Punjab

ਮੰਤਰੀ ਕੁਲਦੀਪ ਧਾਲੀਵਾਲ ਨੂੰ ਖਰੜ ਅਦਾਲਤ ਨੇ ਕੀਤਾ ਨੋਟਿਸ ਜਾਰੀ

‘ਦ ਖ਼ਾਲਸ ਬਿਊਰੋ : ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਨੂੰ ਖਰੜ ਅਦਾਲਤ ਨੇ ਨੋਟਿਸ ਜਾਰੀ ਕਰ ਦਿੱਤਾ ਹੈ ।ਇਹ ਨੋਟਿਸ ਉਸ ਮਾਮਲੇ ਦੇ ਸੰਬੰਧ ਵਿੱਚ ਜਾਰੀ ਕੀਤਾ ਗਿਆ ਹੈ ਜਦੋਂ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਨੇ ਮੁਹਾਲੀ ਦੇ ਮਾਜਰੀ ਬਲਾਕ ਦੇ ਪਿੰਡ ਅਲੀਪੁਰ ਵਿਚ ਸਾਬਕਾ ਆਪ ਆਗੂ ਕੈਪਟਨ ਬਿਕਰਮਜੀਤ ਸਿੰਘ ਕੋਲੋਂ 29 ਏਕੜ ਪੰਚਾਇਤੀ ਜ਼ਮੀਨ ਛੁਡਾਏ ਜਾਣ ਦਾ ਦਾਅਵਾ ਕੀਤਾ ਸੀ। ਜਿਸ ਤੋਂ ਬਾਅਦ ਹੁਣ ਕੈਪਟਨ ਬਿਕਰਮਜੀਤ ਸਿੰਘ ਨੇ ਅਦਾਲਤ ਦਾ ਰੁੱਖ ਕਰ ਲਿਆ ਹੈ ਤੇ ਖਰੜ ਅਦਾਲਤ ਨੇ ਮੰਤਰੀ ਕੁਲਦੀਪ ਧਾਲੀਵਾਲ ਨੂੰ 25 ਜੁਲਾਈ 2022 ਨੂੰ ਸਵੇਰੇ 10 ਵਜੇ ਤਲਬ ਕਰ ਲਿਆ ਹੈ।

ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ

ਉਹਨਾਂ ਨੂੰ ਆਪਣਾ ਰਿਕਾਰਡ ਲੈ ਕੇ ਪੇਸ਼ ਹੋਣ ਦੀ ਹਦਾਇਤ ਕੀਤੀ ਗਈ ਹੈ।ਦੱਸਣਯੋਗ ਹੈ ਕਿ ਜਦੋਂ ਪੰਚਾਇਤ ਮੰਤਰੀ ਨੇ ਇਹ ਜ਼ਮੀਨ ਛੁਡਵਾਉਣ ਦੀ ਕਾਰਵਾਈ ਕੀਤੀ ਸੀ ਤਾਂ ਉਸੇ ਵੇਲੇ ਸਾਬਕਾ ਆਪ ਆਗੂ ਕੈਪਟਨ ਬਿਕਰਮਜੀਤ ਨੇ ਕਿਹਾ ਸੀ ਕਿ ਉਹਨਾਂ ਦਾ ਜ਼ਮੀਨ ਸਬੰਧੀ ਕੇਸ ਚੱਲ ਰਿਹਾ ਹੈ, ਮੰਤਰੀ ਧਾਲੀਵਾਲ ਵੱਲੋਂ ਕੀਤੀ ਕਾਰਵਾਈ ਗੈਰ ਕਾਨੂੰਨੀ ਹੈ।ਸੋ ਹੁਣ ਇਸੇ ਮਾਮਲੇ ਨੂੰ ਲੈ ਕੇ ਕੈਪਟਨ ਬਿਕਰਮਜੀਤ ਨੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਨੂੰ ਅਦਾਲਤ ਵਿੱਚ ਘੜੀਸ ਲਿਆ ਹੈ।

