Punjab

ਸ਼੍ਰੋਮਣੀ ਅਕਾਲੀ ਦਲ ਹਮਾਇਤ ਨਹੀਂ ਸਗੋਂ ਮਜ਼ਾਕ ਕਰਨ ਆਏ ਸਨ : ਸਿਮਰਨਜੀਤ ਮਾਨ

ਦ ਖ਼ਾਲਸ ਬਿਊਰੋ : ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਪਾਰਟੀ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਨਾਮਜ਼ਦਗੀ ਪੱਤਰ ਦਾਖਲ ਕਰਨ ਮਗਰੋਂ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਲੰਘੀ ਰਾਤ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂ ਉਨ੍ਹਾਂ ਦੀ ਹਮਾਇਤ ਨਹੀਂ ਆਏ ਸਗੋਂ ਮਜ਼ਾਕ ਕਰਨ ਲਈ ਆਏ ਸਨ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਐੱਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਹੋਰ ਆਗੂ ਉਨ੍ਹਾਂ ਨਾਲ ਸੰਗਰੂਰ ਸੰਸਦੀ ਹਲਕੇ ਦੀ ਜ਼ਿਮਨੀ ਚੋਣ ਦੇ ਸਬੰਧ ਵਿਚ ਮਿਲਣ ਲਈ ਆਏ ਸਨ ਜਿਨ੍ਹਾਂ ਵੱਲੋਂ ਚੋਣ ਮੈਦਾਨ ’ਚ ਸਾਂਝੇ ਤੌਰ ’ਤੇ ਕਿਸੇ ਬੰਦੀ ਸਿੰਘ ਨੂੰ ਉਮੀਦਵਾਰ ਐਲਾਨਣ ਬਾਰੇ ਆਪਣਾ ਪ੍ਰਸਤਾਵ ਉਨ੍ਹਾਂ ਕੋਲ ਰੱਖਿਆ ਸੀ।

ਮਾਨ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਰੱਖੇ ਪ੍ਰਸਤਾਵ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਉਹ ਤਾਂ ਖੁਦ ਬੰਦੀ ਸਿੰਘ ਹਨ ਅਤੇ ਜੇਲ੍ਹਾਂ ਕੱਟ ਚੁੱਕੇ ਹਨ। ਇਸ ਲਈ ਦੇਸ਼ ਦੀ ਸੰਸਦ ਵਿਚ ਬੰਦੀ ਸਿੰਘਾਂ ਦੀ ਆਵਾਜ਼ ਉਨ੍ਹਾਂ ਤੋਂ ਵਧੀਆ ਹੋਰ ਕੌਣ ਚੁੱਕ ਸਕਦਾ ਹੈ।ਮਾਨ ਨੇ ਕਿਹਾ ਕਿ ਉਨ੍ਹਾਂ ਵੱਲੋਂ ਸ਼ੋ੍ਮਣੀ ਅਕਾਲੀ ਦਲ ਵਾਲਿਆਂ ਨੂੰ ਕਿਹਾ ਕਿ ਜੇਕਰ ਉਹ ਬੰਦੀ ਸਿੰਘਾਂ ਨੂੰ ਹੀ ਤਰਜੀਹ ਦੇਣ ਦੀ ਗੱਲ ਕਰਦੇ ਹਨ ਤਾਂ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਵੀ ਬੰਦੀ ਸਿੰਘਾਂ ਵਿਚੋਂ ਐਲਾਨਿਆ ਜਾਵੇ। ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਜਾਪਦਾ ਹੈ ਕਿ ਅਕਾਲੀ ਦਲ ਵਾਲੇ ਉਨ੍ਹਾਂ ਦੀ ਹਮਾਇਤ ਕਰਨ ਲਈ ਨਹੀਂ ਆਏ ਸਨ ਸਗੋਂ ਉਨ੍ਹਾਂ ਨਾਲ ਮਜ਼ਾਕ ਕਰਨ ਆਏ ਸਨ।