ਕਮਲਜੀਤ ਸਿੰਘ ਬਨਵੈਤ
‘ਦ ਖ਼ਾਲਸ ਬਿਊਰੋ : ਲੋਕ ਸਭਾ ਹਲਕਾ ਸੰਗਰੂਰ ਦੀ ਚੋਣ ਲਈ ਪ੍ਰਮੁੱਖ ਰਾਜਨੀਤਕ ਧਿਰਾਂ ਵੱਲੋਂ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਸਭ ਤੋਂ ਪਹਿਲੋਂ ਮੈਦਾਨ ਵਿੱਚ ਡਟ ਗਏ ਸਨ। ਉਨ੍ਹਾਂ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਗੁਰਮੇਲ ਸਿੰਘ ਘਰਾਚੋਂ ਨੇ ਵੀ ਮੈਦਾਨ ਵਿੱਚ ਝੰਡਾ ਗੱਡ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੂੰ ਉਮੀਦਵਾਰ ਬਣਾਇਆ ਗਿਆ ਹੈ। ਭਾਰਤੀ ਜਨਤਾ ਪਾਰਟੀ ਵੱਲੋਂ ਕੇਵਲ ਸਿੰਘ ਢਿੱਲੋਂ ਅਤੇ ਕਾਂਗਰਸ ਵੱਲੋਂ ਨੌਜਵਾਨ ਨੇਤਾ ਦਲਬੀਰ ਸਿੰਘ ਗੋਲਡੀ ਦੇ ਨਾਂ ‘ਤੇ ਮੋਹਰ ਲਾ ਦਿੱਤੀ ਗਈ ਹੈ। ਅੱਜ ਨਾਮਜ਼ਦਗੀਆਂ ਦਾਖਲ ਕਰਨ ਦੀ ਆਖ਼ਰੀ ਦਿਨ ਸੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅਸਤੀਫਾ ਦੇਣ ਤੋਂ ਬਾਅਦ ਇਹ ਸੀਟ ਖਾਲੀ ਹੋਈ ਸੀ।
ਜ਼ਿਮਨੀ ਚੋਣ ਲੋਕ ਸਭਾ ਦੀ ਹੋਵੇ ਜਾਂ ਵਿਧਾਨ ਸਭਾ ਦੀ ਚਰਚਾ ਇਹਦੇ ਸੱਤਾਧਾਰੀ ਪਾਰਟੀ ਦੇ ਹੱਕ ‘ਚ ਭੁਗਤਣ ਦੀ ਹੁੰਦੀ ਹੈ , ਹਾਲਾਂਕਿ ਵਾਪਰਦਾ ਕਦੇ ਕਦਾਈ ਉਲਟ ਵੀ ਰਿਹਾ ਹੈ। ਇਸ ਬਾਰ ਸ਼ੁਰੂ ਵਿੱਚ ਹੀ ਬਣੀ ਲੜਾਈ ਤੋਂ ਇੱਕ ਗੱਲ ਨਿਖਰ ਕੇ ਸਾਹਮਣੇ ਆਉਂਦੀ ਹੈ ਕਿ ਪਹਿਲੇ ਨੰਬਰ ਬਾਰੇ ਕੋਈ ਸ਼ੱਕ ਸੁਭਾ ਨਾ ਵੀ ਹੋਵੇ ਲੜਾਈ ਤਾਂ ਦੂਜੇ ਨੰਬਰ ਲਈ ਲੜੀ ਜਾਣੀ ਹੈ। ਕੇਵਲ ਸਿੰਘ ਢਿੱਲੋਂ ਚਾਹੇ ਭਾਜਪਾ ਦੀ ਟਿਕਟ ਤੋਂ ਚੋਣ ਲੜ ਰਹੇ ਹਨ ਪਰ ਹਾਲੇ ਦੋ ਦਿਨ ਪਹਿਲਾਂ ਉਨ੍ਹਾਂ ਨੇ ਕਾਂਗਰਸ ਛੱਡੀ ਹੈ। ਕਾਂਗਰਸ ਦੇ ਦਲਬੀਰ ਸਿੰਘ ਗੋਲਡੀ ਮਿਹਨਤੀ ਨੌਜਵਾਨ ਹੈ ਉਹਨੇ ਦੋ ਵਾਰ ਕਾਂਗਰਸ ਦੀ ਸੀਟ ਤੋਂ ਚੋਣ ਲੜੀ ਸੀ । ਇਸ ਕਰਕੇ ਦੋਵੇਂ ਇੱਕੋ ਵੋਟਰਾਂ ਲਈ ਆਪਸ ਵਿੱਚ ਦੀ ਭਿੜਨਗੇ। ਭਾਜਪਾ ਦਾ ਸੰਗਰੂਰ ਵਿੱਚ ਕੋਈ ਆਧਾਰ ਨਹੀਂ ਹੈ।
ਇਸਦੇ ਉਲਟ ਸ਼੍ਰੋਮਣੀ ਅਕਾਲੀ ਦਲ ਦੀ ਬੀਬੀ ਕਮਲਦੀਪ ਕੌਰ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਵਿਚਕਾਰ ਪੇਚਾ ਹੋਰ ਵੀ ਬੁਰੀ ਤਰ੍ਹਾਂ ਫਸਿਆ ਹੈ। ਦੋਵਾਂ ਦੇ ਨਿਸ਼ਾਨੇ ਇੱਕ ਹਨ। ਵੋਟ ਬੈਂਕ ਇੱਕ ਹੈ। ਦੋਵੇ ਗਰਮ ਖਿਆਲੀ ਉਮੀਦਵਾਰ ਨੇ। ਦੋਹੇਂ ਬੰਦੀ ਸਿੰਘਾਂ ਦੀ ਰਿਹਾਈ ਦੇ ਨਾਂ ‘ਤੇ ਵੋਟਾਂ ਮੰਗਣਗੇ। ਸੰਗਰੂਰ ਦੀ ਵੋਟ ਜਿਹੜੀ ਇੱਕ ਉਮੀਦਵਾਰ ਦੇ ਖਾਤੇ ਵਿੱਚ ਡਿਗਣੀ ਸੀ ਹੁਣ ਦੋ ਥਾਂ ਵੰਡੀ ਜਾਣੀ ਹੈ।
ਇਸ ਨਾਲ ਸਭ ਤੋਂ ਵੱਡੀ ਸੱਟ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਸ਼ੁਰੂ ਕਰਨ ਵਾਲੀ 11 ਮੈਂਬਰੀ ਕਮੇਟੀ ਨੂੰ ਵੱਜਣੀ ਹੈ। ਸੁਖਬੀਰ ਸਿੰਘ ਬਾਦਲ ਸਮੇਤ ਅਕਾਲੀ ਦਲ ਦੇ ਪ੍ਰਚਾਰਕ ਕੀ ਸਿਮਰਨਜੀਤ ਸਿੰਘ ਮਾਨ ਨੂੰ ਵੋਟ ਨਾ ਪਾਉਣ ਲਈ ਕਹਿਣਗੇ। ਉਹ ਮਾਨ ਜਿੰਨਾਂ ਨਾਲ ਰਲ ਕੇ ਲੜਾਈ ਵਿੱਢੀ ਸੀ। ਉਂਝ ਸੁਖਬੀਰ ਸਿੰਘ ਬਾਦਲ ਨੂੰ ਕਮੇਟੀ ਵਿੱਚ ਸ਼ਾਮਲ ਕਰਨ ਵੇਲੇ ਦੀ ਉਂਗਲਾਂ ਉਠਣੀਆਂ ਸ਼ੁਰੂ ਹੋ ਗਈਆਂ ਸਨ। ਦੂਜੇ ਬੰਨੇ ਸੁਖਬੀਰ ਸਿੰਘ ਬਾਦਲ ਦੀ ਆਪਣੇ ਸਾਥੀਆਂ ਸਮੇਤ ਸਿਮਰਨਜੀਤ ਸਿੰਘ ਮਾਨ ਦੇ ਘਰ ਜਾ ਕੇ ਉਨ੍ਹਾਂ ਨਾਲ ਰਲ ਕੇ ਚੋਣ ਲੜਨ ਲਈ ਪ੍ਰੇਰਨਾ ਅਤੇ ਮਗਰੋਂ ਬੀਬੀ ਕਮਲਦੀਪ ਕੌਰ ਨੂੰ ਟਿਕਟ ਦੇ ਦੇਣੀ ਉਨ੍ਹਾਂ ਦੇ ਅਹਿਮਕਾਨਾ ਅਤੇ ਦੂਹਰੇ ਕਿਰਦਾਰ ਨੂੰ ਨੰਗਾ ਕਰਦਾ ਹੈ। ਦਲ ਅੰਦਰਲੇ ਸੂਤਰ ਤਾਂ ਇਹ ਵੀ ਦਾਅਵਾ ਕਰਦੇ ਹਨ ਕਿ ਅਕਾਲੀ ਦਲ ਦਾ ਵਫ਼ਦ ਚਾਹੇ ਮਾਨ ਦੀ ਸਰਦਲ ‘ਤੇ ਜਾ ਖੜ੍ਹਾ ਹੋਇਆ ਪਰ ਕੋਰ ਕਮੇਟੀ ਦੀ ਮੀਟਿੰਗ ਵਿੱਚ ਸਿਹਮਤੀ ਕਿਸੇ ਹੋਰ ਦੇ ਨਾਂ ਦੀ ਬਣ ਚੁੱਕੀ ਸੀ। ਇਹੇ ਵਜ੍ਹਾ ਹੈ ਕਿ ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲ ਕਰਨ ਵੇਲੇ ਸ਼੍ਰੋਮਣੀ ਗੁਰਦੁਆਰੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਅੱਗੇ ਕਰ ਦਿੱਤਾ ਗਿਆ। ਉਸ ਵੇਲੇ ਦੀ ਜਾਰੀ ਤਸਵੀਰ ਵਿੱਚ ਮਾਨ ਦੇ ਚਿਹਰੇ ਦੇ ਮੁਸਕਰਾਹਟ ਅਤੇ ਸੁਖਬੀਰ ਬਾਦਲ ਦੇ ਚਿਹਰੇ ਦੇ ਉੱਡੇ ਤੋਤੇ ਬੜਾ ਕੁਝ ਬੋਲ ਰਹੇ ਸਨ।
ਦੂਜੇ ਬੰਨੇ ਸਿਮਰਨਜੀਤ ਸਿੰਘ ਮਾਨ ਦੀ ਨਾਮਜ਼ਦਗੀ ਪੇਪਰ ਦਾਖਲ ਕਰਨ ਤੋਂ ਬਾਅਦ ਮੀਡੀਆ ਨੂੰ ਕਹੀਆ ਗੱਲਾਂ ਵਿੱਚ ਬੜਾ ਵਜਨ ਆਇਆ, “ ਮੈ ਚੋਣ ਜਿੱਤਣ ਲਈ ਗੱਠਜੋੜ ਦੀ ਨੀਤੀ ਵਿੱਚ ਵਿਸਵਾਸ਼ ਨਹੀਂ ਰੱਖਦਾ। ਜੇ ਸਿੱਖ ਕੌਮ ਚਾਹੇਗੀ ਤਾਂ ਫ਼ਤਵਾ ਮੇਰੇ ਹੱਕ ‘ਚ ਦੇਣਗੇ। ਸੁਖਬੀਰ ਬਾਦਲ ਤਾਂ ਮੇਰੇ ਨਾਲ ਮਜ਼ਾਕ ਕਰਨ ਆਇਆ ਸੀ। ਸੁਖਬੀਰ ਬਾਦਲ ਜਿੰਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਕਿਸੇ ਤਰ੍ਹਾਂ ਦੀ ਕੁਰਬਾਨੀ ਦੇਣ ਦਾ ਲਲਕਾਰਾ ਮਾਰਿਆ ਸੀ ਸੰਗਰੂਰ ਹਲਕੇ ਦੀ ਟਿਕਟ ਬਦਲੇ ਆਪਣੀ ਮੁਹਿੰਮ ਨੂੰ ਢਾਅ ਲਾ ਗਿਆ । ਹੁਣ ਇੰਝ ਵੀ ਲੱਗਣ ਲੱਗਾ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਬਣਾਈ 11 ਮੈਂਬਰੀ ਕਮੇਟੀ ਦੇ ਕਈ ਮੈਂਬਰਾਂ ਵੱਲੋਂ ਸੁਖਬੀਰ ‘ਤੇ ਭਰੋਸਾ ਤੋੜਨ ਦੇ ਲਾਏ ਦੋਸ਼ ਸੱਚ ਤੋਂ ਦੂਰ ਨਹੀਂ ਸਨ। ਸੁਖਬੀਰ ਬਾਦਲ ਦੀ ਇਹ ਇੱਕ ਹੋਰ ਵੱਡੀ ਇਤਿਹਾਸਿਕ ਭੁੱਲ ਹੈ। ਅਕਾਲੀ ਦਲ ਦੀਆਂ ਪੰਜਾਬ ਵਿੱਚ ਉਖੜੀਆਂ ਜੜ੍ਹਾ ਲਾਉਣ ਲਈ ਬਾਦਲਕਿਆਂ ਦੀ ਕੁਰਬਾਨੀ ਤੋਂ ਉਰੇ ਨਹੀਂ ਸਰਨਾ। ਵਧੀਆ ਗੱਲ ਹੋਵੇ ਜੇ ਉਹ ਆਪਣੀ ਪ੍ਰਧਾਨਗੀ ਬੰਦੀ ਸਿੰਘ ਪਰਿਵਾਰਾਂ ਦੇ ਨਾਂ ਲਾ ਦੇਵੇ”।
ਇਸ ਸਥਿਤੀ ਵਿੱਚ ਆਪ ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਆਪ ਹੀ ਮੂਹਰੇ ਨਿਕਲਦੇ ਦਿਸਦੇ ਹਨ। ਉਹ ਪੜੇ ਲਿਖੇ ਅਤੇ ਧਰਤੀ ਨਾਲ ਜੁੜੇ ਇੰਨਸਾਨ ਦੱਸੇ ਜਾਂਦੇ ਹਨ। ਐਮਐਸਬੀ, ਐਮਬੀਏ ਇਹ ਨੌਜਵਾਨ ਪਾਰਟੀ ਦਾ ਅਣਥੱਕ ਵਰਕਰ ਦੇ ਤੌਰ ‘ਤੇ ਜਾਣਿਆ ਜਾਂਦਾ ਹੈ। ਉਂਝ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਸਰਕਾਰ ਦੇ ਜਿਹੜਾ ਗਰਾਫ ਹੇਠਾਂ ਡਿੱਗਿਆ ਸੀ ਇੱਕ ਸਥਾਨਿਕ ਅਤੇ ਆਮ ਵਰਕਰ ਨੂੰ ਟਿਕਟ ਦੇ ਉਹਦੀ ਭਰਭਾਈ ਕਰਨ ਦੀ ਹੰਭਲਾ ਮਾਰਿਆ ਹੈ। ਸਿਆਸਤ ਵਿੱਚ ਕੋਈ ਪਲਟੀ ਕਦੋਂ ਮਾਰ ਜਾਵੇ ਇਹ ਪਤਾ ਨਹੀਂ ਹੁੰਦਾ ਨਾ ਹੀ ਭਰੋਸੇ ਨਾਲ ਕੋਈ ਦਾਅਵਾ ਕੀਤਾ ਜਾ ਸਕਦਾ ਹੈ ਕਿ ਵੋਟਰ ਆਪਣੀ ਮਨ ਨਹੀਂ ਬਦਲਦੇ। ਬੜੀ ਵਾਰ ਹਾਲਾਤ ਵੀ ਕਿਸੇ ਨੂੰ ਅਸਮਾਨ ‘ਤੇ ਪਹੁੰਚਾਅ ਦਿੰਦੇ ਹਨ ਅਤੇ ਦੂਜੇ ਨੂੰ ਸਿਰ ਪਰਨੇ ਧਰਤੀ ‘ਤੇ ਵਗ੍ਹਾ ਮਾਰਦੇ ਹਨ। ਪਿਛਲੀਆਂ ਵਿਧਾਨ ਸਭਾ ਚੋਣਾਂ ਇਹਦਾ ਤਾਜ਼ਾ ਸਬੂਤ ਹਨ। ਉਂਝ ਵੀ ਸਿਆਸਤ ਵਿੱਚ ਨਾ ਕੋਈ ਕਿਸੇ ਦੀ ਪੱਕਾ ਦੁਸ਼ਮਣ ਹੁੰਦਾ ਹੈ ਅਤੇ ਨਾ ਸੱਜਣ। ਸੁਖਬੀਰ ਸਿੰਘ ਬਾਦਲ ਜੇ ਮਨੋ ਬੰਦੀ ਸਿੰਘਾਂ ਦੀ ਰਿਹਾਈ ਲਈ ਛੇੜੀ ਲੜਾਈ ਦੀ ਥਾਂ ਜੁਗਾੜਬੰਦੀ ਨੂੰ ਪਰੇ ਰੱਖਦੇ ਤਾਂ ਪੰਥਕ ਧਿਰਾਂ ਦਾ ਉਮੀਦਵਾਰ ਜੇ ਬਾਜ਼ੀ ਨਾ ਮਾਰਦਾ ਤਾਂ ਫਸਟ ਰਨਰਜ਼ ਅਪ ਜ਼ਰੂਰ ਰਹਿੰਦਾ। ਹਾਲ ਦੀ ਘੜੀ ਲੜਾਈ ਆਪ ਅਤੇ ਕਾਂਗਰਸ ਵਿੱਚ ਬਣ ਸਕਦੀ ਹੈ ਭਾਰਤੀ ਜਨਤਾ ਪਾਰਟੀ ਦੀ ਕਾਂਗਰਸੀ ਅਤੇ ਅਕਾਲੀਆਂ ਨੂੰ ਆਪਣੇ ਬੇੜੇ ‘ਚ ਸਵਾਰ ਕਰਨ ਦਾ ਛੇੜਿਆ ਮਿਸ਼ਨ ਪੰਜਾਬ ਵੀ ਤਸਵੀਰ ਬਦਲ ਸਕਦਾ ਹੈ। ਚਾਹੀਦਾ ਤਾਂ ਇਹ ਸੀ ਕਿ ਸੁਖਬੀਰ ਸਿੰਘ ਬਾਦਲ ਬੰਦੀ ਸਿੰਘਾਂ ਦੀ ਲੜਾਈ ਲਈ ਛੇੜੇ ਸੰਘਰਸ਼ ਨੂੰ ਕੰਢੇ ਲਾਉਣ ਲਈ ਅਜਿਹੀ ਕੁਰਬਾਨੀ ਕਰਦੇ ਕਿ ਉਨ੍ਹਾਂ ‘ਤੇ ਪਹਿਲਾਂ ਲੱਗੇ ਧੱਬੇ ਫਿਕੇ ਪੈ ਜਾਂਦੇ। ਉਹ ਭਲੀ ਭਾਂਤ ਸਮਝ ਵੀ ਚੁੱਕੇ ਹਨ ਕਿ ਪੰਜਾਬ ਦੇ ਲੋਕ ਉਨ੍ਹਾਂ ਨੂੰ ਹਾਸ਼ਿਏ ਤੋਂ ਬਾਹਰ ਕਰਕੇ ਹਾਲੇ ਮੁੜ ਅੰਗਰ ਲਿਆਉਣ ਵਾਸਤੇ ਸੋਚਣ ਤੱਕ ਲਈ ਰਾਜੀ ਨਹੀਂ ਹੈ। ਅਕਾਲੀ ਦਲ ਲਈ ਕੁਰਬਾਨੀਆਂ ਦੇਣ ਵਾਲਾ ਪੰਥ ਅੱਜ ਪੰਥ ਵਾਸਤੇ ਬਾਦਲਕਿਆਂ ਦੀ ਕੁਰਬਾਨੀ ਦੀ ਉਮੀਦ ਰੱਖਦਾ ਹੈ। ਬਾਦਲਕਿਆਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਇਸ ਤੋਂ ਉਰੇ ਪੰਜਾਬੀ ਸਮਝੋਤਾ ਕਰਨ ਲਈ ਤਿਆਰ ਨਹੀਂ ਹਨ। ਅਕਾਲੀ ਦੇ ਕਾਡਰ ਦੀ ਮੰਗ ਵੀ ਇਸ ਤੋਂ ਉਰੇ ਦੀ ਨਹੀਂ ਹੈ।
ਇਸ ਹਲਕੇ ਦੇ ਪਿਛੋਕੜ ‘ਤੇ ਝਾਤ ਮਾਰੀਏ ਤਾਂ ਭਗਵੰਤ ਸਿੰਘ ਮਾਨ ਇੱਥੋਂ ਦੋ ਵਾਰ 2014 ਅਤੇ 2019 ਨੂੰ ਜਿੱਤੇ ਸਨ। ਸਾਲ 2019 ਨੂੰ ਭਗਵੰਤ ਮਾਨ ਨੇ ਸੰਗਰੂਰ ਦੀ ਸੀਟ ਉਦੋਂ ਕੱਢੀ ਸੀ ਜਦੋਂ ਪੂਰੇ ਮੁਲਕ ਵਿੱਚੋਂ ਆਪ ਦਾ ਕੋਈ ਵੀ ਉਮੀਦਵਾਰ ਜਿੱਤ ਨਹੀਂ ਸਕਿਆ ਸੀ। ਭਗਵੰਤ ਮਾਨ ਸਵਾ ਲੱਖ ਬਣ ਕੇ ਪਾਰਲੀਮੈਂਟ ‘ਚ ਗੂੰਜਿਆ। ਭਗਵੰਤ ਮਾਨ ਆਪਣੇ ਵਿਰੋਧੀ ਕੇਵਲ ਸਿੰਘ ਢਿੱਲੋਂ ਤੋਂ 1,10,121 ਵੋਟਾਂ ਦੇ ਫ਼ਰਕ ਨਾਲ ਜਿੱਤੇ ਸਨ। ਭਗਵੰਤ ਮਾਨ ਨੂੰ 4,13561 ਵੋਟ ਮਿਲੇ ਸਨ। ਸੰਗਰੂਰ ਲੋਕ ਸਭਾ ਹਲਕੇ ਵਿੱਚ 1,251,401 ਵੋਟਰ ਹਨ। ਇੰਨਾਂ ਵਿੱਚੋਂ 660, 912 ਪੁਰਸ਼ ਅਤੇ 590.480 ਮਹਿਲਾ ਵੋਟਰ ਹਨ। ਸੱਤ ਵਿਧਾਨ ਸਭਾ ਹਲਕਿਆਂ ਵਿੱਚ 1412 ਪੋਲਿੰਗ ਸਟੇਸ਼ਨ ਦੱਸੇ ਜਾਂਦੇ ਹਨ। ਭਗਵੰਤ ਮਾਨ ਤੋਂ ਪਹਿਲਾਂ ਇਸ ਹਲਕੇ ਤੋਂ ਸੁਖਦੇਵ ਸਿੰਘ ਢੀਂਡਸਾ, ਸੁਰਜੀਤ ਸਿੰਘ ਬਰਨਾਲਾ, ਸਿਮਰਨਜੀਤ ਸਿੰਘ ਮਾਨ ਅਤੇ ਗੁਰਚਰਨ ਸਿੰਘ ਦੱਦਾਹੂਰ ਵੀ ਚੋਣ ਜਿੱਤਦੇ ਰਹੇ ਹਨ।
ਸੰਪਰਕ – 98147-34035