ਇਸ ਸੰਬੰਧ ਵਿੱਚ ਰਾਜਸੀ ਨੇਤਾਵਾਂ ਦੇ ਪ੍ਰਤੀਕਰਮ ਵੀ ਆਉਣੇ ਸ਼ੁਰੂ ਹੋ ਗਏ ਨੇ ।ਇਸੇ ਮਾਮਲੇ ਤੇ ਪੰਜਾਬ ਸਰਕਾਰ ਨੂੰ ਘੇਰਦਿਆਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਇੱਕ ਟਵੀਟ ਕੀਤਾ ਹੈ ਤੇ ਕਿਹਾ ਹੈ ਕਿ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਖਰੜ ਦੀ ਅਦਾਲਤ ਵੱਲੋਂ ਸਿਸਵਾਂ ਨੇੜੇ ਪੰਚਾਇਤੀ ਜ਼ਮੀਨ ਖਾਲੀ ਕਰਾਉਣ ਦੇ ਮਾਮਲੇ ਵਿੱਚ ਅਦਾਲਤੀ ਹੁਕਮਾਂ ਦੀ ਉਲੰਘਣਾ ਕਰਨ ਲਈ ਮਾਣਹਾਨੀ ਨੋਟਿਸ ਜਾਰੀ ਕੀਤਾ ਗਿਆ ਹੈ। ਜਦੋਂ ਤੁਸੀਂ ਨਿਯਮਾਂ ਨੂੰ ਬਾਈਪਾਸ ਕਰਕੇ ਸਸਤੀ ਪਬਲੀਸਿਟੀ ਕਮਾਉਣ ਦੀ ਕੋਸ਼ਿਸ਼ ਕਰਦੇ ਹੋ ਤਾਂ ਅਜਿਹਾ ਹੁੰਦਾ ਹੈ।

ਤੁਹਾਨੂੰ ਦੱਸ ਦਇਏ ਕਿ ਪੰਜਾਬ ਵਿੱਚ ਆਪ ਸਰਕਾਰ ਨੇ ਸੱਤਾ ਸੰਭਾਲਦਿਆਂ ਹੀ ਇਹ ਐਲਾਨ ਕੀਤਾ ਸੀ ਕਿ ਪੰਜਾਬ ਸਰਕਾਰ ਪੰਚਾਇਤੀ ਜ਼ਮੀਲ ਨੂੰ ਧੱਕੇ ਨਾਲ ਦੱਬ ਕੇ ਬੈਠੇ ਹਰ ਵਿਅਕਤੀ ਤੋਂ ਜ਼ਮੀਨ ਵਾਪਸ ਲਵੇਗੀ,ਚਾਹੇ ਉਹ ਕਿੰਨੇ ਵੀ ਰਸੂਖ ਵਾਲਾ ਵਿਅਕਤੀ ਕਿਉਂ ਨਾ ਹੋਵੇ ।ਇਸ ਮੁਹਿੰਮ ਦੀ ਸ਼ੁਰੂਆਤ ਸਿਸਵਾਂ ਤੋਂ ਕੀਤੀ ਗਈ ਸੀ ਤੇ ਸਾਬਕਾ ਆਪ ਆਗੂ ਕੈਪਟਨ ਬਿਕਰਮਜੀਤ ਦੇ ਕਬਜੇ ਚੋਂ ਪੰਚਾਇਤੀ ਜ਼ਮੀਨ ਛੁਡਾਈ ਗਈ ਸੀ ,ਜਿਸ ਬਾਰੇ ਉਹਨਾਂ ਦਾ ਦਾਅਵਾ ਸੀ ਕਿ ਇਸ ਸੰਬੰਧ ਵਿੱਚ ਕੇਸ ਚੱਲ ਰਿਹਾ ਹੈ ਤੇ ਹੁਣ ਇਸ ਮਾਮਲੇ ਵਿੱਚ ਉਹਨਾਂ ਅਦਾਲਤ ਦਾ ਰੁੱਖ ਕੀਤਾ ਹੈ।