਰੀਆਂ ਏਜੰਸੀਆਂ ਵਿਰੋਧੀ ਧਿਰ ਦੇ ਲੀਡਰਾਂ ਨੂੰ ਤੰਗ ਪਰੇਸ਼ਾਨ ਕਰਨ ਦਾ ਅੱਡਾ ਬਣ ਗਈਆਂ ਹਨ। ਉਹ ਰਾਹੁਲ ਗਾਂਧੀ ਦੀ ਈਡੀ ਦਫ਼ਤਰ ਵਿੱਚ ਪੇਸ਼ ਹੋਣ ਵੇਲੇ ਰੋਸ ਵਜੋਂ ਜਲੰਧਰ ਵਿੱਚ ਪ੍ਰਦਰਸ਼ਨ ਵਿੱਚ ਸ਼ਾਮਿਲ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ।

ਉਨ੍ਹਾਂ ਨੇ ਕਿਹਾ ਕਿ ਪਿਛਲੇ ਨੌਂ ਸਾਲਾਂ ਵਿੱਚ ਭਾਰਤੀ ਜਨਤਾ ਪਾਰਟੀ ਨੇ ਵਿਰੋਧੀ ਧਿਰ ਦੇ ਵੱਡੇ ਨੇਤਾਵਾਂ ਨੂੰ ਈਡੀ ਜਾਂ ਸੀਬੀਆਈ ਦੇ ਸ਼ਿਕੰਜੇ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ ਹੈ ਜਦਕਿ ਆਪਣੀ ਪਾਰਟੀ ਦੇ ਕਿਸੇ ਇੱਕ ਵੀ ਬੰਦੇ ਦੀ ਜਾਇਦਾਦ ਦੀ ਛਾਣਬੀਣ ਨਹੀਂ ਕੀਤੀ।

ਉਨ੍ਹਾਂ ਨੇ ਕਿਹਾ ਕਿ ਉਹਨਾਂ ਨੂੰ ਵੀ ਈਡੀ ਨੇ ਇਸੇ ਕਰਕੇ ਗ੍ਰਿਫਤਾਰ ਕੀਤਾ ਸੀ ਕਿਉਂਕਿ ਉਹ ਕਿਸਾਨ ਅੰਦੋਲਨ ਵੇਲੇ ਦਿੱਲੀ ਕਿਸਾਨਾਂ ਨਾਲ ਖੜਦੇ ਰਹੇ ਹਨ ਅਤੇ 26 ਜਨਵਰੀ ਨੂੰ ਜਦੋਂ ਇੱਕ ਨੌਜਵਾਨ ਦੀ ਮੌਤ ਹੋ ਗਈ ਸੀ ਤਾਂ ਉਹਦੇ ਹੱਕ ਵਿੱਚ ਕੇਸ ਲੜਿਆ ਸੀ। ਉਨ੍ਹਾਂ ਨੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਜੇਲ੍ਹ ਦੇ 80 ਦਿਨਾਂ ਦੌਰਾਨ ਉਨ੍ਹਾਂ ਉੱਤੇ ਅਸਿਹ ਤਸ਼ੱਦਦ ਕੀਤਾ ਗਿਆ ਹੈ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਰਾਹੁਲ ਗਾਂਧੀ ਅਤੇ ਕਾਂਗਰਸ ਦੀ ਸੁਪਰੀਮੋ ਸੋਨੀਆ ਗਾਂਧੀ ਨੂੰ ਇੱਕ ਪੰਜ ਸਾਲ ਪੁਰਾਣੇ ਕੇਸ ਵਿੱਚ ਘੜੀਸਣਾ ਸ਼ੁਰੂ ਕੀਤਾ ਗਿਆ ਹੈ। ਰਾਹੁਲ ਗਾਂਧੀ ਨੂੰ ਦੋ ਜੂਨ ਅਤੇ ਪੰਜ ਜੂਨ ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ। ਰਾਹੁਲ ਗਾਂਧੀ ਵਿਦੇਸ਼ ਗਏ ਹੋਣ ਕਰਕੇ ਅੱਜ ਈਡੀ ਅੱਗੇ ਪੇਸ਼ ਹੋਏ ਹਨ ਜਿਸਦੇ ਰੋਸ ਵਜੋਂ ਅੱਜ ਕਾਂਗਰਸੀਆਂ ਨੇ ਦੇਸ਼ ਭਰ ਵਿੱਚ ਵਿਖਾਵੇ ਕੀਤੇ।

ਕਾਂਗਰਸੀ ਸੁਪਰੀਮੋ ਸੋਨੀਆ ਗਾਂਧੀ ਕਰੋਨਾ ਦੀ ਲਪੇਟ ਵਿੱਚ ਹੋਣ ਕਾਰਨ ਦਿੱਤੀ ਤਰੀਕ ਉੱਤੇ ਈਡੀ ਅੱਗੇ ਪੇਸ਼ ਨਾ ਹੋ ਸਕੇ। ਉਨ੍ਹਾਂ ਨੂੰ ਕੱਲ੍ਹ ਦਿੱਲੀ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।