‘ਦ ਖ਼ਾਲਸ ਬਿਊਰੋ : ਆਮ ਆਦਮੀ ਪਾਰਟੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਿਹਾਇਸ਼ ਉੱਤੇ ਧਰਨਾ ਦੇਣ ਵਾਲੇ ਕਾਂਗਰਸੀਆਂ ਦੀ ਸਖ਼ਤ ਆਲੋਚਨਾ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਇੱਕ ਭ੍ਰਿਸ਼ਟ ਮੰਤਰੀ ਨੂੰ ਬਚਾਉਣ ਲਈ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਨੀ ਨਿੰਦਣਯੋਗ ਹੈ। ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਕਾਂਗਰਸ ਤਾਂ ਪਹਿਲਾਂ ਚੋਰੀ ਉੱਪਰੋਂ ਸੀਨਾ ਜ਼ੋਰੀ ਵਾਲੀ ਧੱਕੇਸ਼ਾਹੀ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਧਰਮਸੋਤ ਤੋਂ ਬਾਅਦ ਹੋਰ ਭ੍ਰਿਸ਼ਟ ਮੰਤਰੀ ਤੇ ਵਿਧਾਇਕ ਫੜੇ ਜਾਣਗੇ ਪਰ ਕਿਸੇ ਨੂੰ ਵੀ ਬਦਲਾਖੋਰੀ ਤਹਿਤ ਗ੍ਰਿਫਤਾਰ ਨਹੀਂ ਕੀਤਾ ਜਾਵੇਗਾ।
ਕੰਗ ਜਿਹੜੇ ਕਿ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ, ਨੇ ਕਿਹਾ ਕਿ ਪ੍ਰਦਰਸ਼ਨਕਾਰੀ ਕਾਂਗਰਸੀ ਮੁੱਖ ਮੰਤਰੀ ਦੀ ਰਿਹਾਇਸ਼ ਦੇ ਅੰਦਰ ਮੁਲਾਕਾਤ ਲਈ ਚਲੇ ਗਏ ਪਰ ਉਹ ਮੀਟਿੰਗ ਵਿੱਚ ਰੁੱਝੇ ਹੋਣ ਕਰਕੇ ਮਿਲ ਨਹੀਂ ਸਕੇ। ਹਾਲਾਂਕਿ, ਉਨ੍ਹਾਂ ਨੂੰ ਹਾਲ ਵਿੱਚ ਬਿਠਾ ਕੇ ਚਾਹ ਪਾਣੀ ਪਿਲਾਇਆ ਗਿਆ। ਬਾਵਜੂਦ ਇਹਦੇ ਕਾਂਗਰਸੀਆਂ ਨੇ ਧਰਨਾ ਦੇਣ ਦੀ ਧੱਕਾਸ਼ਾਹੀ ਕੀਤੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਪ੍ਰਦਰਸ਼ਨਕਾਰੀਆਂ ਦੀ ਅਗਵਾਈ ਕਰਨ ਦੀ ਥਾਂ ਉਨ੍ਹਾਂ ਨੂੰ ਸ਼ਾਂਤ ਰਹਿਣ ਲਈ ਕਹਿਣਾ ਚਾਹੀਦਾ ਸੀ। ਆਪ ਦੇ ਨੇਤਾ ਨੇ ਕਾਂਗਰਸੀਆਂ ਵੱਲੋਂ ‘ਧਰਮਸੋਤ ਤੇਰੀ ਸੋਚ ‘ਤੇ, ਪਹਿਰਾ ਦਿਆਂਗੇ ਠੋਕ ਕੇ’ ਅਤੇ ‘ਸਾਡੇ ਹੱਕ ਐਥੇ ਰੱਖ’ ਨਾਅਰੇ ਲਾਉਣ ਨੂੰ ਹਾਸੋਹੀਣਾ ਦੱਸਿਆ।