Punjab

ਅਕਾਲੀ ਦਲ ਨੇ ਦੁਬਾਰਾ ਖੜਕਾਇਆ ਭਾਈ ਰਾਜੋਆਣਾ ਦੀ ਭੈਣ ਦਾ ਬੂਹਾ

‘ਦ ਖਾਲਸ ਬਿਊਰੋ:ਸ਼੍ਰੋਮਣੀ ਅਕਾਲੀ ਦਲ ਦੇ ਵਫ਼ਦ ਨੇ ਅੱਜ ਫਾਂਸੀ ਦੀ ਸਜ਼ਾ ਯਾਫ਼ਤਾ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਦਾ ਦੂਜੀ ਵਾਰ ਜਾ ਬੂਹਾ ਖੜਕਾਇਆ ਹੈ। ਦਲ ਦੇ ਵਫ਼ਦ ਨੇ ਉਨ੍ਹਾਂ ਨੂੰ ਸੰਗਰੂਰ ਤੋਂ ਲੋਕ ਸਭਾ ਦੀ ਜ਼ਿਮਣੀ ਚੋਣ ਲੜਨ ਦੀ ਪੇਸ਼ਕਸ਼ ਕੀਤੀ ਹੈ। ਭਾਈ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੇ ਆਪਣੇ ਭਰਾ ਨਾਲ ਸਲਾਹ ਕਰਕੇ ਫੈਸਲਾ ਦੇਣ ਦਾ ਭਰੋਸਾ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਅਕਾਲੀ ਦਲ ਦੇ ਵਫ਼ਦ ਵੱਲੋਂ ਬੀਬੀ ਕਮਲਦੀਪ ਕੌਰ ਨੇ ਮੁਲਾਕਾਤ ਕਰਕੇ ਚੋਣ ਲੜਨ ਲਈ ਪ੍ਰੇਰਿਆ ਗਿਆ ਸੀ।

ਲੰਘੇ ਕੱਲ੍ਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸਿਮਰਨਜੀਤ ਸਿੰਘ ਮਾਨ ਨਾਲ ਮੁਲਾਕਾਤ ਕਰਕੇ ਸੰਗਰੂਰ ਤੋਂ ਟਿਕਟ ਬੰਦੀ ਸਿੰਘਾਂ ਦੇ ਪਰਿਵਾਰ ਨੂੰ ਦੇਣ ਬਾਰੇ ਵਿਚਾਰ ਵਿਟਾਂਦਰਾ ਕੀਤਾ ਗਿਆ ਸੀ। ਪਤਾ ਲੱਗਾ ਹੈ ਕਿ ਮਾਨ ਨੇ ਵਫ਼ਦ ਨਾਲ ਰਜ਼ਾਮੰਦੀ ਪ੍ਰਗਟਾਈ ਹੈ ਹਾਲਾਂਕਿ ਉਹ ਆਪਣੇ ਆਪ ਨੂੰ ਸੰਗਰੂਰ ਤੋਂ ਉਮੀਦਵਾਰ ਵਜੋਂ ਐਲਾਨ ਕਰ ਚੁੱਕੇ ਹਨ।

ਬੀਬੀ ਕਮਲਦੀਪ ਕੌਰ ਨਾਲ ਮੁਲਾਕਾਤ ਕਰਨ ਵੇਲੇ ਅਕਾਲੀ ਦਲ ਦੇ ਸੀਨੀਅਰ ਨੇਤਾ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਬੰਦੀ ਸਿੰਘਾਂ ਨਾਲ ਲੰਬੇ ਸਮੇਂ ਤੋਂ ਜ਼ਿਆਦਤੀ ਹੋ ਰਹੀ ਹੈ। ਇੱਕ ਪਾਸੇ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਛੱਡ ਦਿੱਤਾ ਗਿਆ ਹੈ ਦੂਜੇ ਪਾਸੇ ਬੰਦੀ ਸਿੰਘਾਂ ਨੂੰ ਪੈਰੋਲ ਉੱਤੇ ਵੀ ਬਾਹਰ ਨਹੀਂ ਨਿਕਲਣ ਦਿੱਤਾ ਜਾ ਰਿਹਾ। ਪਿਛਲੇ ਦਿਨੀਂ ਵੱਖ ਵੱਖ ਪੰਥਕ ਜਥੇਬੰਦੀਆਂ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਇੱਕ 11 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ ਅਤੇ ਸਮਝਿਆ ਜਾ ਰਿਹਾ ਹੈ ਕਿ ਬੰਦੀ ਸਿੰਘਾਂ ਦੇ ਪਰਿਵਾਰ ਵਿੱਚੋਂ ਉਮੀਦਵਾਰ ਖੜਾ ਕਰਨ ਦੀ ਸੂਰਤ ਵਿੱਚ ਕਮੇਟੀ ਵਿੱਚ ਸ਼ਾਮਿਲ ਸਾਰੀਆਂ ਧਿਰਾਂ ਬਿਨਾਂ ਸ਼ਰਤ ਹਮਾਇਤ ਦੇਣਗੀਆਂ।

ਮਲੂਕਾ ਨੇ ਪ੍ਰੋ.ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦਾ ਮਾਮਲਾ ਵੀ ਉਠਾਇਆ। ਉਨ੍ਹਾਂ ਨੇ ਕਿਹਾ ਕਿ ਪ੍ਰੋ.ਭੁੱਲਰ ਦੀ ਸਜ਼ਾ ਸੁਪਰੀਮ ਕੋਰਟ ਵੱਲੋਂ ਮੁਆਫ਼ ਕਰ ਦਿੱਤੀ ਗਈ ਹੈ ਪਰ ਦਿੱਲੀ ਸਰਕਾਰ ਵੱਲੋਂ ਅੜਿੱਕਾ ਡਾਹੁਣ ਕਰਕੇ ਉਹ ਜੇਲ੍ਹ ਤੋਂ ਬਾਹਰ ਨਹੀਂ ਆ ਸਕੇ।

ਬੀਬੀ ਕਮਲਦੀਪ ਕੌਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਫ਼ਦ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਉਹ ਆਪਣੇ ਭਰਾ ਭਾਈ ਰਾਜੋਆਣਾ ਨਾਲ ਮੁਲਾਕਾਤ ਕਰਕੇ ਚੋਣਾਂ ਲੜਨ ਸਬੰਧੀ ਫੈਸਲਾ ਲੈਣਗੇ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਬੰਦੀ ਸਿੰਘਾਂ ਦੀ ਰਿਹਾਈ ਲਈ ਬਹੁਤ ਵੱਡਾ ਬਲ ਮਿਲੇਗਾ।

ਬੀਬੀ ਕਮਲਦੀਪ ਕੌਰ ਨੇ ਪਹਿਲਾਂ ਇਨਕਾਰ ਕਰਨ ਬਾਰੇ ਦੱਸਿਆ ਕਿ ਪਹਿਲਾਂ ਉਨ੍ਹਾਂ ਦਾ ਪਰਿਵਾਰ ਚੋਣਾਂ ਲੜਨ ਦੇ ਅਸਮਰੱਥ ਸੀ ਪਰ ਹੁਣ ਜਦੋਂ ਸ਼੍ਰੋਮਣੀ ਅਕਾਲੀ ਦਲ ਸਾਡਾ ਸਾਥ ਦੇ ਰਿਹਾ ਹੈ ਤਾਂ ਉਹ ਰਾਜੋਆਣਾ ਵੀਰ ਜੀ ਨਾਲ ਗੱਲ ਕਰਕੇ ਕੋਈ ਫੈਸਲਾ ਲਵਾਂਗੇ।

ਮਲੂਕਾ ਨੇ ਸਾਰਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਹ ਮੁੱਦਾ ਸਾਰਿਆਂ ਦਾ ਇਕੱਠਾ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਇਕੱਠਾ ਹੋ ਕੇ ਚੱਲਣ ਦੀ ਜ਼ਰੂਰਤ ਹੈ।