‘ਦ ਖ਼ਾਲਸ ਬਿਊਰੋ : ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਕਾਂਗਰਸ ਹਾਈਕਮਾਂਡ ਨੂੰ ਅੱਖਾਂ ਦਿਖਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਉਨ੍ਹਾਂ ਨੇ ਕਿਹਾ ਕਿ ਜੇ ਤਿੰਨ ਸਾਲਾਂ ਬਾਅਦ ਉਨ੍ਹਾਂ ਨੂੰ ਪ੍ਰਧਾਨਗੀ ਤੋਂ ਬੜਕਾ ਦਿੱਤਾ ਗਿਆ ਤਾਂ ਲੋਕ ਹਾਈਕਮਾਂਡ ਨੂੰ ਫੈਂਟ ਦੇਣਗੇ। ਉਹ ਕੁੱਝ ਸਾਥੀਆਂ ਵੱਲੋਂ ਤਿੰਨ ਸਾਲਾਂ ਬਾਅਦ ਪ੍ਰਧਾਨਗੀ ਤੋਂ ਛੁੱਟੀ ਕਰਨ ਬਾਰੇ ਮਾਰੇ ਮੇਹਣਿਆਂ ਉੱਤੇ ਆਪਣਾ ਪ੍ਰਤੀਕਰਮ ਪ੍ਰਗਟ ਕਰ ਰਹੇ ਸਨ।
ਰਾਜਾ ਵੜਿੰਗ ਨੂੰ ਇਹ ਵੰਗਾਰ ਉਸ ਵੇਲੇ ਮਿਲੀ ਜਦੋਂ ਉਨ੍ਹਾਂ ਦੇ ਪ੍ਰਧਾਨ ਹੁੰਦਿਆਂ ਕਾਂਗਰਸ ਦੇ ਸੀਨੀਅਰ ਆਗੂ ਸੁਨੀਲ ਜਾਖੜ ਰਾਜ ਕੁਮਾਰ ਵੇਰਕਾ, ਕੇਵਲ ਸਿੰਘ ਢਿੱਲੋਂ, ਗੁਰਪ੍ਰੀਤ ਸਿੰਘ ਕਾਂਗੜ ਅਤੇ ਬਲਬੀਰ ਸਿੰਘ ਸਿੱਧੂ ਸਮੇਤ ਹੋਰ ਕਈ ਭਾਜਪਾ ਦੇ ਬੇੜੇ ਵਿੱਚ ਜਾ ਸਵਾਰ ਹੋਏ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਪੰਜਾਬ ਪਾਰਟੀ ਦੇ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਦੀ ਹਾਜ਼ਰੀ ਵਿੱਚ ਹੁਸ਼ਿਆਰਪੁਰ ਵਿਖੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇ ਹਾਈਕਮਾਂਡ ਅਗਲੀਆਂ ਲੋਕ ਸਭਾ ਚੋਣਾਂ ਜਾਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੂੰ ਪ੍ਰਧਾਨਗੀ ਤੋਂ ਲਾਂਭੇ ਕਰਕੇ ਨਵਾਂ ਚਿਹਰਾ ਲਿਆਉਣਗੇ ਤਾਂ ਲੋਕ ਉਨ੍ਹਾਂ ਨੂੰ ਫੈਂਟ ਦੇਣਗੇ।
ਇੱਥੇ ਦੱਸ ਦੇਈਏ ਕਿ ਪੰਜਾਬ ਕਾਂਗਰਸ ਨੂੰ ਖੋਰਾ ਲੱਗਣਾ ਜਾਰੀ ਹੈ। ਅਗਲੇ ਦਿਨੀਂ ਕਾਂਗਰਸ ਦੇ ਤਿੰਨ ਸੰਸਦ ਮੈਂਬਰ, ਚਾਰ ਵਿਧਾਇਕ ਸਮੇਤ ਕਈ ਸਾਬਕਾ ਵਿਧਾਇਕਾਂ ਦੇ ਭਾਜਪਾ ਦਾ ਪੱਲਾ ਫੜਨ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਉਂਝ ਵੀ ਭਾਜਪਾ ਨੇ ਸੂਬਾ ਪੱਧਰ ਤੋਂ ਲੈ ਕੇ ਬਲਾਕ ਪੱਧਰ ਤੱਕ ਦੂਜੀਆਂ ਪਾਰਟੀਆਂ ਦੇ ਲੀਡਰਾਂ ਨੂੰ ਸ਼ਾਮਿਲ ਕਰਨ ਦੀ ਮੁਹਿੰਮ ਛੇੜਨ ਦੀ ਰਣਨੀਤੀ ਤੈਅ ਕਰ ਲਈ ਹੈ। ਉਂਝ ਤਾਂ ਕਾਂਗਰਸ ਨੂੰ ਵਿਧਾਨ ਸਭਾ ਚੋਣਾਂ ਵਿੱਚ ਪਹਿਲਾਂ ਹੀ ਖੋਰਾ ਲੱਗਣਾ ਸ਼ੁਰੂ ਹੋ ਗਿਆ ਸੀ ਪਰ ਰਾਜਾ ਵੜਿੰਗ ਦੇ ਪ੍ਰਧਾਨ ਬਣਨ ਤੋਂ ਸਭ ਤੋਂ ਵੱਡਾ ਖੋਰਾ ਦੋ ਦਿਨ ਪਹਿਲਾਂ ਲੱਗਾ ਹੈ ਜਦੋਂ ਅੱਧੀ ਦਰਜਨ ਦੇ ਕਰੀਬ ਕਾਂਗਰਸੀ ਲੀਡਰ ਭਾਜਪਾ ਵਿੱਚ ਜਾ ਰਲੇ।