Punjab

ਮੁੱਖ ਮੰਤਰੀ ਮਾਨ ਦਾ ਮੂਸੇਵਾਲਾ ਦੇ ਪਿਤਾ ਨੂੰ ਸੁਨੇਹਾ

ਦ ਖ਼ਾਲਸ ਬਿਊਰੋ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਲਈ ਇੱਕ ਸ਼ੋਕ ਸੁਨੇਹਾ ਭੇਜਿਆ ਹੈ। ਭਗਵੰਤ ਮਾਨ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਦਿਲ ਦਹਿਲਾਉਣ ਵਾਲੀ ਇਕ ਘਟਨਾ ਵਿੱਚ ਤੁਹਾਡੇ ਹੋਣਹਾਰ ਸਪੁੱਤਰ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਬੇਵਕਤੀ ਮੌਤ ਨੇ ਸਾਨੂੰ ਸਾਰਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਦੁੱਖ ਦੀ ਇਸ ਘੜੀ ਵਿੱਚ ਮੈਂ ਤੁਹਾਡੇ ਸਮੂਹ ਪਰਿਵਾਰਕ ਮੈਂਬਰਾਂ ਨਾਲ ਸ਼ਰੀਕ ਹੁੰਦਾ ਹੋਇਆ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ। ਭਰ ਜਵਾਨੀ ਵਿਚ ਪੁੱਤ ਦਾ ਇਸ ਦੁਨੀਆ ਤੋਂ ਰੁਖਸਤ ਹੋ ਜਾਣਾ ਜਿੱਥੇ ਪਰਿਵਾਰ ਲਈ ਅਸਹਿ ਅਤੇ ਅਕਹਿ ਹੈ, ਉਥੇ ਹੀ ਪੰਜਾਬ, ਪੰਜਾਬੀਆਂ ਅਤੇ ਦੁਨੀਆ ਭਰ ਵਿਚ ਉਨ੍ਹਾਂ ਨੂੰ ਚਾਹੁਣ ਵਾਲਿਆਂ ਲਈ ਇਹ ਇਕ ਡੂੰਘਾ ਸਦਮਾ ਅਤੇ ਨਾ ਪੂਰਿਆ ਜਾਣਾ ਵਾਲਾ ਘਾਟਾ ਹੈ।

ਮਾਨ ਨੇ ਕਿਹਾ ਕਿ ਸ਼ੁਭਦੀਪ ਸਿੰਘ ਸਿੱਧੂ ਨੇ ਪੰਜਾਬੀ ਗਾਇਕੀ ਦੀ ਹੀ ਨਹੀਂ ਸਗੋਂ ਆਪਣੇ ਪਿੰਡ ਮੂਸਾ ਦੀ ਮਿੱਟੀ ਦੀ ਖੁਸ਼ਬੋ ਨੂੰ ਹੱਦਾਂ-ਸਰਹੱਦਾਂ ਤੋਂ ਵੀ ਪਾਰ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਇਆ। ਸਿੱਧੂ ਮੂਸੇਵਾਲਾ ਨੇ ਭਾਵੇਂ ਗਾਇਕ ਵਜੋਂ ਵਿਸ਼ਵ ਪੱਧਰ ’ਤੇ ਨਾਮਣਾ ਖੱਟਿਆ ਪਰ ਆਪਣੇ ਜੱਦੀ ਕਿੱਤੇ ਖੇਤੀ ਨਾਲ ਜੁੜੇ ਰਹਿਣ ਅਤੇ ਆਖਰੀ ਦਮ ਤੱਕ ਮਾਪਿਆਂ ਦਾ ਪਰਛਾਵਾਂ ਬਣੇ ਰਹਿਣ ਦੀ ਵਿਲੱਖਣ ਜੀਵਨ ਜਾਚ ਨੇ ਹਜ਼ਾਰਾਂ ਨੌਜਵਾਨਾਂ ਦੇ ਦਿਲਾਂ ਨੂੰ ਟੁੰਬਿਆ ਅਤੇ ਸੇਧ ਦਿੱਤੀ।

ਪਰਿਵਾਰਕ ਮੈਂਬਰਾਂ ਅਤੇ ਸਾਕ-ਸਬੰਧੀਆਂ ਨਾਲ ਦਿਲੀ ਹਮਦਰਦੀ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਅਕਾਲ ਪੁਰਖ ਅੱਗੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਦੇਣ ਅਤੇ ਭਾਣਾ ਮੰਨਣ ਦਾ ਬਲ ਬਖਸ਼ਣ ਲਈ ਅਰਦਾਸ ਕੀਤੀ।

ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ਮੌਕੇ ਮੁੱਖ ਮੰਤਰੀ ਦੀ ਤਰਫੋਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵੱਲੋਂ ਪਰਿਵਾਰ ਨੂੰ ਸ਼ੋਕ ਸੰਦੇਸ਼ ਸੌਂਪਿਆ ਗਿਆ ਸੀ।